ਲੁਧਿਆਣਾ(ਸਲੂਜਾ)-1984 ਸਿੱਖ ਕਤਲੇਆਮ ਵੈੱਲਫੇਅਰ ਸੁਸਾਇਟੀ ਪੰਜਾਬ, ਸਿੱਖ ਸਟੂਡੈਂਟਸ ਫੈੱਡਰੇਸ਼ਨ ਅਤੇ ਯੂਨਾਈਟਿਡ ਅਕਾਲੀ ਦਲ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਸਬੰਧੀ 16 ਫਰਵਰੀ ਤੱਕ ਦਾ ਮੋਦੀ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਹੈ। ਜੇਕਰ ਗ੍ਰਿਫਤਾਰੀ ਨਾ ਹੋਈ ਤਾਂ ਫਿਰ 17 ਫਰਵਰੀ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਪੱਕਾ ਮੋਰਚਾ ਲਾ ਦੇਣਗੇ। ਪ੍ਰਧਾਨ ਸੁਰਜੀਤ ਸਿੰਘ, ਬੀਬੀ ਗੁਰਦੀਪ ਕੌਰ, ਪਰਮਜੀਤ ਸਿੰਘ ਖਾਲਸਾ ਅਤੇ ਅਮਰਜੀਤ ਸਿੰਘ ਭਾਟੀਆ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਸਟਿੰਗ ਆਪ੍ਰੇਸ਼ਨ ਦੌਰਾਨ ਜਗਦੀਸ਼ ਟਾਈਟਲਰ ਵਲੋਂ 100 ਤੋਂ ਵੱਧ ਸਿੱਖਾਂ ਦੇ ਕਤਲ ਕਰਵਾਉਣ ਅਤੇ 150 ਕਰੋੜ ਰੁਪਏ ਦੇ ਲੈਣ-ਦੇਣ ਸਬੰਧੀ ਸਵੀਕਾਰ ਕਰ ਲੈਣ ਤੋਂ ਵੱਡਾ ਹੋਰ ਕੀ ਸਬੂਤ ਭਾਰਤ ਸਰਕਾਰ ਅਤੇ ਪੁਲਸ ਨੂੰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 34 ਸਾਲ ਬੀਤ ਗਏ ਅਤੇ ਇਸ ਕਤਲੇਆਮ ਦੀ ਜਾਂਚ ਲਈ 13 ਕਮਿਸ਼ਨ ਬਣਾਏ ਗਏ। ਇਸ ਤੋਂ ਵੱਡੀ ਸ਼ਰਮ ਦੀ ਹੋਰ ਕੀ ਗੱਲ ਹੋਵੇਗੀ ਕਿ ਇਕ ਵੀ ਕਾਂਗਰਸੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਸੁਰਜੀਤ ਸਿੰਘ, ਖਾਲਸਾ ਅਤੇ ਭਾਟੀਆ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ 1984 'ਚ ਸਿੱਖਾਂ ਦੇ ਹੋਏ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਖਿਲਾਫ ਐੱਸ. ਆਈ. ਟੀ. ਬਣਾ ਕੇ ਜਾਂਚ ਕਰਵਾ ਕੇ ਕਾਨੂੰਨੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ ਪਰ 4 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਕੁਝ ਨਹੀਂ ਹੋਇਆ। ਭਾਜਪਾ ਸਰਕਾਰ ਨੇ ਵੀ ਸਿੱਖਾਂ ਨਾਲ ਧੋਖਾ ਹੀ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਹ ਦਿੱਲੀ ਤੋਂ ਉਦੋਂ ਹੀ ਮੁੜਨਗੇ, ਜਦੋਂ ਜਗਦੀਸ਼ ਟਾਈਟਲਰ ਨੂੰ ਗ੍ਰਿਫਤਾਰ ਕਰ ਕੇ ਪੁਲਸ ਜੇਲ 'ਚ ਸੁੱਟ ਦੇਵੇਗੀ। ਇਸ ਮੌਕੇ ਗੁਰਦੇਵ ਸਿੰਘ, ਮੇਜਰ ਸਿੰਘ ਖਾਲਸਾ, ਅਮਰਜੀਤ ਸਿੰਘ ਰਾਮਪਾਲ, ਬਲਜੀਤ ਸਿੰਘ, ਦਲਜੀਤ ਸਿੰਘ, ਦਲਜੀਤ ਸਿੰਘ ਸੋਨੀ, ਇੰਦਰਪਾਲ ਸਿੰਘ ਵਿੱਕੀ, ਹਰਬੰਸ ਕੌਰ, ਕੁਲਦੀਪ ਸਿੰਘ ਕੋਹਲੀ, ਰਜਿੰਦਰ ਸਿੰਘ ਭਾਟੀਆ, ਸਤਨਾਮ ਸਿੰਘ, ਸਤਿੰਦਰਪਾਲ ਸਿੰਘ, ਅਮਰਜੀਤ ਸਿੰਘ ਧਵਨ, ਅਮਰਜੀਤ ਸਿੰਘ ਬੱਬਲ, ਗੁਰਦਿਆਲ ਕੌਰ, ਨਰਿੰਦਰ ਕੌਰ, ਰਣਜੀਤ ਕੌਰ, ਹਰਦੀਪ ਕੌਰ ਅਤੇ ਸਤਿੰਦਰ ਕੌਰ ਆਦਿ ਮੌਜੂਦ ਸਨ।
ਨਗਰ ਨਿਗਮ ਚੋਣ : ਸਟੇਟ ਇਲੈਕਸ਼ਨ ਕਮਿਸ਼ਨਰ ਦਾ ਦਾਅਵਾ, ਕਿਸੇ ਨੂੰ ਨਹੀਂ ਕਰਨ ਦਿੱਤਾ ਜਾਵੇਗਾ ਮਾਹੌਲ ਖਰਾਬ
NEXT STORY