ਕਪੂਰਥਲਾ, (ਭੂਸ਼ਣ)- ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਫੌਜ ਦੇ ਮੈਡੀਕਲ ਵਿੰਗ 'ਚ ਲੈਬਾਰਟਰੀ ਟੈਕਨੀਸ਼ੀਅਨ ਦੀ ਨੌਕਰੀ ਹਾਸਲ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 2 ਮਹਿਲਾ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ 2 ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਫਿਲਹਾਲ ਮਾਮਲੇ 'ਚ ਨਾਮਜ਼ਦ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਕਪੂਰਥਲਾ ਛਾਉਣੀ ਦੇ ਮੈਡੀਕਲ ਵਿੰਗ ਈ. ਸੀ. ਐੱਚ. ਐੱਸ. ਦੇ ਇੰਚਾਰਜ ਲੈਫਟੀਨੈਂਟ ਕਰਨਲ ਸੀ. ਬੀ. ਪਨ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੇ ਵਿੰਗ ਦੇ ਫਗਵਾੜਾ 'ਚ ਚੱਲ ਰਹੇ ਈ. ਸੀ. ਐੱਚ. ਐੱਸ. ਪਾਲੀਕਲੀਨਿਕ 'ਚ ਤਾਇਨਾਤ ਹਰਪ੍ਰੀਤ ਕੌਰ ਪੁੱਤਰੀ ਦਲਜੀਤ ਸਿੰਘ ਵਾਸੀ ਹੁਸ਼ਿਆਰਪੁਰ ਨੇ ਇਕ ਲੈਬਾਰਟਰੀ 'ਚ 16 ਅਗਸਤ 2010 ਤੋਂ ਲੈ ਕੇ 20 ਫਰਵਰੀ 2012 ਤੱਕ ਦੇ ਆਪਣੇ ਅਨੁਭਵ ਦਾ ਸਰਟੀਫਿਕੇਟ ਦਿੱਤਾ ਸੀ, ਜਿਸ ਦੇ ਆਧਾਰ 'ਤੇ ਹਰਪ੍ਰੀਤ ਕੌਰ ਦੀ ਫਗਵਾੜਾ 'ਚ ਨਿਯੁਕਤੀ ਕਰ ਦਿੱਤੀ ਗਈ ਸੀ ਪਰ ਹੁਣ ਸਬੰਧਿਤ ਲੈਬਾਰਟਰੀ ਤੋਂ ਹਰਪ੍ਰੀਤ ਦੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਤਾਂ ਇਹ ਫਰਜ਼ੀ ਪਾਏ ਗਏ। ਸ਼ਿਕਾਇਤਕਰਤਾ ਲੈਫਟੀਨੈਂਟ ਕਰਨਲ ਨੇ ਦੱਸਿਆ ਕਿ ਹਰਪ੍ਰੀਤ ਨੇ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ 5 ਸਾਲ ਨੌਕਰੀ ਕਰ ਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਆਪਣੀ ਦੂਜੀ ਸ਼ਿਕਾਇਤ 'ਚ ਲੈਫਟੀਨੈਂਟ ਕਰਨਲ ਸੀ. ਬੀ. ਪਨ ਨੇ ਦੱਸਿਆ ਕਿ ਇਸੇ ਤਰ੍ਹਾਂ ਈ. ਸੀ. ਐੱਚ. ਐੱਸ. ਸੁਲਤਾਨਪੁਰ ਲੋਧੀ ਪਾਲੀਕਲੀਨਿਕ ਲਈ ਲੈਬ ਟੈਕਨੀਸ਼ੀਅਨ ਦੇ ਅਹੁਦੇ 'ਤੇ ਤਾਇਨਾਤ ਕੋਮਲਪ੍ਰੀਤ ਕੌਰ ਪਤਨੀ ਜਸਕਰਨ ਸਿੰਘ ਵਾਸੀ ਅਮਰਕੋਟ ਨੇ ਲੋਹੀਆਂ ਦੇ ਇਕ ਨਰਸਿੰਗ ਹੋਮ ਵੱਲੋਂ ਜਾਰੀ 16 ਦਸੰਬਰ, 2011 ਤੋਂ ਲੈ ਕੇ 30 ਸਤੰਬਰ, 2013 ਤੱਕ ਕੰਮ ਕਰਨ ਨੂੰ ਲੈ ਕੇ ਇਕ ਦਸਤਾਵੇਜ਼ ਜਮ੍ਹਾ ਕਰਵਾਇਆ ਸੀ, ਜਿਸ ਦੇ ਆਧਾਰ 'ਤੇ ਕੋਮਲਪ੍ਰੀਤ ਕੌਰ ਨੂੰ ਸੁਲਤਾਨਪੁਰ ਲੋਧੀ 'ਚ ਤਾਇਨਾਤ ਕਰ ਦਿੱਤਾ ਗਿਆ ਸੀ ਪਰ ਜਾਂਚ ਦੌਰਾਨ ਪਤਾ ਚੱਲਿਆ ਕਿ ਜਾਅਲੀ ਅਨੁਭਵ ਸਰਟੀਫਿਕੇਟ ਜਮ੍ਹਾ ਕਰਵਾ ਕੇ ਨੌਕਰੀ ਲੈਣ ਵਾਲੀ ਕੋਮਲਪ੍ਰੀਤ ਕੌਰ ਇਸ ਨਰਸਿੰਗ ਹੋਮ 'ਚ ਸਿਰਫ ਸਹਾਇਕ ਦੇ ਅਹੁਦੇ 'ਤੇ ਕੰਮ ਕਰਦੀ ਸੀ। ਲੈਫਟੀਨੈਂਟ ਕਰਨਲ ਸੀ. ਬੀ. ਪਨ ਦੀਆਂ ਦੋਵਾਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਹਰਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਖਿਲਾਫ ਮਾਮਲੇ ਦਰਜ ਕਰ ਲਏ ਹਨ।
ਕੈਪਟਨ ਅਮਰਿੰਦਰ ਸਿੰਘ ਦੀ ਮਾਮੀ ਗੁਰਚਰਨ ਕੌਰ ਦਾ ਦਿਹਾਂਤ
NEXT STORY