ਲੁਧਿਆਣਾ(ਪੰਕਜ)-ਗਲਤੀ ਨਾਲ ਜਾਂ ਫਿਰ ਇਰਾਦੇ ਵਜੋਂ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਸੁਧਾਰਨ ਲਈ ਬਣੇ ਸੁਧਾਰ ਘਰ (ਜੇਲਾਂ) ਮੁੱਠੀ ਭਰ ਭ੍ਰਿਸ਼ਟ ਕਰਮਚਾਰੀਆਂ ਦੀ ਬਦੌਲਤ ਉਲਟਾ ਸੁਰੱਖਿਅਤ ਘਰ ਬਣ ਚੁੱਕੇ ਹਨ। ਬਾਹਰ ਰਹਿ ਕੇ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਬਜਾਏ ਖਤਰਨਾਕ ਅਪਰਾਧੀ ਜੇਲ 'ਚ ਰਹਿ ਕੇ ਆਪਣਾ ਨੈੱਟਵਰਕ ਚਲਾਉਣ ਨੂੰ ਜ਼ਿਆਦਾ ਸੁਰੱਖਿਅਤ ਮੰਨਦੇ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ ਜੇਲਾਂ ਅੰਦਰ ਦਾ ਸੱਚ ਬਾਹਰ ਆਉਣ ਨਾਲ ਇਹ ਸਾਫ ਹੋ ਚੁੱਕਾ ਹੈ ਕਿ ਅਪਰਾਧੀਆਂ ਲਈ ਜੇਲਾਂ ਐਸ਼ੋ-ਆਰਾਮ ਦੇ ਟਿਕਾਣੇ ਬਣ ਚੁੱਕੀਆਂ ਹਨ। ਪੰਜਾਬ 'ਚ ਪਿਛਲੇ ਡੇਢ ਸਾਲਾਂ ਦੌਰਾਨ ਲਗਾਤਾਰ ਹੋਏ ਹਾਈਪ੍ਰੋਫਾਈਲ ਕਤਲਾਂ ਦੀ ਜੇਕਰ ਗੱਲ ਕਰੀਏ ਤਾਂ ਦੌਰਾਨੇ ਤਫਤੀਸ਼ ਇਸ ਗੱਲ ਦਾ ਖੁਲਾਸਾ ਹੋ ਚੁੱਕਾ ਹੈ ਕਿ ਜੇਲ 'ਚ ਬੰਦ ਅਪਰਾਧੀ ਧਰਮਿੰਦਰ ਗੁਗਨੀ ਕਾਤਲਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੀ ਕੜੀ ਸੀ। ਜੇਲ ਤੋਂ ਮੁਲਜ਼ਮ ਆਪਣੇ ਪੈਟਰੋਲ ਪੰਪ ਦੇ ਮੈਨੇਜਰ ਨੂੰ ਹਥਿਆਰ ਮੰਗਵਾਉਣ ਅਤੇ ਅੱਗੇ ਕਿਸ ਨੂੰ ਮੁਹੱਈਆ ਕਰਵਾਉਣੇ ਹਨ, ਇਸ ਦੇ ਨਿਰਦੇਸ਼ ਦਿੰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਅੱਧਾ ਦਰਜਨ ਤੋਂ ਜ਼ਿਆਦਾ ਹੋਏ ਹਾਈਪ੍ਰੋਫਾਈਲ ਕਤਲਾਂ ਵਿਚ ਸ਼ਾਮਲ ਉਕਤ ਅਪਰਾਧੀਆਂ ਨੇ ਜੇਲ 'ਚ ਹੀ ਰਹਿੰਦੇ ਹੋਏ ਆਪਣੇ ਕੱਟੜ ਦੁਸ਼ਮਣ ਰਵੀ ਖਵਾਜਕੇ ਦਾ ਨਾ ਸਿਰਫ ਕਤਲ ਕਰਵਾਇਆ ਬਲਕਿ ਆਪਣੇ ਖਾਸ ਦੋਸਤ ਅਤੇ ਗੈਂਗਸਟਰ ਦਵਿੰਦਰ ਬੰਬੀਹਾ ਰਾਹੀਂ ਸਾਜ਼ਿਸ਼ ਨੂੰ ਅਮਲੀਜਾਮਾ ਵੀ ਪਹਿਨਾਇਆ। ਜੇਲਾਂ ਅੰਦਰ ਪੈਸੇ ਵਾਲਿਆਂ ਦੀ ਕਿਸ ਤਰ੍ਹਾਂ ਤੂਤੀ ਬੋਲਦੀ ਹੈ ਅਤੇ ਜੇਲ ਸਟਾਫ ਵਿਚ ਸ਼ਾਮਲ ਕੁਝ ਕਾਲੀਆਂ ਭੇਡਾਂ ਦੀ ਮਦਦ ਨਾਲ ਖਤਰਨਾਕ ਅਪਰਾਧੀਆਂ ਨੂੰ ਅੰਦਰ ਹਰ ਤਰ੍ਹਾਂ ਦਾ ਨਸ਼ਾ, ਮੋਬਾਇਲ ਫੋਨ ਅਤੇ ਹੋਰ ਸਹੂਲਤਾਂ ਆਸਾਨੀ ਨਾਲ ਮਿਲ ਰਹੀਆਂ ਹਨ, ਬਾਰੇ ਇਨ੍ਹਾਂ ਵਾਪਰੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਦਿਖਾਵੇ ਲਈ ਸਟਾਫ ਬੈਰਕਾਂ ਦੀ ਚੈਕਿੰਗ ਕਰ ਕੇ ਅਪਰਾਧੀਆਂ ਤੋਂ ਮੋਬਾਇਲ ਬਰਾਮਦ ਹੋਣ ਦਾ ਦਾਅਵਾ ਸਮੇਂ-ਸਮੇਂ 'ਤੇ ਕਰਦਾ ਰਹਿੰਦਾ ਹੈ ਪਰ ਅਪਰਾਧੀਆਂ ਤੱਕ ਇੰਨੀ ਸਖਤ ਸੁਰੱਖਿਆ ਦੇ ਬਾਵਜੂਦ ਪਾਬੰਦੀਸ਼ੁਦਾ ਚੀਜ਼ਾਂ ਪਹੁੰਚਾਉਂਦਾ ਕੌਣ ਹੈ, ਇਸ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ। ਦੋ ਨੀਗਰੋਜ਼ ਨੂੰ ਪਹਿਲਾਂ ਨਸ਼ਾ ਸਮੱਗਲਰ ਦੱਸ ਕੇ ਜੇਲ ਭੇਜਣ ਵਾਲੀ ਜਗਰਾਓਂ ਦੀ ਪੁਲਸ ਇਨ੍ਹੀਂ ਦਿਨੀਂ ਖਾਸੀ ਚਰਚਾ ਵਿਚ ਹੈ ਕਿਉਂਕਿ ਅੰਮ੍ਰਿਤਸਰ ਜੇਲ 'ਚ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਫੜੇ ਗਏ ਹੋਰਨਾਂ ਨੀਗਰੋ ਸਬੰਧੀ ਜਗਰਾਓਂ ਪੁਲਸ ਨੇ ਆਪ ਹੀ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਇਨ੍ਹਾਂ ਦੋਵਾਂ ਨੂੰ ਦਿੱਲੀ ਤੋਂ ਹੈਰੋਇਨ ਲਿਆਉਣ ਅਤੇ ਅੱਗੇ ਸਪਲਾਈ ਕਰਨ ਦਾ ਹੁਕਮ ਦਿੰਦਾ ਸੀ। ਆਪ ਹੀ ਦੋਵਾਂ ਦੇ ਸਮੱਗਲਰ ਹੋਣ ਦਾ ਦਾਅਵਾ ਕਰਨ ਵਾਲੀ ਪੁਲਸ ਨੇ ਹੁਣ ਅਦਾਲਤ 'ਚ ਦੋਵਾਂ ਨੂੰ ਬੇਗੁਨਾਹ ਹੋਣ ਦੀ ਰਿਪੋਰਟ ਦਾਖਲ ਕਰ ਕੇ ਉਨ੍ਹਾਂ ਨੂੰ ਰਿਹਾਅ ਕਰਵਾ ਦਿੱਤਾ ਹੈ। ਅੰਮ੍ਰਿਤਸਰ ਜੇਲ ਤੋਂ ਮੋਬਾਇਲ ਫੋਨ 'ਤੇ ਪੂਰੇ ਦੇਸ਼ ਵਿਚ ਹੈਰੋਇਨ ਸਮੱਗਲਿੰਗ ਕਰਵਾਉਣ ਵਾਲੇ ਮੁਲਜ਼ਮ ਨੀਗਰੋ ਕੋਲ ਮੋਬਾਇਲ ਫੋਨ ਕਿਵੇਂ ਪੁੱਜਾ, ਇਹ ਸਵਾਲ ਅਜੇ ਤੱਕ ਸੁਲਝ ਨਹੀਂ ਸਕਿਆ ਹੈ। ਤਾਜ਼ਾ ਕੇਸ ਜਮਾਲਪੁਰ ਪੁਲਸ ਦੇ ਖੁਲਾਸੇ ਨਾਲ ਜੁੜਿਆ ਹੈ, ਜਿਸ ਵਿਚ ਪੁਲਸ ਨੇ ਕਾਰ ਸਵਾਰ ਹੈਰੋਇਨ ਦੀ ਸਮੱਗਲਿੰਗ ਕਰਨ ਜਾ ਰਹੇ ਮੁਲਜ਼ਮ ਬਾਨਿਸ਼ ਵਰਮਾ ਨੂੰ 53 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਜੇਲ 'ਚ ਬੰਦ ਉਸ ਦਾ ਭਰਾ ਮੋਹਿਤ ਵਰਮਾ, ਜਿਸ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਵਿਚ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਹੋਈ ਹੈ, ਜੇਲ 'ਚੋਂ ਫੋਨ ਕਰ ਕੇ ਦਿਸ਼ਾ-ਨਿਰਦੇਸ਼ ਦਿੰਦਾ ਸੀ ਕਿ ਡਲਿਵਰੀ ਕਿਥੋਂ ਲੈਣੀ ਹੈ ਤੇ ਕਿਥੇ ਦੇਣੀ ਹੈ। ਮੋਹਿਤ ਜੇਲ 'ਚੋਂ ਮੋਬਾਇਲ 'ਤੇ ਹੀ ਆਪਣਾ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ।
ਅਜਿਹੀਆਂ ਦਰਜਨਾਂ ਉਦਾਹਰਣਾਂ ਹਨ, ਜਿਨ੍ਹਾਂ ਵਿਚ ਅਪਰਾਧੀ ਜੇਲਾਂ 'ਚ ਬੈਠ ਕੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਹਥਿਆਰਾਂ ਦੇ ਵਪਾਰ ਦੇ ਨਾਲ-ਨਾਲ ਆਪਣੇ ਦੁਸ਼ਮਣਾਂ ਨੂੰ ਟਿਕਾਣੇ ਲਵਾਉਣ ਦੀਆਂ ਸਾਜ਼ਿਸ਼ਾਂ ਨੂੰ ਸਫਲਤਾ ਨਾਲ ਅੰਜਾਮ ਦੇਣ ਵਿਚ ਸਫਲ ਹੋ ਚੁੱਕੇ ਹਨ, ਜਿਸ ਤੋਂ ਇਹ ਸਾਫ ਹੈ ਕਿ ਪੰਜਾਬ ਦੀਆਂ ਜੇਲਾਂ ਸੁਧਾਰ ਘਰ ਦੀ ਜਗ੍ਹਾ ਅਪਰਾਧੀਆਂ ਲਈ ਸੁਰੱਖਿਅਤ ਅਪਰਾਧ ਘਰ ਬਣ ਚੁੱਕੀਆਂ ਹਨ।
ਮਾਨਸਾ ਜੇਲ ਕਾਂਡ ਸ਼ਰਮਨਾਕ
ਮਾਨਸਾ ਜੇਲ 'ਚ ਕੈਦੀ ਤੇ ਡਿਪਟੀ ਸੁਪਰਡੈਂਟ ਜੇਲ ਦੀ ਜੁਗਲਬੰਦ ਦਾ ਹੋਇਆ ਪਰਦਾਫਾਸ਼ ਪੂਰੇ ਰਾਜ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਲ 'ਚ ਬੰਦ ਕੈਦੀ ਗੌਰਵ ਕੁਮਾਰ ਕੇਸ 'ਚ ਡਿਪਟੀ ਸੁਪਰਡੈਂਟ ਜੇਲ ਲਈ 50 ਹਜ਼ਾਰ ਦੀ ਰਿਸ਼ਵਤ ਵਸੂਲਦੇ ਵਿਜੀਲੈਂਸ ਵਿਭਾਗ ਵਲੋਂ ਕਾਬੂ ਕੀਤੇ ਗਏ ਜੇਲ ਭਲਾਈ ਅਧਿਕਾਰੀ ਤੇ ਕੈਦੀ ਪਵਨ ਕੁਮਾਰ ਵਲੋਂ ਜਾਂਚ ਦੌਰਾਨ ਕੀਤੇ ਖੁਲਾਸੇ ਜੇਕਰ ਜਨਤਕ ਹੋ ਜਾਣ ਤਾਂ ਪੰਜਾਬ ਦੀਆਂ ਜੇਲਾਂ ਦੀਆਂ ਉੱਚੀਆਂ ਕੰਧਾਂ ਪਿੱਛੇ ਚੱਲ ਰਹੇ ਭ੍ਰਿਸ਼ਟਾਚਾਰ ਦੀਆਂ ਖੇਡਾਂ ਹੈਰਾਨ ਕਰ ਦੇਣ ਵਾਲੀਆਂ ਹੋਣਗੀਆਂ।
ਬਿਨਾਂ ਆਧਾਰ ਕਾਰਡ ਨੰਬਰ ਨਹੀਂ ਹੋਵੇਗੀ ਜ਼ਮੀਨ ਦੀ ਰਜਿਸਟਰੀ
NEXT STORY