ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਖੇਤਾਂ ਦੀ ਪਿਆਸ ਬੁਝਾਉਣ ਵਾਲੇ ਰਾਵੀ ਦਰਿਆ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਹੀ ਪ੍ਰਾਪਤ ਨਹੀਂ ਹੈ, ਸਗੋਂ ਬਾਬਾ ਜੀ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇਸ ਦਰਿਆ ਦੇ ਕੰਢੇ ਹੀ ਗੁਜ਼ਾਰਿਆ। ਅੱਜ ਜਿਸ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਲਾਂਘਾ ਖੋਲ੍ਹੇ ਜਾਣ ਦੀਆਂ ਖ਼ਬਰਾਂ ਸੁਰਖ਼ੀਆਂ ਬਣ ਰਹੀਆਂ ਹਨ, ਉਸੇ ਜਗ੍ਹਾ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਅੰਤਲੇ ਸਾਲਾਂ 'ਚ ਖੇਤੀ ਕੀਤੀ ਅਤੇ ਸੰਗਤਾਂ ਨੂੰ ਸੱਚੀ-ਸੁੱਚੀ ਕਿਰਤ ਕਰਨ ਅਤੇ ਸੇਵਾ ਦਾ ਰਾਹ ਅਪਣਾਉਣ ਦਾ ਸੰਦੇਸ਼ ਦਿੱਤਾ ਸੀ।
ਭਾਰਤੀ ਪੰਜਾਬ ਵਾਲੇ ਪਾਸੇ ਸਥਿਤ ਡੇਰਾ ਬਾਬਾ ਨਾਨਕ ਵੀ ਗੁਰੂ ਸਾਹਿਬ ਦੀ ਪਵਿੱਤਰ ਯਾਦ 'ਚ ਵਸਾਇਆ ਗਿਆ ਸ਼ਹਿਰ ਹੈ ਅਤੇ ਇਥੋਂ ਹੀ 'ਬੇਦੀ' ਬੰਸ ਦਾ ਮੁੱਢ ਬੱਝਾ ਸੀ। ਡੇਰਾ ਬਾਬਾ ਨਾਨਕ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿਚਕਾਰੋਂ ਲੰਘਦਾ ਰਾਵੀ ਦਰਿਆ ਅੱਜ ਵੀ ਸਰਹੱਦ ਦੇ ਦੋਹੀਂ ਪਾਸੀਂ ਬਾਬਾ ਜੀ ਦੇ 'ਸੇਵਾ-ਸੰਦੇਸ਼' ਦਾ ਸੁਨੇਹਾ ਵੰਡ ਰਿਹਾ ਜਾਪਦਾ ਹੈ।
ਇਹ ਸੁਨੇਹਾ ਉਨ੍ਹਾਂ ਲੋਕਾਂ ਲਈ ਇਕ ਰਹਿਮਤ ਹੈ, ਜਿਹੜੇ ਲੋੜਵੰਦ ਹਨ, ਆਰਥਕ ਪੱਖੋਂ ਕਮਜ਼ੋਰ ਹਨ ਅਤੇ ਜਿਨ੍ਹਾਂ ਨੂੰ ਕਈ ਵਾਰ 'ਕੋਧਰੇ' ਦੀ ਰੋਟੀ ਤੋਂ ਵੀ ਵਾਂਝੇ ਰਹਿਣਾ ਪੈਂਦਾ ਹੈ। ਦੂਜੇ ਪਾਸੇ ਉਹ ਲੋਕ ਹਨ, ਜਿਨ੍ਹਾਂ ਨੇ ਇਸ ਸੁਨੇਹੇ ਨੂੰ ਅਪਣਾਉਂਦਿਆਂ ਆਪਣੇ ਜੀਵਨ ਨੂੰ ਦੂਜਿਆਂ ਦੀ ਸੇਵਾ ਦੇ ਲੇਖੇ ਲਾ ਦਿੱਤਾ ਹੈ।
ਰਾਵੀ ਦੇ ਕੰਢੇ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਇਲਾਕਿਆਂ 'ਚ ਅਜਿਹੇ ਹਜ਼ਾਰਾਂ ਲੋਕ ਵੱਸਦੇ ਹਨ, ਜਿਨ੍ਹਾਂ ਲਈ ਹੋਰ ਔਕੜਾਂ ਦੇ ਨਾਲ-ਨਾਲ ਰੋਜ਼ੀ-ਰੋਟੀ ਦੀ ਚਿੰਤਾ ਵੀ ਹਰ ਵੇਲੇ ਬਣੀ ਰਹਿੰਦੀ ਹੈ। ਉਹ ਖਤਰਿਆਂ ਦਾ ਸਾਹਮਣਾ ਵੀ ਕਰਦੇ ਹਨ ਅਤੇ ਫਾਕੇ ਕੱਟਣ ਵਰਗੀ ਸਥਿਤੀ ਵੀ ਹੰਢਾਉਂਦੇ ਹਨ। ਅਜਿਹੇ ਲੋੜਵੰਦ ਪਰਿਵਾਰਾਂ ਨੂੰ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ-ਮੁਹਿੰਮ ਅਧੀਨ 493ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਵਿਖੇ ਵੰਡੀ ਗਈ ਸੀ। ਇਸ ਸਮੱਗਰੀ ਵਿਚ ਇਸਕਾਨ ਜਗਨਨਾਥ ਮੰਦਰ ਲੁਧਿਆਣਾ ਵਲੋਂ ਭਿਜਵਾਈਆਂ 300 ਰਜਾਈਆਂ ਸ਼ਾਮਲ ਸਨ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਬਟਾਲੇ ਦੇ ਐੱਸ. ਐੱਸ. ਪੀ. ਸ. ਉਪਿੰਦਰਜੀਤ ਸਿੰਘ ਘੁੰਮਣ ਨੇ ਸਹਾਇਤਾ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੁੱਖੇ ਲੋਕਾਂ ਨੂੰ ਰੋਟੀ ਖੁਆਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਨਾਲੋਂ ਵੱਡਾ ਪੁੰਨ ਦਾ ਕੋਈ ਹੋਰ ਕੰਮ ਨਹੀਂ ਹੈ। ਪੰਜਾਬ ਕੇਸਰੀ ਪਰਿਵਾਰ ਵੀ ਇਸੇ ਰਸਤੇ 'ਤੇ ਚੱਲ ਕੇ ਇਨਸਾਨੀਅਤ ਦੀ ਸੇਵਾ ਲਈ ਕਈ ਪ੍ਰਾਜੈਕਟ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਜੋ ਮੁਹਿੰਮ ਚਲਾਈ ਜਾ ਰਹੀ ਹੈ, ਇਸ ਵਿਚ ਸਭ ਨੂੰ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
ਸ. ਘੁੰਮਣ ਨੇ ਕਿਹਾ ਕਿ ਬਟਾਲਾ ਜ਼ਿਲੇ ਦੇ 650 ਪਿੰਡ ਹਨ, ਜਿਨ੍ਹਾਂ ਵਿਚੋਂ ਦਰਜਨਾਂ ਪਿੰਡ ਸਰਹੱਦ ਕੰਢੇ ਸਥਿਤ ਹਨ। ਇਨ੍ਹਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ 'ਚ ਜਦੋਂ ਵੀ ਸਮੱਗਰੀ ਭਿਜਵਾਈ ਜਾਵੇਗੀ ਤਾਂ ਉਹ ਇਸ ਨੂੰ ਪੂਰਾ ਸਹਿਯੋਗ ਦੇਣਗੇ।
ਆਪਣੀ ਕਮਾਈ ਨੂੰ ਸੇਵਾ ਲੇਖੇ ਲਾਉਣਾ ਚਾਹੀਦੈ : ਬਾਬਾ ਬੇਦੀ
ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਸ. ਪਰਨੀਤ ਸਿੰਘ ਬੇਦੀ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਨੇਕ ਕਮਾਈ 'ਚੋਂ ਲੋੜਵੰਦਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ-ਮੁਹਿੰਮ ਤੋਂ ਪ੍ਰੇਰਨਾ ਲੈਂਦੇ ਹੋਏ ਸਾਨੂੰ ਦੂਜਿਆਂ ਦੀ ਮਦਦ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਧਰਤੀ 'ਤੇ ਇਹ ਸਹਾਇਤਾ ਸਮੱਗਰੀ ਭਿਜਵਾ ਕੇ ਦਾਨੀ ਸ਼ਖ਼ਸੀਅਤਾਂ ਨੇ ਨੇਕ ਅਤੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਇਲਾਕੇ ਦੇ ਹੋਰ ਲੋੜਵੰਦਾਂ ਦੀ ਵੀ ਮਦਦ ਕੀਤੀ ਜਾਣੀ ਚਾਹੀਦੀ ਹੈ।
ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਧਰਤੀ ਬਹੁਤ ਮਹਾਨ ਹੈ, ਜਿਸ ਨੂੰ ਬਾਬਾ ਜੀ ਨੇ ਭਾਗ ਲਾਏ ਸਨ। ਉਨ੍ਹਾਂ ਕਿਹਾ ਕਿ ਸਰਹੱਦ ਦੇ ਦੋਹੀਂ ਪਾਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਪਰ ਉਸ ਪਾਰ (ਪਾਕਿਸਤਾਨ) ਤੋਂ ਕੁਝ ਅਜਿਹੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਜਿਸ ਕਾਰਨ ਇਧਰਲੇ ਲੋਕਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਨੂੰ 1885 'ਚ ਨਗਰ ਕੌਂਸਲ ਦਾ ਦਰਜਾ ਮਿਲ ਗਿਆ ਸੀ ਪਰ 1947 ਦੀ ਵੰਡ ਨੇ ਇਸ ਦਾ ਕੱਦ ਛੋਟਾ ਕਰ ਦਿੱਤਾ। ਹੁਣ ਜੇਕਰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਇਥੋਂ ਲਾਂਘਾ ਖੁੱਲ੍ਹ ਜਾਂਦਾ ਹੈ ਤਾਂ ਇਸ ਨਗਰ ਦਾ ਰੁਤਬਾ ਬਹੁਤ ਉੱਚਾ ਹੋ ਜਾਵੇਗਾ ਅਤੇ ਇਸ ਨੂੰ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਇਲਾਕੇ ਦੇ ਲੋਕਾਂ ਦੀ ਵਧ-ਚੜ੍ਹ ਕੇ ਸੇਵਾ ਕੀਤੀ ਜਾਵੇਗੀ।
ਜ਼ੀਰਾ ਦੇ ਕਾਂਗਰਸੀ ਆਗੂ ਸ. ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਯਤਨਾਂ ਸਦਕਾ ਜੋ ਸੇਵਾ-ਮੁਹਿੰਮ ਚਲਾਈ ਜਾ ਰਹੀ ਹੈ, ਇਸ ਤੋਂ ਸਾਡੀਆਂ ਸਰਕਾਰਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ। ਅਜਿਹੀਆਂ ਨੀਤੀਆਂ ਬਣਾਈਆਂ ਜਾਣ ਕਿ ਕੋਈ ਵੀ ਵਿਅਕਤੀ ਭੁੱਖੇ ਪੇਟ ਨਾ ਰਹੇ ਅਤੇ ਨਾ ਹੀ ਉਸ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ।
ਰਾਹਤ ਮੁਹਿੰਮ ਦੇ ਮੋਹਰੀ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਪਹਿਲਾਂ ਇਹ ਰਾਹਤ-ਮੁਹਿੰਮ ਅਧੀਨ ਸਿਰਫ ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਅਤੇ ਸਰਹੱਦੀ ਪਰਿਵਾਰਾਂ ਤਕ ਸਹਾਇਤਾ ਪਹੁੰਚਾਈ ਜਾਂਦੀ ਸੀ, ਜਦੋਂਕਿ ਹੁਣ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਵੀ ਸਮੱਗਰੀ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਮੁਹਿੰਮ ਦਾ ਦਾਇਰਾ ਵਿਸ਼ਾਲ ਹੋ ਗਿਆ ਹੈ ਅਤੇ ਭਵਿੱਖ 'ਚ ਹੋਰ ਲੋੜਵੰਦਾਂ ਨੂੰ ਵੀ ਸਹਾਇਤਾ ਪਹੁੰਚਾਈ ਜਾਵੇਗੀ।
ਜਨਹਿੱਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਸ਼੍ਰੀਮਤੀ ਡੌਲੀ ਹਾਂਡਾ ਨੇ ਕਿਹਾ ਕਿ ਸਰਹੱਦਾਂ 'ਤੇ ਬੈਠੇ ਲੋਕ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਇਸ ਨੂੰ ਆਮ ਵਿਅਕਤੀ ਨਹੀਂ ਸਮਝ ਸਕਦਾ। ਇਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਇਸ ਮੌਕੇ 'ਤੇ ਡੇਰਾ ਬਾਬਾ ਨਾਨਕ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਕੰਵਲਜੀਤ ਸਿੰਘ, ਫੋਟੋਗ੍ਰਾਫਰ ਸੁਸ਼ੀਲ ਬੱਬਰ, ਪਿੰਡ ਪੱਖੋ ਕੇ ਦੇ ਸਰਪੰਚ ਸ. ਗੁਰਬਖਸ਼ ਸਿੰਘ, ਜ਼ੀਰਾ ਤੋਂ ਦਵਿੰਦਰ ਅਕਾਲੀਆਂ ਵਾਲਾ, ਕੇਵਲ ਸਿੰਘ, ਪ੍ਰਗਟ ਸਿੰਘ ਭੁੱਲਰ, ਹਰਸ਼ਦੀਪ ਸਿੰਘ ਸਰਪੰਚ, ਸ਼੍ਰੀਮਤੀ ਵੀਨਾ ਮਹਾਜਨ, ਸ਼੍ਰੀਮਤੀ ਪ੍ਰੋਮਿਲਾ ਅਰੋੜਾ, ਕਬੀਰ ਮੰਚ ਧਰਮਕੋਟ ਦੇ ਪ੍ਰਧਾਨ ਅਸ਼ੋਕ ਭਗਤ, ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਵਾਈਸ ਪ੍ਰਧਾਨ ਸੱਤਪਾਲ, ਕੌਂਸਲਰ ਹਰਮੇਸ਼ ਕੁਮਾਰ, ਜਲੰਧਰ ਦੇ ਚੰਦਰ ਪ੍ਰਕਾਸ਼, ਸੁਖਦੇਵ ਰਾਜ, ਜਗ ਬਾਣੀ ਦੇ ਉਪ-ਸੰਪਾਦਕ ਸੁਰਿੰਦਰ ਧਵਨ, ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੂਰਨੀ ਦੇ ਪ੍ਰਧਾਨ ਐੱਮ. ਡੀ. ਸੱਭਰਵਾਲ, ਦਵਿੰਦਰਪਾਲ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਵੀ ਮੌਜੂਦ ਸਨ।
ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਪੱਖੋ ਕੇ ਟਾਹਲੀ ਸਾਹਿਬ, ਖਾਸਾਂ ਵਾਲਾ, ਚੰਦੂ ਨਗਰ, ਵੈਰੋਕੇ, ਕੋਟ ਦਲਪਤ, ਜੌੜੀਆਂ ਕਲਾਂ ਅਤੇ ਖੁਰਦ ਆਦਿ ਪਿੰਡਾਂ ਨਾਲ ਸਬੰਧਤ ਸਨ।
ਫੌਜ ਅਤੇ ਤਸਕਰਾਂ ਵਿਚਾਲੇ ਗੋਲੀਬਾਰੀ, 15 ਕਰੋੜ ਦੀ ਹੈਰੋਇਨ ਛੱਡ ਕੇ ਭੱਜੇ (ਵੀਡੀਓ)
NEXT STORY