ਵਿਪਿਨ ਪੱਬੀ
13 ਅਪ੍ਰੈਲ, 1919 ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ’ਚ ਇਕ ਯਾਦਗਾਰੀ ਦਿਨ ਹੈ। ਉਸ ਦਿਨ ਸਾਡੇ 500 ਤੋਂ ਵੱਧ ਦੇਸ਼ਵਾਸੀ ਤੇ ਸੁਤੰਤਰਤਾ ਸੰਗਰਾਮੀ, ਜੋ ਨਿਹੱਥੇ ਸਨ ਅਤੇ ਇਕ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਆਯੋਜਨ ਕਰ ਰਹੇ ਸਨ, ਨੇ ਬੰਦੂਕਾਂ ਦੀਆਂ ਗੋਲੀਆਂ ਨਾਲ ਆਪਣੀ ਜਾਨ ਗੁਆ ਦਿੱਤੀ, ਜਿਸ ਦਾ ਹੁਕਮ ਜਨਰਲ ਆਰ.ਈ.ਐੱਚ ਡਾਇਰ ਨੇ ਦਿੱਤਾ ਸੀ। ਸੈਂਕੜੇ ਹੋਰ ਜ਼ਖ਼ਮੀ ਵੀ ਹੋ ਗਏ ਸਨ। ਬਰਤਾਨਵੀ ਹਾਕਮਾਂ ਵੱਲੋਂ ਮ੍ਰਿਤਕਾਂ ਦਾ ਸਹੀ ਅੰਕੜਾ ਕਦੀ ਵੀ ਜਾਰੀ ਨਹੀਂ ਕੀਤਾ ਗਿਆ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਮ੍ਰਿਤਕਾਂ ’ਚੋਂ 379 ਦੀ ਪਛਾਣ ਕੀਤੀ ਗਈ ਸੀ।
ਵਹਿਸ਼ੀਆਨਾ ਹਮਲੇ ਦੇ ਸਮੇਂ ਬਰਤਾਨਵੀ ਫੌਜੀਆਂ ਨੇ ਤੋਪਾਂ ਦੇ ਨਾਲ ਬਾਗ ਤੋਂ ਬਾਹਰ ਨਿਕਲਣ ਦਾ ਇਕੋ ਇਕ ਰਸਤਾ ਬੰਦ ਕਰ ਦਿੱਤਾ ਸੀ। ਉਹ ਹਮਲਾ ਸਭ ਤੋਂ ਵੱਧ ਨਿੰਦਣਯੋਗ ਹਮਲਿਆਂ ’ਚੋਂ ਇਕ ਸੀ, ਜਿਸ ਨੇ ਬਰਤਾਨੀਆ ਨੂੰ ਦੇਸ਼ ਛੱਡਣ ਲਈ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ। ਜੋ ਕੋਈ ਵੀ ਜਲ੍ਹਿਆਂਵਾਲਾ ਬਾਗ ਦੇ ਭੀੜ ਰਸਤੇ ਰਾਹੀਂ ਦਾਖਲ ਹੁੰਦਾ ਹੈ, ਉਸ ਨੂੰ ਇਹ ਸੋਚ ਕੇ ਇਕ ਭਿਆਨਕ ਮਹਿਸੂਸ ਹੁੰਦਾ ਹੈ ਕਿ ਕਿਵੇਂ ਤੋਪਾਂ ਨੂੰ ਉਸ ਭੀੜੇ ਰਸਤੇ ਰਾਹੀਂ ਬਾਗ ਦੇ ਅੰਦਰ ਲਿਜਾਇਆ ਗਿਆ ਅਤੇ ਉੱਥੇ ਬਾਹਰ ਨਿਕਲਣ ਦੇ ਇਕੋ ਇਕ ਰਸਤੇ ਨੂੰ ਰੋਕਿਆ ਗਿਆ। ਉਸ ਇਤਿਹਾਸਕ ਰਸਤੇ ਨੂੰ ਹੁਣ ਢਹਿ-ਢੇਰੀ ਕਰ ਕੇ ਉੱਥੇ ਇਕ ‘ਕਲਾਤਮਕ’ ਰਸਤੇ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ’ਚ ਚਮਕਦਾਰ ਕੰਧ ਚਿੱਤਰ ਬਣਾਏ ਗਏ ਹਨ ਅਤੇ ਉਪਰੋਂ ਉਸ ਨੂੰ ਢੱਕਿਆ ਗਿਆ ਹੈ।
ਮੂਲ ਰਸਤੇ ਨੂੰ ਕਿਉਂ ਨਹੀਂ ਰੱਖਿਆ ਗਿਆ, ਇਸ ਬਾਰੇ ਸਹੀ ਤਰ੍ਹਾਂ ਨਹੀਂ ਦੱਸਿਆ ਗਿਆ। ਕਲਾ ਇਤਿਹਾਸਕਾਰ, ਸੱਭਿਆਚਾਰ ਦੇ ਪ੍ਰੇਮੀ ਅਤੇ ਇੱਥੋਂ ਤੱਕ ਕਿ ਆਮ ਵਿਅਕਤੀ ਵੀ ਇਸ ਨੂੰ ਇਕ ਦਿਖਾਵੇ ਵਾਲੀ ਸੈਰ-ਸਪਾਟੇ ਵਾਲੀ ਥਾਂ ’ਚ ਬਦਲਣ ਦੀਆਂ ਕੋਸ਼ਿਸ਼ਾਂ ਤੋਂ ਦੁਖੀ ਹਨ। ਲੋਕ ਬਾਗ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜਾਂਦੇ ਹਨ ਨਾ ਕਿ ਇਕ ਸਾਫ਼ ਅਤੇ ਸਵੱਛ ਰਸਤੇ ’ਚੋਂ ਲੰਘਣ ਲਈ, ਜਿਸ ’ਚ ਸਥਾਪਤ ਮੂਰਤੀਆਂ ਨੂੰ ਮੀਂਹ ਜਾਂ ਧੁੱਪ ਤੋਂ ਨੁਕਸਾਨੇ ਜਾਣ ਤੋਂ ਬਚਾਉਣ ਲਈ ਛੱਤ ਨਾਲ ਢੱਕਿਆ ਗਿਆ ਹੈ। ਇੱਥੋਂ ਤੱਕ ਕਿ ਉਹ ਸਥਾਨ ਜਿੱਥੇ ਤੋਪਾਂ ਦਾਗੀਆਂ ਗਈਆਂ, ਜਿੱਥੇ ਪਹਿਲਾਂ ਨਿਸ਼ਾਨ ਲਗਾਏ ਗਏ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ, ‘ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਲਈ।’ ਇਕ ਰੰਗਾਰੰਗ ਲਾਈਟ ਲੇਜ਼ਰ ਸ਼ੋਅ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ ਬਾਹਰ ਨਿਕਲਣ ਦਾ ਇਕ ਵੱਖਰਾ ਰਸਤਾ, ਜੋ ਪਹਿਲਾਂ ਕਦੀ ਨਹੀਂ ਸੀ, ਵੀ ਬਣਾਇਆ ਗਿਆ ਹੈ। ਦਰਅਸਲ ਦੋ-ਤਰਫਾ ਮੂਲ ਰਸਤਾ ਇਹ ਮਹਿਸੂਸ ਕਰਵਾਉਂਦਾ ਸੀ ਕਿ ਬਾਗ ’ਚ ਦਾਖਲ ਹੋਣ ਅਤੇ ਬਾਹਰ ਨਿਕਲਣ ਦਾ ਇਹੀ ਇਕ ਰਾਹ ਸੀ।
ਸਾਰੀ ਦੁਨੀਆ ’ਚ ਵਿਰਾਸਤਾਂ ਨੂੰ ਸੁਰੱਖਿਅਤ ਕਰਨ ਦੇ ਲਈ ਵਾਧੂ ਸਾਵਧਾਨੀ ਵਰਤੀ ਜਾਂਦੀ ਹੈ ਅਤੇ ਯਕੀਨੀ ਬਣਾਇਆ ਜਾਂਦਾ ਹੈ ਕਿ ਇਮਾਰਤਾਂ ਦੇ ਬਾਹਰੀ ਹਿੱਸਿਆਂ ਨੂੰ ਛੂਹਿਆ ਨਾ ਜਾਵੇ। ਸਾਰੇ ਯੂਰਪੀਅਨ ਦੇਸ਼ਾਂ ’ਚ ਇਕ ਸਖ਼ਤ ਨਿਯਮ ਹੈ ਕਿ ਪੁਰਾਣੀਆਂ ਇਮਾਰਤਾਂ ਦੇ ਬਾਹਰੀ ਹਿੱਸਿਆਂ ’ਚ ਤਬਦੀਲੀ ਨਹੀਂ ਕੀਤੀ ਜਾ ਸਕਦੀ, ਜਦਕਿ ਅੰਦਰੋਂ ਮੁਰੰਮਤ ਕਰਨ ਦੀ ਇਜਾਜ਼ਤ ਹੈ। ਇਸ ਲਈ ਬਰਤਾਨੀ ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਰਿਹਾਇਸ਼ 10 ਡਾਊਨਿੰਗ ਸਟ੍ਰੀਟ ’ਚ ਦਾਖ਼ਲ ਹੋਣ ਦਾ ਉਹੀ ਰਸਤਾ ਹੈ। ਇੱਥੋਂ ਤੱਕ ਕਿ ਸ਼ੈਕਸਪੀਅਰ ਦੇ ਘਰ ਵਰਗੀਆਂ ਹੋਰ ਇਤਿਹਾਸਕ ਇਮਾਰਤਾਂ ਨੂੰ ਵੀ ਕੋਈ ਤਬਦੀਲੀ ਕੀਤੇ ਬਿਨਾਂ ਬਣਾਈ ਰੱਖਿਆ ਗਿਆ ਹੈ। ਬਰਲਿਨ ਦੀ ਦੀਵਾਰ ਦੇ ਕੁਝ ਹਿੱਸਿਆਂ ਨੂੰ ਉਸੇ ਹਾਲਤ ’ਚ ਰੱਖਿਆ ਗਿਆ ਹੈ ਤਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਤਿਹਾਸ ਦੇ ਤੱਥਾਂ ਬਾਰੇ ਯਾਦ ਦਿਵਾਇਆ ਜਾ ਸਕੇ। ਇਸੇ ਤਰ੍ਹਾਂ ਹੀਰੋਸ਼ਿਮਾ ਅਤੇ ਨਾਗਾਸਾਕੀ ’ਤੇ ਸੁੱਟੇ ਗਏ ਐਟਮ ਬੰਬ ਨਾਲ ਨੁਕਸਾਨੀਆਂ ਕੁਝ ਇਮਾਰਤਾਂ ਵੀ ਯਾਦਗਾਰ ਦੇ ਤੌਰ ’ਤੇ ਉਸੇ ਹਾਲਤ ’ਚ ਰੱਖੀਆਂ ਗਈਆਂ।
ਕੇਂਦਰ ਸਰਕਾਰ ਵੱਲੋਂ ਗਠਿਤ ਇਕ ਕਮੇਟੀ ਵੱਲੋਂ ਬਿਨਾਂ ਸੋਚੇ-ਸਮਝਿਆਂ ਕੀਤੀਆਂ ਗਈਆਂ ਤਬਦੀਲੀਆਂ ਨੇ ਸਾਡੀ ਵਿਰਾਸਤ ਦੇ ਇਕ ਹਿੱਸੇ ਨੂੰ ਸਥਾਈ ਤੌਰ ’ਤੇ ਤਬਾਹ ਕਰ ਦਿੱਤਾ ਹੈ। ਕਮੇਟੀ ਨੂੰ ਆਪਣੀਆਂ ਯੋਜਨਾਵਾਂ ਨੂੰ ਅਮਲ ’ਚ ਲਿਆਉਣ ਤੋਂ ਪਹਿਲਾਂ ਇਤਿਹਾਸਕਾਰਾਂ ਨਾਲ ਸਲਾਹ ਕਰਨੀ ਅਤੇ ਆਪਣੇ ਫ਼ੈਸਲਿਆਂ ਨੂੰ ਜਨਤਕ ਕਰਨਾ ਚਾਹੀਦਾ ਸੀ। ਇੱਥੋਂ ਤੱਕ ਕਿ ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਕਮੇਟੀ ਨੇ ਵੀ ਇਸ ਦੀ ਆਲੋਚਨਾ ਕੀਤੀ ਹੈ। ਇਸ ਦੇ ਪ੍ਰਧਾਨ ਮਹੇਸ਼ ਬਹਿਲ ਨੇ ਕਿਹਾ ਹੈ ਕਿ ਕੰਧਾਂ ’ਤੇ ਪਲੱਸਤਰ ਕਰ ਕੇ ਅਤੇ ਇਸ ਦੀਆਂ ਦੋਵਾਂ ਕੰਧਾਂ ਅਤੇ ਦਰਵਾਜ਼ਿਆਂ ਤੇ ਖਿੜਕੀਆਂ ’ਤੇ ਸੀਮੈਂਟ ਨਾਲ ਭਿੱਤੀ ਚਿੱਤਰ ਬਣਾ ਕੇ ਰਸਤੇ ਨੂੰ ਇਕ ਨਵਾਂ ਰੂਪ ਦਿੱਤਾ ਗਿਆ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਰਸਤੇ ’ਚੋਂ ਲੱਕੜੀ ਦੀਆਂ ਲੱਠਾਂ ਨੂੰ ਕਿਉਂ ਹਟਾ ਦਿੱਤਾ ਗਿਆ।
ਪ੍ਰਸਿੱਧ ਬਰਤਾਨਵੀ ਇਤਿਹਾਸਕਾਰ ਕਿਮ ਵੈਗਨਰ ਨੇ ਟਿੱਪਣੀ ਕੀਤੀ ਹੈ ਕਿ ਅਪ੍ਰੈਲ 1919 ਦੇ ਕਤਲੇਆਮ ਦੇ ਆਖਰੀ ਨਿਸ਼ਾਨੇ ਨੂੰ ਪ੍ਰਭਾਵਪੂਰਨ ਢੰਗ ਨਾਲ ਮਿਟਾ ਦਿੱਤਾ ਗਿਆ ਹੈ। ਜਿਹੜੇ ਲੋਕਾਂ ਨੇ ਘਿਨੌਣੀ ਹਿੰਸਾ ’ਚ ਆਪਣੀਆਂ ਜਾਨਾਂ ਗੁਆ ਦਿੱਤੀਆਂ, ਉਨ੍ਹਾਂ ਦੇ ਲਈ ਇਕ ਬਹੁਤ ਵਧੀਆ ਯਾਦਗਾਰ ਬਣਾਉਣ ਦੀ ਬਜਾਏ ਸਰਕਾਰ ਨੇ ਯਾਦਗਾਰ ਨੂੰ ਇਕ ਤੜਕ-ਭੜਕ ਵਾਲੇ ਆਧੁਨਿਕ ਦਿਖਾਈ ਦੇਣ ਵਾਲੇ ਢਾਂਚੇ ’ਚ ਬਦਲ ਦਿੱਤਾ ਹੈ। ਸੁਪਰੀਮ ਕੋਰਟ ਨੂੰ ਜ਼ਰੂਰ ਇਸ ਤਰ੍ਹਾਂ ਦੇ ਮਾਮਲੇ ’ਤੇ ਧਿਆਨ ਦੇਣਾ ਅਤੇ ਸਰਕਾਰ ਨੂੰ ਇਤਿਹਾਸ ਦੇ ਨਾਲ ਛੇੜਛਾੜ ਕਰਨ ਤੋਂ ਬਚਣ ਦੇ ਲਈ ਕਹਿਣਾ ਚਾਹੀਦਾ ਹੈ।
ਕੋਟਕਪੂਰਾ ਗੋਲੀਕਾਂਡ 'ਤੇ ਨਹੀਂ ਖੁੱਲ੍ਹੀ ਵਿਧਾਇਕਾਂ ਦੀ ਜ਼ੁਬਾਨ, SIT ਵੱਲੋਂ ਮੰਗੀ ਗਈ ਸੀ ਜਾਣਕਾਰੀ
NEXT STORY