ਜਲੰਧਰ (ਦਰਸ਼ਨ)— ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੌਰ ਊਰਜਾ ਨਾਲ ਚੱਲਣ ਵਾਲੀ ਪਹਿਲੀ ਡਰਾਈਵਰ ਲੈੱਸ ਬੱਸ ਤਿਆਰ ਕੀਤੀ ਹੈ। ਆਉਣ ਵਾਲੀ 3 ਜਨਵਰੀ ਨੂੰ ਐੱਲ. ਪੀ. ਯੂ. ਵਿਚ ਆਯੋਜਿਤ ਹੋ ਰਹੀ ਇੰਡੀਅਨ ਸਾਇੰਸ ਕਾਂਗਰਸ ਵਿਚ ਬਤੌਰ ਮੁੱਖ ਮਹਿਮਾਨ ਭਾਗ ਲੈ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੱਸ ਦੇ ਪਹਿਲੇ ਯਾਤਰੀ ਹੋਣਗੇ। ਮੋਦੀ ਜੀ ਇਸ ਬੱਸ ਵਿਚ ਸਵਾਰ ਹੋ ਕੇ ਇੰਡੀਅਨ ਸਾਇੰਸ ਕਾਂਗਰਸ ਸਮਾਗਮ ਸਥਾਨ ਤੱਕ ਜਾਣਗੇ।
ਵਪਾਰਕ ਤੌਰ 'ਤੇ ਸ਼ੁਰੂ ਹੋ ਜਾਣ ਤੋਂ ਬਾਅਦ ਇਸ ਬੱਸ ਦੀ ਵਰਤੋਂ ਹਵਾਈ ਅੱਡਿਆਂ, ਹਾਊਸਿੰਗ ਸੋਸਾਇਟੀਜ਼, ਵੱਡੇ ਉਦਯੋਗਿਕ ਸੰਸਥਾਨਾਂ ਅਤੇ ਸਿੱਖਿਆ ਸੰਸਥਾਵਾਂ 'ਚ ਕੀਤੀ ਜਾਵੇਗੀ। ਇਸ ਬੱਸ ਨੂੰ ਭਾਰਤੀ ਭੂਗੋਲਿਕ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਡਿਜ਼ਾਈਨ ਕੀਤਾ ਗਿਆ ਹੈ। ਮੌਜੂਦਾ ਬੱਸਾਂ ਦੀ ਤੁਲਨਾ ਵਿਚ ਇਸ ਬੱਸ ਦੀ ਕੀਮਤ ਕਰੀਬ 6 ਲੱਖ ਰੁਪਏ ਹੋਵੇਗੀ, ਕਿਉਂਕਿ ਇਸ ਦਾ ਇੰਜਣ, ਬੈਟਰੀ ਅਤੇ ਇਹ ਪੂਰੀ ਤਰ੍ਹਾਂ ਸੋਲਰ ਪਾਵਰ ਆਧਾਰਤ ਬੱਸ ਹੈ। ਇਸ ਨੂੰ ਚਲਾਉਣ 'ਤੇ ਨਾਂਹ ਦੇ ਬਰਾਬਰ ਖਰਚ ਆਉਂਦਾ ਹੈ। ਇਸ ਬੱਸ ਦੀ ਰਫਤਾਰ 30 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਇਸ ਵਿਚ ਇੱਕ ਸਮੇਂ 'ਤੇ 10 ਤੋਂ ਵੱਧ ਲੋਕ ਬੈਠ ਸਕਦੇ ਹਨ।
ਐੱਲ. ਪੀ. ਯੂ. ਦੇ ਚਾਂਸਲਰ ਅਸ਼ੋਕ ਮਿੱਤਲ ਨੇ ਦੱਸਿਆ ਕਿ ਇਹ ਬਿਨਾਂ ਡਰਾਈਵਰ ਬੱਸ ਇਸ ਗੱਲ ਦੀ ਉਦਾਹਰਣ ਹੈ ਕਿ ਐੱਲ. ਪੀ. ਯੂ. ਦੇ ਵਿਦਿਆਰਥੀ ਤਕਨੀਕੀ ਪੱਖੋਂ ਕਿੰਨੇ ਅੱਗੇ ਹਨ। ਐੱਲ. ਪੀ. ਯੂ. ਦੇ ਵਿਦਿਆਰਥੀਆਂ ਵਲੋਂ ਕੀਤੇ ਗਏ ਕੁੱਝ ਹੋਰਨਾਂ ਦਿਲਚਸਪ ਪ੍ਰੋਜੈਕਟਾਂ 'ਚ ਫਲਾਈਂਗ ਫਾਰਮਰ, ਫਾਰਮੂਲਾ-1 ਕਾਰ ਆਦਿ ਸ਼ਾਮਲ ਹਨ।
ਫਲਾਈਂਗ ਫਾਰਮਰ ਇਕ ਵਾਇਰਲੈੱਸ ਸੈਂਸਰ ਡਿਵਾਈਸ ਹੈ, ਜਿਸ ਨੂੰ ਵਿਸ਼ੇਸ਼ ਤੌਰ 'ਤੇ ਖੇਤੀਬਾੜੀ ਅਤੇ ਖੇਤ ਦੇ ਸਰਵੇਖਣ ਲਈ ਵਰਤਿਆ ਜਾਂਦਾ ਹੈ। ਇਸ ਬੱਸ ਨੂੰ ਤਿਆਰ ਕਰਨ ਵਾਲੀ ਟੀਮ ਦੇ ਮੁਖੀ ਮਨਦੀਪ ਸਿੰਘ, ਅਨੰਤ ਕੁਮਾਰ, ਜਤਿਨ ਦਹੀਆ, ਪਵਨ, ਅਨੁਕ੍ਰਿਤੀ, ਸੁਮਨ ਕੁਮਾਰ, ਐੱਮ. ਲੋਕੇਸ਼, ਜੀ. ਵਿਦਿਆਧਰ, ਵੀ. ਗੇਸ਼ਵੰਥ ਅਤੇ ਕੁੱਝ ਹੋਰਾਂ ਨੇ ਦੱਸਿਆ ਕਿ ਇਸ ਬੱਸ ਨੂੰ ਮਕੈਨੀਕਲ, ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰੋਫੈਸਰਾਂ ਅਤੇ ਮਾਹਿਰਾਂ ਦੇ ਮਾਰਗਦਰਸ਼ਨ ਹੇਠ ਐੱਲ. ਪੀ. ਯੂ. ਦੇ ਪ੍ਰਾਜੈਕਟ ਸਟੂਡੀਓ 'ਚ ਤਿਆਰ ਕੀਤਾ ਹੈ। ਚਾਰਜ ਕਰਨ ਦੇ ਬਾਅਦ ਇਹ ਪ੍ਰਦੂਸ਼ਣ ਰਹਿਤ ਬੱਸ 60 ਤੋਂ 70 ਕਿਲੋਮੀਟਰ ਤੱਕ ਚੱਲੇਗੀ। ਇਸ ਬੱਸ ਦੀ ਬਲੂ ਟੁੱਥ ਅਤੇ ਜੀ. ਪੀ. ਐੱਸ. ਸਿਸਟਮ ਨਾਲ ਨਿਗਰਾਨੀ ਵੀ ਕੀਤੀ ਜਾ ਸਕੇਗੀ।
ਚੰਡੀਗੜ੍ਹ ਜਾਣਾ ਹੋਵੇਗਾ ਸਸਤਾ, ਜਲਦ ਸ਼ੁਰੂ ਹੋ ਸਕਦੀ ਹੈ ਇਹ ਸੁਵਿਧਾ
NEXT STORY