ਜਲੰਧਰ (ਵਿਸ਼ੇਸ਼) : ਕਾਰਗਿਲ 'ਚ ਜਿੱਤ ਦੇ 20 ਸਾਲ ਪੂਰੇ ਹੋਣ 'ਤੇ 'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਰਿਟਾਇਰਡ ਕਮਾਡੈਂਟ ਪੀ. ਕੇ. ਮੋਲਾ ਸਾਹਿਬ ਨੇ ਕਿਹਾ ਕਿ ਜੇਕਰ ਭਾਰਤ-ਪਾਕਿ ਦੀਆਂ ਸਰਕਾਰਾਂ ਚਾਹੁਣ ਤਾਂ ਕਸ਼ਮੀਰ 'ਚੋਂ ਧਾਰਾ 370 ਹਟ ਸਕਦੀ ਹੈ ਅਤੇ ਕਸ਼ਮੀਰ 'ਚ ਸ਼ਾਂਤੀ ਬਹਾਲ ਹੋ ਸਕਦੀ ਹੈ ਪਰ ਕਸ਼ਮੀਰ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਧਾਰਾ ਹਟੇ। ਪੁਲਵਾਮਾ 'ਚ ਇਸੇ ਸਾਲ ਫਰਵਰੀ 'ਚ ਹੋਏ ਆਤਮਘਾਤੀ ਹਮਲੇ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਖੁੰਝ ਹੋ ਜਾਂਦੀ ਹੈ, ਇਸ 'ਚ ਕਿਤੇ ਨਾ ਕਿਤੇ ਜੰਮੂ-ਕਸ਼ਮੀਰ ਦੀ ਸਰਕਾਰ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਚੈਕਿੰਗ 'ਚ ਸਿਆਸਤ ਹੋਈ ਸੀ, ਜਿਸ ਕਾਰਣ ਧਮਾਕੇ ਵਾਲੀ ਕਾਰ ਦੀ ਚੈਕਿੰਗ ਨਹੀਂ ਹੋਈ। ਜੰਮੂ-ਕਸ਼ਮੀਰ 'ਚ ਸੌ ਫੀਸਦੀ ਵਾਹਨਾਂ ਦੀ ਚੈਕਿੰਗ ਕਰਨਾ ਅਸੰਭਵ ਹੈ।
ਅਸੀਂ ਕੁਝ ਵਾਹਨਾਂ ਦੀ ਤਾਂ ਚੈਕਿੰਗ ਡੂੰਘਾਈ ਨਾਲ ਕਰ ਸਕਦੇ ਹਾਂ ਪਰ ਹਰ ਵਾਹਨ ਦੀ ਨਹੀਂ। ਮੋਲਾ ਸਾਹਿਬ ਨੇ ਕਿਹਾ ਕਿ ਜੇਕਰ ਕਸ਼ਮੀਰ 'ਚ ਇਕ ਬੁਰਹਾਨ ਵਾਨੀ ਮਰ ਜਾਵੇ ਤਾਂ 3 ਦਿਨ ਬੰਦ ਰਹਿੰਦਾ ਹੈ ਪਰ ਜੇਕਰ ਸਾਡਾ ਜਵਾਨ ਸ਼ਹੀਦ ਹੋ ਜਾਵੇ ਤਾਂ ਕੋਈ ਪੁੱਛਣ ਵਾਲਾ ਨਹੀਂ। ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦਾ ਕਸ਼ਮੀਰ ਦੀ ਜਨਤਾ 'ਤੇ ਕੋਈ ਅਸਰ ਨਹੀਂ ਹੁੰੰਦਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਸ਼ਮੀਰ 'ਚ ਘੁਸਪੈਠ ਨਹੀਂ ਰੁਕ ਸਕਦੀ? ਤਾਂ ਉਨ੍ਹਾਂ ਕਿਹਾ ਕਿ ਇਥੋਂ ਦੇ ਬਾਰਡਰ ਪੂਰੀ ਤਰ੍ਹਾਂ ਸੀਲ ਨਹੀਂ ਹੋ ਸਕਦੇ ਕਿਉਂਕਿ ਇਥੇ ਸੰਘਣੇ ਜੰਗਲ, ਉੱਚੇ-ਉੱਚੇ ਪਹਾੜਾਂ 'ਤੇ ਜਵਾਨਾਂ ਦੀ ਤਾਇਨਾਤੀ ਦੇ ਬਾਵਜੂਦ ਘੁਸਪੈਠ ਰੋਕਣਾ ਸੰਭਵ ਨਹੀਂ ਹੈ ਪਰ ਫਿਰ ਵੀ ਸਾਡੇ ਜਵਾਨ ਆਪਣਾ ਕੰਮ ਬਾਖੂਬੀ ਕਰ ਰਹੇ ਹਨ। ਅੰਤ 'ਚ ਉਨ੍ਹਾਂ ਕਿਹਾ ਕਿ ਕੰਮ ਦੋਵੇਂ ਪਾਸਿਓਂ ਹੋ ਰਿਹਾ ਹੈ। ਜੇਕਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਚਾਹੁਣ ਤਾਂ ਕਸ਼ਮੀਰ 'ਚ ਸ਼ਾਂਤੀ ਬਹਾਲ ਹੋ ਸਕਦੀ ਹੈ।
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY