ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ, ਦੀਪਕ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਜ਼ਿਲਾ ਗੁਰਦਾਸਪੁਰ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਅਤੇ ਮੰਗਾਂ ਲਾਗੂ ਨਾ ਕਰਨ ਦੇ ਰੋਸ 'ਚ ਸਥਾਨਕ ਨਹਿਰੂ ਪਾਰਕ ਵਿਖੇ ਵਿਸ਼ਾਲ ਰੈਲੀ ਕਰ ਕੇ ਰੋਸ ਮੁਜ਼ਾਹਰਾ ਕੀਤਾ। ਇਸ ਉਪਰੰਤ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਂ 'ਤੇ ਡੀ. ਸੀ. ਨੂੰ ਮੰਗ-ਪੱਤਰ ਸੌਂਪਿਆ। ਇਸ ਧਰਨੇ ਦੀ ਪ੍ਰਧਾਨਗੀ ਜਸਵੰਤ ਸਿੰਘ ਬੁੱਟਰ, ਸੰਤੋਖ ਸਿੰਘ ਔਲਖ, ਮੱਖਣ ਕੋਹਾੜ ਅਤੇ ਗੁਰਦਿਆਲ ਘੁਮਾਣ ਨੇ ਸਾਂਝੇ ਤੌਰ 'ਤੇ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ, ਸੂਬਾ ਕਮੇਟੀ ਮੈਂਬਰ ਕਾਮਰੇਡ ਨੀਲਮ ਘੁਮਾਣ, ਕਾਮਰੇਡ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਦੇਸ਼ ਅੰਦਰ ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਘੱਟ ਗਿਣਤੀਆਂ ਉਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਲੋਕ ਅਤੇ ਦੇਸ਼ ਵਿਰੋਧੀ ਹੈ ਅਤੇ ਇਸ ਬਜਟ ਨਾਲ ਗ਼ਰੀਬ ਲੋਕਾਂ ਨੂੰ ਰਾਹਤ ਮਿਲਣ ਦੀ ਬਜਾਏ ਉਨ੍ਹਾਂ 'ਤੇ ਵਾਧੂ ਆਰਥਕ ਬੋਝ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਅਤੇ ਕੈਪਟਨ ਸਰਕਾਰ ਵੱਲੋਂ ਪਹਿਲਾਂ ਲੱਗੇ 800 ਪਲਾਂਟ ਬੰਦ ਕਰ ਕੇ ਬੇਰੋਜ਼ਗਾਰੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅੱਜ ਵੀ ਹਰ ਤਰ੍ਹਾਂ ਦੇ ਮਾਫ਼ੀਏ ਦਾ ਗੁੰਡਾ ਰਾਜ ਸਥਾਪਤ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰੇ, ਬੇ-ਜ਼ਮੀਨੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਬਣਾਉਣ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਵੱਧ ਰਹੇ ਸਮਾਜਕ ਜਬਰ ਨੂੰ ਨੱਥ ਪਾਈ ਜਾਵੇ, ਹਰ ਘਰ ਵਿਚ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ, ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਜਨਤਕ ਵੰਡ ਪ੍ਰਣਾਲੀ ਰਾਹੀਂ ਲੋੜਵੰਦਾਂ ਨੂੰ ਸਸਤਾ ਅਨਾਜ ਦਿੱਤਾ ਜਾਵੇ, ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਇਸ ਤੋਂ ਇਲਾਵਾ ਨਸ਼ਿਆਂ 'ਤੇ ਰੋਕ ਲਾਈ ਜਾਵੇ, ਕਿਰਤ ਕਾਨੂੰਨਾਂ ਦੀ ਉਜਰਤ ਘੱਟੋ-ਘੱਟ 18 ਹਜ਼ਾਰ ਰੁਪਏ ਕੀਤੀ ਜਾਵੇ, ਵਿੱਦਿਆ ਦਾ ਵਪਾਰੀਕਰਨ ਤੇ ਫਿਰਕੂਕਰਨ ਬੰਦ ਕੀਤਾ ਜਾਵੇ, ਲੋੜਵੰਦਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾਣ, ਨਾਜਾਇਜ਼ ਮਾਈਨਿੰਗ ਬੰਦ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਇਕ ਮਤਾ ਪਾਸ ਕਰ ਕੇ 2 ਅਪ੍ਰੈਲ ਦੇ ਭਾਰਤ ਬੰਦ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਅਵਤਾਰ ਸਿੰਘ, ਦਰਸ਼ਨ ਸਿੰਘ, ਸੁਰਜੀਤ ਘੁਮਾਣ, ਕਰਮ ਸਿੰਘ ਵਰਸਾਨ ਚੱਕ, ਜਗੀਰ ਸਿੰਘ ਸਲਾਚ, ਗੁਰਦੇਵ ਸਿੰਘ ਭੁੱਲਰ, ਪ੍ਰਕਾਸ਼ ਸਿੰਘ ਕਾਹਨੂੰਵਾਨ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY