ਬੁਢਲਾਡਾ (ਬਾਂਸਲ) : ਪੰਜਾਬ 'ਚ ਇਸ ਸਮੇਂ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਬੱਚਿਆਂ, ਬਜ਼ੁਰਗਾਂ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ ਲੋਕਾਂ ਲਈ ਔਖਾ ਹੋ ਗਿਆ ਹੈ। ਅਜਿਹੇ 'ਚ ਠੰਡ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਐਡਵਾਈਜ਼ੀ ਜਾਰੀ ਕੀਤੀ ਗਈ ਹੈ। ਬੀਤੀ ਸਵੇਰ ਤੋਂ ਹੋਈ ਬੂੰਦਾਬਾਂਦੀ ਕਾਰਨ ਠੰਡ ਦਾ ਅਸਰ ਅੱਗੇ ਨਾਲੋਂ ਵੱਧ ਗਿਆ ਹੈ। ਠੰਡ ਵੱਧਣ ਨਾਲ ਖ਼ਾਂਸੀ, ਜ਼ੁਕਾਮ ਅਤੇ ਬੁਖ਼ਾਰ ਤੋਂ ਇਲਾਵਾ ਵਾਇਰਸ ਆਦਿ ਦੀਆਂ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਵੱਧ ਗਿਆ ਹੈ। ਸਿਹਤ ਵਿਭਾਗ ਵੱਲੋਂ ਵੱਧ ਰਹੀ ਠੰਡ ਦੇ ਮੱਦੇਨਜ਼ਰ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਨ੍ਹਾਂ ਦਿਨਾਂ 'ਚ ਆਪਣਾ ਖ਼ਾਸ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਹੈ। ਦਿਲ ਦੇ ਰੋਗੀਆਂ ਨੂੰ ਵੀ ਆਪਣਾ ਧਿਆਨ ਰੱਖਣ ਦੀ ਲੋੜ ਹੈ। ਜਾਣਕਾਰੀ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਸੁੱਕੀ ਠੰਡ ਕਾਰਨ ਬੀਮਾਰੀਆਂ ਦੀ ਲਪੇਟ 'ਚ ਕਾਫੀ ਲੋਕ ਆ ਰਹੇ ਸਨ ਪਰ ਹੁਣ ਬੂੰਦਾਂਬੰਦੀ ਕਾਰਨ ਮੌਸਮ 'ਚ ਆਏ ਬਦਲਾਅ ਦੇ ਮੱਦੇਨਜ਼ਰ ਖ਼ਾਂਸੀ, ਜ਼ੁਕਾਮ, ਬੁਖ਼ਾਰ, ਨਿਮੋਨੀਆ, ਅਸਥਮਾ ਅਤੇ ਵਾਇਰਸ ਆਦਿ ਬੀਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ। ਇਸ ਤੋਂ 2 ਦਿਨ ਪਹਿਲਾਂ ਭਾਰਤ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਪਰ ਹੁਣ ਬਰਸਾਤ ਦੇ ਨਾਲ ਮੌਸਮ 'ਚ ਫੈਲੇ ਪ੍ਰਦੂਸ਼ਣ ਦਾ ਮਿਆਰ ਵੀ ਕਾਫੀ ਹੇਠਾਂ ਚਲਾ ਗਿਆ ਹੈ। ਇਨ੍ਹਾਂ ਦਿਨਾਂ 'ਚ ਠੰਡ ਵੱਧਣ ਦੇ ਕਾਰਨ ਉਕਤ ਬੀਮਾਰੀਆਂ ਤੋਂ ਇਲਾਵਾ ਦਿਲ ਦੇ ਰੋਗੀਆਂ ਨੂੰ ਵੀ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤ ਤੋਂ ਬਾਅਦ ਬਜ਼ੁਰਗ ਅਤੇ ਬੱਚੇ ਦੋਹਾਂ ਦੀ ਹੀ ਸਿਹਤ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਉਹ ਬਹੁਤ ਜਲਦ ਠੰਡ ਲੱਗਣ ਕਾਰਨ ਬੀਮਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬੀਓ! Full ਕਰਾ ਲਓ ਟੈਂਕੀਆਂ, ਖ਼ਰੀਦ ਲਓ ਸਬਜ਼ੀਆਂ, ਭਲਕੇ ਹੋ ਜਾਣਾ ਬੇਹੱਦ ਔਖਾ
ਠੰਡ ਦੇ ਮੌਸਮ 'ਚ ਇੰਝ ਕਰੋ ਬਚਾਅ
ਅਜਿਹੇ ਮੌਸਮ 'ਚ ਬਿਨਾਂ ਕੰਮ ਤੋਂ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ। ਛੋਟੇ ਬੱਚਿਆਂ ਨੂੰ ਨਿੱਘ 'ਚ ਰੱਖਣਾ ਚਾਹੀਦਾ ਹੈ, ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ, ਸਿਰ ਅਤੇ ਪੈਰਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਕੇ ਰੱਖਣਾ ਚਾਹੀਦਾ ਹੈ ਅਤੇ ਖ਼ਾਂਸੀ, ਜ਼ੁਕਾਮ, ਦਸਤ, ਉਲਟੀ ਜਾਂ ਬੁਖ਼ਾਰ ਹੋਣ 'ਤੇ ਤੁਰੰਤ ਮਾਹਿਰ ਡਾਕਟਰਾਂ ਕੋਲ ਜਾਣਾ ਚਾਹੀਦਾ ਹੈ। ਬੰਦ ਕਮਰੇ 'ਚ ਅੰਗੀਠੀ ਨਾ ਬਾਲੋ, ਕਿਉਂਕਿ ਇਸ ਨਾਲ ਕਾਰਬਨ ਮੋਨੋਅਕਸਾਈਡ ਗੈਸ ਪੈਦਾ ਹੁੰਦੀ ਹੈ, ਜੋ ਕਿ ਜਾਨਲੇਵਾ ਸਾਬਤ ਹੋ ਸਕਦੀ ਹੈ। ਸਰਦੀ 'ਚ ਆਪਣੀ ਖ਼ੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਮੇਂ-ਸਮੇਂ 'ਤੇ ਗਰਮ ਤਰਲ ਪਦਾਰਥ ਲੈਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮੌਸਮ ਵਿਭਾਗ ਦੀਆਂ ਚਿਤਾਵਨੀਆਂ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜ਼ਿਆਦਾ ਧੁੰਦ, ਬਾਰਸ਼, ਕੋਹਰਾ ਜਾਂ ਗੜ੍ਹੇ ਪੈਣ ਦੀ ਸੂਰਤ 'ਚ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਅਤੇ ਕਾਂਬਾ ਲੱਗਣ ਵਾਲੀ ਸਥਿਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ
ਬਾਰਸ਼ ਤੋਂ ਬਾਅਦ ਫਲੂ ਅਤੇ ਹੋਰ ਬੀਮਾਰੀਆਂ ਵੱਧਣ ਦਾ ਖਦਸ਼ਾ
ਬੱਚਿਆ ਦੇ ਮਾਹਿਰ ਡਾ. ਅਮਨਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਬੂੰਦਾਬਾਂਦੀ ਕਾਰਨ ਹੁਣ ਫਲੂ ਅਤੇ ਹੋਰਨਾਂ ਬੀਮਾਰੀਆਂ ਦਾ ਖ਼ਦਸ਼ਾ ਵੱਧ ਗਿਆ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਤੌਰ 'ਤੇ ਇਨ੍ਹਾਂ ਦਿਨਾਂ 'ਚ ਆਪਣਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਖਾਂਸੀ, ਜ਼ੁਕਾਮ, ਬੁਖ਼ਾਰ ਤੋਂ ਇਲਾਵਾ ਨਿਮੋਨੀਆ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ, ਨਾਲ ਹੀ ਅਸਥਮਾ ਦੇ ਅਟੈਕ ਵੀ ਮਰੀਜ਼ਾਂ ਨੂੰ ਜ਼ਿਆਦਾ ਆਪਣੇ ਗ੍ਰਿਫ਼ਤ 'ਚ ਲੈਂਦੇ ਹਨ। ਇਸ ਦੇ ਨਾਲ ਹੀ ਇਨਫਲੂਏਂਜਾ ਵਾਇਰਸ ਅਤੇ ਸਵਾਈਨ ਫਲੂ ਦੇ ਕੇਸਾਂ 'ਚ ਵੀ ਇਜਾਫ਼ਾ ਹੁੰਦਾ ਹੈ। ਜੇਕਰ ਖਾਂਸੀ ਲਗਾਤਾਰ ਆਉਂਦੀ ਰਹਿੰਦੀ ਹੈ ਤਾਂ ਤੁਰੰਤ ਉਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਗਰਮ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਬਾਹਰੀ ਚੀਜ਼ਾਂ ਖਾਣ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।
ਟੀ. ਬੀ. ਦੀ ਬੀਮਾਰੀ ਦੇ ਮਰੀਜ਼ ਹੋਣ ਸਾਵਧਾਨ
ਡਾ. ਗੋਬਿੰਦ ਸਿੰਘ (ਸੁਆਮੀ ਤੋਤਾ ਰਾਮ ਚੈਰੀਟੇਬਲ ਹਸਪਤਾਲ) ਨੇ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੀ ਐਡਵਾਈਜ਼ਰੀ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਟੀ. ਬੀ. ਦੇ ਮਰੀਜ਼ਾਂ ਨੂੰ ਵੀ ਇਨ੍ਹਾਂ ਦਿਨਾਂ 'ਚ ਆਪਣਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਡਾਕਟਰਾਂ ਵੱਲੋਂ ਦੱਸੀ ਡਾਈਟ ਅਤੇ ਦਵਾਈ ਸਮੇਂ 'ਤੇ ਲੈਣੀ ਚਾਹੀਦੀ ਹੈ। ਜੇਕਰ ਉਨ੍ਹਾਂ ਨੂੰ ਕੋਈ ਤਕਲੀਫ਼ ਆਉਂਦੀ ਹੈ ਤਾਂ ਸਬੰਧਿਤ ਡਾਕਟਰ ਨੂੰ ਸਮੇਂ 'ਤੇ ਇਤਲਾਹ ਦੇਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ, ਆਉਣ ਵਾਲੇ ਦਿਨਾਂ ਲਈ ਹੋ ਗਈ ਭਵਿੱਖਬਾਣੀ
NEXT STORY