ਬਾਘਾਪੁਰਾਣਾ, (ਚਟਾਨੀ)- ਇਕ ਸਾਲ ਅੰਦਰ ਦੋ ਵਾਰ ਬਿਜਲੀ ਤਾਰਾਂ, ਟਰਾਂਸਫਾਰਮਰਾਂ ਅਤੇ ਬਿਜਲੀ ਸਪਲਾਈ ਸਬੰਧੀ ਹੋਰਨਾਂ ਨੁਕਸਾਂ ਨੂੰ ਦਰੁਸਤ ਕੀਤੇ ਜਾਣ ਦੇ ਬਾਵਜੂਦ ਪਾਵਰ ਕਾਰਪੋਰੇਸ਼ਨ ਦਾ ਪਰਨਾਲਾ ਉਥੇ ਦਾ ਉਥੇ ਹੀ ਹੈ। ਤਰ੍ਹਾਂ-ਤਰ੍ਹਾਂ ਦੀਆਂ ਗੰਭੀਰ ਦਿੱਕਤਾਂ ਨਾਲ ਦੋ ਹੱਥ ਹੁੰਦੇ ਆ ਰਹੇ ਲੋਕਾਂ ਦੀਆਂ ਇਸ ਸਬੰਧੀ ਸ਼ਿਕਾਇਤਾਂ ਉਪਰ ਭੋਰਾ ਭਰ ਵੀ ਅਮਲ ਨਾ ਹੋਇਆ ਹੋਣ ਕਰ ਕੇ ਉਨ੍ਹਾਂ 'ਚ ਡਾਢਾ ਰੋਹ ਦਿਖਾਈ ਦੇ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਿੱਤ ਦਿਨ ਮੁਰੰਮਤ ਦੇ ਨਾਂ ਉਪਰ ਸਾਰਾ-ਸਾਰਾ ਦਿਨ ਬਿਜਲੀ ਸਪਲਾਈ ਤਾਂ ਠੱਪ ਕਰ ਦਿੱਤੀ ਜਾਂਦੀ ਹੈ, ਪਰ ਮੁਰੰਮਤ ਦੇ ਬਾਵਜੂਦ ਸਮੱਸਿਆਵਾਂ ਦਾ ਪਹਾੜ ਲੋਕਾਂ ਦੇ ਸਿਰ ਉਪਰ ਜਿਵੇਂ ਦਾ ਤਿਵੇਂ ਬਰਕਰਾਰ ਹੈ। ਮੋਟੀਆਂ ਤਾਰਾਂ ਦੇ ਜਾਲ ਗਲੀਆਂ-ਬਾਜ਼ਾਰਾਂ 'ਚ ਲੋਕਾਂ ਦੇ ਸਿਰਾਂ ਨਾਲ ਛੂੰਹਦੇ ਆਮ ਵੇਖੇ ਜਾ ਸਕਦੇ ਹਨ। ਖਸਤਾ ਹਾਲਤ ਖੰਭੇ ਤਾਰਾਂ ਦਾ ਬੋਝ ਸਹਾਰਨ ਤੋਂ ਮੁਨਕਰ ਹੋਏ ਖੜ੍ਹੇ ਹਨ, ਜੋ ਹੁਣ ਲਗਾਤਾਰ ਟੇਢੇ ਹੁੰਦੇ ਜਾ ਰਹੇ ਹਨ।
ਅਜਿਹੇ ਖੰਭਿਆਂ ਦੇ ਡਿੱਗਣ ਦਾ ਖਤਰਾ ਰਾਹਗੀਰਾਂ ਦੇ ਸਿਰ ਉਪਰ ਨਿਰੰਤਰ ਮੰਡਰਾਅ ਰਿਹਾ ਹੈ। ਟਰਾਂਸਫਾਰਮਰਾਂ ਉਪਰ ਲੱਗੇ ਸਵਿੱਚਾਂ ਦੀ ਹਾਲਤ ਵੀ ਕਾਫੀ ਖਸਤਾ ਹੈ। ਬਹੁਤੇ ਸਵਿੱਚ ਅਜਿਹੇ ਹਨ, ਜਿਨ੍ਹਾਂ ਨੂੰ ਬੰਦ ਕਰਨ ਵੇਲੇ ਸਮੁੱਚੇ ਸਵਿੱਚ ਹੀ ਸਪਾਰਕ ਕਰ ਜਾਂਦੇ ਹਨ। ਮੁਰੰਮਤ ਕਰਨ ਵਾਲੇ ਵਿੰਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਿਰਫ ਇਕ ਟਰਾਂਸਫਾਰਮਰ ਉਪਰਲੀ ਸਪਲਾਈ ਨੂੰ ਬੰਦ ਕਰਨਾ ਹੁਣ ਇਸੇ ਕਰ ਕੇ ਹੀ ਅਸੰਭਵ ਬਣ ਚੁੱਕਾ ਹੈ। ਉਮਰ ਪੂਰੀ ਕਰ ਚੁੱਕੀਆਂ ਤਾਰਾਂ ਅਤੇ ਥਾਂ-ਥਾਂ ਨੰਗੇ ਜੋੜ ਨਾ ਸਿਰਫ ਆਮ ਲੋਕਾਂ ਲਈ ਖਤਰਾ ਹਨ, ਸਗੋਂ ਅਜਿਹੀਆਂ ਖਸਤਾ ਹਾਲਤ ਤਾਰਾਂ ਮੁਰੰਮਤ ਕਰਨ ਵਾਲੇ ਬਿਜਲੀ ਕਰਮਚਾਰੀਆਂ ਦੀ ਜ਼ਿੰਦਗੀ ਲਈ ਵੀ ਖਤਰਾ ਹਨ। ਮੀਟਰਾਂ ਵਾਲੇ ਬਕਸਿਆਂ ਦੀ ਵਿਗੜੀ ਹਾਲਤ ਵੀ ਮੁਸ਼ਕਲਾਂ ਦੇ ਰਾਹ ਖੋਲ੍ਹ ਰਹੀ ਹੈ।
ਖੁੱਲ੍ਹੇ ਪਏ ਬਕਸਿਆਂ 'ਚੋਂ ਲਟਕਦੀਆਂ ਤਾਰਾਂ ਨਾਲ ਸਕੂਲੀ ਬੱਚੇ ਖਿਡੌਣਿਆਂ ਵਾਂਗ ਖੇਡਦੇ ਰਹਿੰਦੇ ਹਨ, ਜਦਕਿ ਪਸ਼ੂ ਅਜਿਹੇ ਬਕਸਿਆਂ ਨਾਲ ਖਹਿ-ਖਹਿ ਕੇ ਲੰਘਦੇ ਹੋਏ ਆਪਣੀ ਜ਼ਿੰਦਗੀ ਜੋਖਮ 'ਚ ਪਾ ਰਹੇ ਹਨ। ਸੜਕਾਂ ਦੇ ਕਿਨਾਰਿਆਂ ਉਪਰ ਜ਼ਮੀਨ ਉਪਰ ਲੱਗੇ ਟਰਾਂਸਫਾਰਮਰਾਂ ਬਾਰੇ ਭਾਵੇਂ ਕਈ ਵਾਰ ਅਖਬਾਰੀ ਅਤੇ ਜ਼ੁਬਾਨੀ ਬੇਨਤੀਆਂ ਰਾਹੀਂ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਇਕ-ਦੋ ਟਰਾਂਸਫਾਰਮਰਾਂ ਨੂੰ ਉਪਰ ਚੁੱਕ ਕੇ ਲਾਉਣ ਤੋਂ ਬਾਅਦ ਬਾਕੀ ਅਜਿਹੇ ਟਰਾਂਸਫਾਰਮਰਾਂ ਵੱਲ ਅਧਿਕਾਰੀਆਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹੀ ਕਾਰਨ ਹੈ ਕਿ ਕਿਨਾਰਿਆਂ ਉਪਰ ਲੱਗੇ ਅਜਿਹੇ ਟਰਾਂਸਫਾਰਮਰਾਂ ਨਾਲ ਸੜਕ 'ਤੇ ਜਾਂਦੇ ਵਾਹਨ ਕਈ ਵਾਰ ਟਕਰਾਏ ਹਨ। ਇਹ ਵੀ ਪਤਾ ਲੱਗਾ ਹੈ ਕਿ ਖੰਭਿਆਂ ਅਤੇ ਟਰਾਂਸਫਾਰਮਰਾਂ ਨਾਲ ਟਕਰਾਉਣ ਵਾਲੇ ਵਾਹਨ ਚਾਲਕਾਂ ਤੋਂ ਪਾਵਰ ਕਾਰਪੋਰੇਸ਼ਨ ਹਰਜਾਨੇ ਦੇ ਤੌਰ 'ਤੇ ਮੋਟੀਆਂ ਰਕਮਾਂ ਦੀ ਵਸੂਲੀ ਵੀ ਕਰਦਾ ਹੈ, ਜਦਕਿ ਟਰਾਂਸਫਾਰਮਰਾਂ ਅਤੇ ਖੰਭਿਆਂ ਦੀ ਬੇਤਰਤੀਬੀ ਲਈ ਪਾਵਰ ਕਾਰਪੋਰੇਸ਼ਨ ਹੀ ਜ਼ਿੰਮੇਵਾਰ ਹੈ।
ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀਆਂ ਅਣਗਹਿਲੀਆਂ ਦਾ ਖਮਿਆਜ਼ਾ ਭੁਗਤਦੇ ਆ ਰਹੇ ਖਪਤਕਾਰਾਂ ਨੇ ਨਿਗਰਾਨ ਇੰਜੀਨੀਅਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰਲੀਆਂ ਅਜਿਹੀਆ ਸਮੱਸਿਆਵਾਂ ਤੋਂ ਨਿਜਾਤ ਦੁਆਉਣ ਲਈ ਬਿਨਾਂ ਦੇਰੀ ਸੰਜੀਦਾ ਉਪਰਾਲੇ ਕੀਤੇ ਜਾਣ, ਤਾਂ ਜੋ ਉਨ੍ਹਾਂ ਨੂੰ ਨਿਰੰਤਰ ਬਿਜਲੀ ਸਪਲਾਈ ਮਿਲ ਸਕੇ।
ਕੀ ਕਹਿਣਾ ਹੈ ਐਕਸੀਅਨ ਦਾ : ਬਾਘਾਪੁਰਾਣਾ ਡਵੀਜ਼ਨ ਦਾ ਐਕਸੀਅਨ ਵਜੋਂ ਵਾਧੂ ਚਾਰਜ ਸੰਭਾਲ ਰਹੇ ਇੰਜੀਨੀਅਰ ਅਮਰਜੀਤ ਸਿੰਘ ਨੇ ਉਕਤ ਸਾਰੀਆਂ ਸਮੱਸਿਆਵਾਂ ਬਾਰੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਅਜਿਹਾ ਕੁਝ ਵੀ ਵਿਸਥਾਰ 'ਚ ਨਹੀਂ ਹੈ, ਕਿਉਂਕਿ ਉਨ੍ਹਾਂ ਕੋਲ ਜ਼ੀਰਾ ਡਵੀਜ਼ਨ ਦਾ ਹੀ ਪੂਰਾ ਕਾਰਜਭਾਰ ਹੈ, ਪਰ ਜੇਕਰ ਫਿਰ ਵੀ ਸਮੱਸਿਆਵਾਂ ਨਾਲ ਜੂਝਦੇ ਲੋਕ ਲਿਖਤੀ ਤੌਰ 'ਤੇ ਸ਼ਿਕਾਇਤ ਕਰਨ ਤਾਂ ਉਹ ਜ਼ਰੂਰ ਕਾਰਵਾਈ ਕਰਨਗੇ। ਮੁੱਦਕੀ ਸੜਕ, ਨਿਹਾਲ ਸਿੰਘ ਵਾਲਾ ਰੋਡ, ਮੁਗਲੂ ਪੱਤੀ ਅਤੇ ਵੱਖ-ਵੱਖ ਦਲਿਤ ਬਸਤੀਆਂ ਦੇ ਲੋਕਾਂ ਨੇ ਤਾਰਾਂ ਦੇ ਨੀਵੇਂ ਹੋਣ, ਮੀਟਰ ਬਕਸੇ ਖੁੱਲ੍ਹੇ ਹੋਣ, ਤਾਰਾਂ ਦੀ ਬੇਹੱਦ ਖਸਤਾ ਹਾਲਤ ਅਤੇ ਜ਼ਮੀਨ ਉਪਰ ਲੱਗੇ ਟਰਾਂਸਫਾਰਮਰਾਂ ਦੇ ਤੁਰੰਤ ਹੱਲ ਦੀ ਮੰਗ ਕੀਤੀ ਹੈ।
ਨਗਰ 'ਚ ਬੱਸ ਚਾਲਕਾਂ ਦੀ ਦਬੰਗਈ, ਰੈੱਡ ਲਾਈਟ ਸਿਗਨਲ 'ਤੇ ਨਹੀਂ ਰੋਕਦੇ ਬੱਸਾਂ
NEXT STORY