ਚੰਡੀਗੜ੍ਹ : ਜਗਰਾਓਂ ਵਿਚ ਅੱਜ ਇੱਕ ਕਬੱਡੀ ਖਿਡਾਰੀ ਦੀ ਦਿਨ-ਦਿਹਾੜੇ ਹੋਈ ਬੇਰਹਿਮੀ ਨਾਲ ਹੱਤਿਆ ਦੀ ਨਿੰਦਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ 'ਜੰਗਲ ਰਾਜ' ਵਿਚ ਕਦਮ ਰੱਖ ਚੁੱਕਾ ਹੈ, ਜਿੱਥੇ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ ਅਤੇ ਉਹ ਜਿੱਥੇ ਤੇ ਜਦੋਂ ਚਾਹੁਣ, ਲੋਕਾਂ ਨੂੰ ਮਾਰ ਦਿੰਦੇ ਹਨ। ਇਸ ਮੌਕੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵੜਿੰਗ ਨੇ ਤੇਜਪਾਲ ਦੇ ਕਤਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਉਸਦੇ ਕਾਤਲਾਂ ਨੇ ਉਸ ਉੱਪਰ ਐੱਸਐੱਸਪੀ ਜਗਰਾਓਂ ਦੇ ਦਫ਼ਤਰ ਦੇ ਬਿਲਕੁਲ ਨੇੜੇ ਹਮਲਾ ਕੀਤਾ, ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਸੀ।  
ਵੜਿੰਗ ਨੇ ਕਿਹਾ ਕਿ ਇਹ ਪੰਜਾਬ ਵਿਚ ਇਕ ਆਮ ਗੱਲ ਬਣ ਗਈ ਹੈ ਕਿ ਕਾਤਲ ਆਪਣੀ ਮਰਜ਼ੀ ਨਾਲ ਕਤਲ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਦਰਸਾਉਂਦਾ ਹੈ ਕਿ ਇਹ ਹੁਣ ਪੰਜਾਬ ਵਿਚ ਇਕ ਆਮ ਗੱਲ ਬਣ ਗਈ ਹੈ, ਜਿਵੇਂ ਕਿ ਇਹ ਪਹਿਲਾਂ ਕਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਹੁੰਦਾ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ “ਜੰਗਲ ਰਾਜ” ਅਧੀਨ ਹੈ। ਇੱਥੇ ਪੁਲਸ ਜਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਬਜਾਏ ਅਪਰਾਧੀਆਂ, ਗੈਂਗਸਟਰਾਂ ਅਤੇ ਕਾਤਲਾਂ ਦਾ ਰਾਜ ਚੱਲਦਾ ਹੈ।
ਉਨ੍ਹਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਬਦਕਿਸਮਤੀ ਨਾਲ ‘ਆਪ’ ਸਰਕਾਰ ਨਾ ਸਿਰਫ਼ ਨਿਰਾਸ਼ਾਜਨਕ ਤੌਰ 'ਤੇ ਅਯੋਗ ਸਾਬਤ ਹੋਈ ਹੈ, ਸਗੋਂ ਲੋਕਾਂ ਦੀ ਜਾਨ-ਮਾਲ ਬਚਾਉਣ ਅਤੇ ਸੁਰੱਖਿਅਤ ਕਰਨ ਵਿਚ ਬੁਰੀ ਤਰ੍ਹਾਂ ਅਸਮਰੱਥ ਹੈ। ਇਸ ਸਰਕਾਰ ਨੇ ਸੂਬੇ ਅੰਦਰ ਸ਼ਾਸਨ ਚਲਾਉਣ ਦਾ ਅਧਿਕਾਰ ਅਤੇ ਇੱਛਾ ਸ਼ਕਤੀ, ਦੋਵੇਂ ਗੁਆ ਦਿੱਤੇ ਹਨ।
ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ SFJ ਦੇ 3 ਕਾਰਕੁਨ ਕਾਬੂ
NEXT STORY