ਜਲੰਧਰ (ਧਵਨ) - ਪਾਕਿਸਤਾਨ ਸਥਿਤ ਹਿੰਦੂਆਂ ਦੇ ਪ੍ਰਸਿੱਧ ਤੀਰਥ ਅਸਥਾਨ ਸ਼੍ਰੀ ਕਟਾਸਰਾਜ ਧਾਮ ਯਾਤਰਾ 'ਤੇ ਗਿਆ ਤੀਰਥ ਯਾਤਰੀਆਂ ਦਾ ਜਥਾ ਪਰਤ ਆਇਆ ਹੈ। ਕੇਂਦਰੀ ਸਨਾਤਨ ਧਰਮ ਤੇ ਉੱਤਰੀ ਭਾਰਤ ਦੇ ਪ੍ਰਧਾਨ ਸ਼ਿਵ ਪ੍ਰਤਾਪ ਬਜਾਜ ਦੀ ਅਗਵਾਈ ਵਿਚ ਗਏ ਤੀਰਥ ਯਾਤਰੀਆਂ ਦੇ ਜਥੇ ਨੇ ਕਿਹਾ ਕਿ ਪਾਕਿਸਤਾਨ ਵਿਚ ਸਿਆਸੀ ਅਸਥਿਰਤਾ ਤੇ ਘਰੇਲੂ ਹਿੰਸਕ ਘਟਨਾਵਾਂ ਦੇ ਬਾਵਜੂਦ ਤੀਰਥ ਯਾਤਰਾ ਭਗਵਾਨ ਸ਼ਿਵ ਦੀ ਕਿਰਪਾ ਨਾਲ ਸੁਖ ਸਾਂਦ ਨਾਲ ਸੰਪੰਨ ਹੋਈ। ਸ਼੍ਰੀ ਬਜਾਜ ਤੇ ਹੋਰ ਅਹੁਦੇਦਾਰਾਂ ਨੇ ਅੱਜ ਜਲੰਧਰ ਵਿਚ ਸ਼੍ਰੀ ਵਿਜੇ ਚੋਪੜਾ ਨੂੰ ਪਵਿੱਤਰ ਸਰੋਵਰ ਦਾ ਜਲ ਤੇ ਪ੍ਰਸ਼ਾਦ ਭੇਟ ਕੀਤਾ। ਜਾਣ ਤੋਂ ਪਹਿਲਾਂ ਵੀ ਜਥੇ ਦੇ ਮੈਂਬਰਾਂ ਨੇ ਸ਼੍ਰੀ ਚੋਪੜਾ ਨਾਲ ਮੁਲਾਕਾਤ ਕੀਤੀ ਸੀ। ਬਜਾਜ ਨੇ ਕਿਹਾ ਕਿ ਤੀਰਥ ਯਾਤਰਾ 'ਤੇ ਗਏ ਯਾਤਰੀਆਂ ਦੀ ਸੁਰੱਖਿਆ ਲਈ ਪਾਕਿਸਤਾਨ ਸਰਕਾਰ ਵਲੋਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਤੀਰਥ ਯਾਤਰੀ ਜਿਨ੍ਹਾਂ-ਜਿਨ੍ਹਾਂ ਥਾਵਾਂ 'ਤੇ ਗਏ , ਉਥੇ ਪੁਲਸ ਤੇ ਸੁਰੱਖਿਆ ਦਾ ਸਖ਼ਤ ਪਹਿਰਾ ਮੌਜੂਦ ਸੀ। ਜ਼ਿਲਾ ਲਾਹੌਰ ਪ੍ਰਸ਼ਾਸਨ ਤੇ ਪਾਕਿਸਤਾਨ ਵਕਫ ਬੋਰਡ ਦੇ ਅਧਿਕਾਰੀਆਂ ਨੇ ਜਥੇ ਦੇ ਮੈਂਬਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਯਾਤਰੀਆਂ ਦੇ ਜਥੇ ਦੇ ਉਪ ਆਗੂ ਪ੍ਰੇਮ ਨਾਰੰਗ ਤੇ ਤ੍ਰਿਲੋਚਨ ਚੰਦ ਨੇ ਦੱਸਿਆ ਕਿ ਲਾਹੌਰ ਵਿਚ ਰਾਤ ਠਹਿਰਣ ਤੋਂ ਬਾਅਦ 2 ਦਸੰਬਰ ਨੂੰ ਤੀਰਥ ਯਾਤਰੀ ਸ਼੍ਰੀ ਕਟਾਸਰਾਜ ਲਈ ਰਵਾਨਾ ਹੋਏ। 3 ਦਸੰਬਰ ਨੂੰ ਪੁੰਨਿਆ ਮੌਕੇ ਸ਼੍ਰੀ ਕਟਾਸਰਾਜ ਵਿਚ ਵੱਖ-ਵੱਖ ਧਾਰਮਿਕ ਪ੍ਰੋਗਰਾਮ ਹੋਏ ਤੇ ਯਾਤਰੀਆਂ ਨੇ ਪਵਿੱਤਰ ਸ਼੍ਰੀ ਅਮਰਕੁੰਡ ਵਿਚ ਇਸ਼ਨਾਨ ਕੀਤਾ। ਸ਼ਾਮ ਨੂੰ ਅਮਰਕੁੰਡ ਦੇ ਕੰਢੇ ਦੀਪਮਾਲਾ ਕੀਤੀ ਗਈ। ਵਕਫ ਬੋਰਡ ਵਲੋਂ ਤੀਰਥ ਯਾਤਰੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਕ ਜਸਵੰਤ ਸਿੰਘ,ਪ੍ਰਦੀਪ ਸ਼ਰਮਾ, ਰੋਸ਼ਨ ਲਾਲ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਥੇ ਵਿਚ ਸ਼ਾਮਲ ਮੈਂਬਰਾਂ ਨੇ ਲਾਹੌਰ ਵਿਚ ਮਹਾਰਾਜ ਲਵ ਦੇ ਪੁਰਾਣੇ ਸ਼ਾਹੀ ਕਿਲੇ ਵਿਚ ਉਨ੍ਹਾਂ ਦੀ ਸਮਾਧੀ 'ਤੇ ਜਾ ਕੇ ਸ਼ਰਧਾਂਜਲੀ ਦਿੱਤੇ। ਉਥੇ ਭਗਵਾਨ ਸ਼੍ਰੀ ਰਾਮ ਦਾ ਗੁਣਗਾਨ ਤੇ ਕੀਰਤਨ ਕੀਤਾ ਗਿਆ। ਸ਼੍ਰੀ ਕਟਾਸਰਾਜ ਯਾਤਰਾ 'ਤੇ ਜਾਣ ਵਾਲੇ ਮੈਂਬਰ ਪੰਜਾਬ, ਹਰਿਆਣਾ, ਦਿੱਲੀ, ਉਤਰਾਖੰਡ,ਮੱਧ ਪ੍ਰਦੇਸ਼, ਕਰਨਾਟਕ,ਛੱਤੀਸਗੜ੍ਹ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਨਾਲ ਸਬੰਧਤ ਸਨ।
ਟਾਰਗੈੱਟ ਕਿਲਿੰਗ : ਗੁਗਨੀ ਦੇ ਮੈਨੇਜਰ ਅਨਿਲ ਕਾਲਾ ਦਾ ਰਿਮਾਂਡ 3 ਦਿਨ ਲਈ ਵਧਿਆ
NEXT STORY