ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਵੱਖਵਾਦੀ ਖਾਲਿਸਤਾਨੀ ਰਿਫਰੈਂਡਮ 2020 ਦਾ ਸਮਰਥਨ ਕਰਨ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਕੱਟੜਪੰਥੀਆਂ ਵੱਲੋਂ ਖਾਲਿਸਤਾਨ ਬਣਾਉਣ ਲਈ ਸਿੱਖ ਰਿਫਰੈਂਡਮ ਦੀ ਗੱਲ ਕਹੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਖਹਿਰਾ ਵੱਲੋਂ ਰਿਫਰੈਂਡਮ ਦਾ ਸਮਰਥਨ ਮੰਦਭਾਗਾ ਹੈ ਅਤੇ ਇਸ ਤੋਂ ਜਾਪਦਾ ਹੈ ਕਿ ਖਹਿਰਾ ਨੂੰ ਪੰਜਾਬ ਦੇ ਇਤਿਹਾਸ ਜਾਂ ਇਸ ਦੇ ਸੰਭਾਵਿਤ ਨਤੀਜਿਆਂ ਦੀ ਜਾਣਕਾਰੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਸੂਬੇ ਦੇ ਲੋਕਾਂ ਨੇ ਵੱਖਵਾਦੀ ਲਹਿਰ ਦੌਰਾਨ ਭਾਰੀ ਨੁਕਸਾਨ ਝੱਲਿਆ ਹੈ। ਕੱਟੜਪੰਥੀਆਂ ਵੱਲੋਂ ਖਾਲਿਸਤਾਨ ਦੀ ਪ੍ਰਾਪਤੀ ਲਈ ਪੰਜਾਬ 'ਚ ਚਲਾਈ ਗਈ ਲਹਿਰ ਦੌਰਾਨ ਅਨੇਕਾਂ ਨਿਰਦੋਸ਼ ਮਾਰੇ ਗਏ। ਖਹਿਰਾ ਨੂੰ ਪੰਜਾਬ ਦੇ ਇਤਿਹਾਸ 'ਤੇ ਨਜ਼ਰ ਰੱਖਣੀ ਚਾਹੀਦੀ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਵਾਦਤ ਰਿਫਰੈਂਡਮ ਦਾ ਸਮਰਥਨ ਜੇਕਰ ਕੋਈ ਕਰਦਾ ਹੈ ਤਾਂ ਉਸ ਤੋਂ ਉਸ ਦੇ ਇਰਾਦਿਆਂ ਦਾ ਪਤਾ ਲੱਗ ਜਾਂਦਾ ਹੈ। ਅਜਿਹਾ ਵਿਅਕਤੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਪੱਖ 'ਚ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖਹਿਰਾ ਦੇ ਬਿਆਨ 'ਤੇ ਖਾਲਿਸਤਾਨ 'ਤੇ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਕੀ ਖਹਿਰਾ ਨੇ ਉਕਤ ਬਿਆਨ ਨਿੱਜੀ ਹੈਸੀਅਤ ਨਾਲ ਦਿੱਤਾ ਹੈ ਜਾਂ ਫਿਰ ਉਸ ਦੇ ਪਿੱਛੇ ਪਾਰਟੀ ਦਾ ਸਟੈਂਡ ਹੈ? ਉਨ੍ਹਾਂ ਕਿਹਾ ਕਿ ਕੇਜਰੀਵਾਲ ਖੁਦ ਖਾਲਿਸਤਾਨ ਹਮਾਇਤੀਆਂ ਨਾਲ ਪਿਛਲੇ ਸਮੇਂ 'ਚ ਗੰਢਤੁੱਪ ਕਰਦੇ ਰਹੇ ਹਨ। ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਸਮੇਂ ਵੀ ਕੇਜਰੀਵਾਲ ਖਾਲਿਸਤਾਨੀਆਂ ਦੇ ਘਰ ਠਹਿਰੇ ਸਨ।
'ਆਪ' ਲੀਡਰਸ਼ਿਪ ਨੂੰ ਹੁਣ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਪੰਜਾਬ ਵਿਚ ਅਮਨ ਤੇ ਸ਼ਾਂਤੀ ਬਣਾਈ ਰੱਖਣ ਦੇ ਪੱਖ ਵਿਚ ਹਨ ਜਾਂ ਨਹੀਂ ਤੇ ਕੀ 'ਆਪ' ਦਾ ਭਾਰਤੀ ਸੰਵਿਧਾਨ ਵਿਚ ਭਰੋਸਾ ਹੈ ਜਾਂ ਨਹੀਂ? ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਸਾਰੇ ਭਾਈਚਾਰਿਆਂ ਨਾਲ ਇਨਸਾਫ ਕਰ ਰਹੀ ਹੈ ਅਤੇ ਉਹ ਸੂਬੇ ਵਿਚ ਅਮਨ ਤੇ ਸ਼ਾਂਤੀ ਨੂੰ ਕਿਸੇ ਵੀ ਕੀਮਤ 'ਤੇ ਭੰਗ ਨਹੀਂ ਹੋਣ ਦੇਵੇਗੀ। ਸੂਬੇ ਵਿਚ ਮਨੁੱਖੀ ਅਧਿਕਾਰਾਂ ਦੀ ਪੂਰੀ ਸੁਰੱਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸੂਬੇ ਵਿਚ ਸ਼ਾਂਤੀ ਤੇ ਭਾਈਚਾਰੇ ਨੂੰ ਕਿਸੇ ਨੂੰ ਵੀ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਣਗੇ।
ਖਹਿਰਾ ਮੁੱਕਰੇ, ਕਿਹਾ-ਰਿਫਰੈਂਡਮ ਦਾ ਸਮਰਥਕ ਨਹੀਂ,ਅਕਾਲੀ ਪੜ੍ਹਣ ਆਪਣਾ ਇਤਿਹਾਸ
NEXT STORY