ਚੰਡੀਗੜ੍ਹ (ਰਮਨਜੀਤ) : ਹਾਲ ਹੀ ਦੇ ਸਮੇਂ ਵਿਚ ਪੰਜਾਬ ਸਮੇਤ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਹੋਈਆਂ ਖਾਲਿਸਤਾਨੀ ਅੱਤਵਾਦੀ ਸਰਗਰਮੀਆਂ ਨਾਲ ਜੁੜੀਆਂ ਘਟਨਾਵਾਂ ਨੇ ਇਕ ਵਾਰ ਫਿਰ ਇਹ ਬਹਿਸ ਛੇੜ ਦਿੱਤੀ ਹੈ ਕਿ ਪੰਜਾਬ ਫਿਰ ਤੋਂ ਦੇਸ਼ ਵਿਰੋਧੀ ਤਾਕਤਾਂ ਦੇ ਨਿਸ਼ਾਨੇ ’ਤੇ ਹੈ। ਅੱਤਵਾਦ ਦਾ ਲੰਬਾ ਦੌਰ ਝੱਲ ਚੁੱਕੇ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁਚਲਣ ਲਈ ਵੀ ਸ਼ਲਾਘਾ ਹਾਸਿਲ ਕਰ ਚੁੱਕੇ ਪੰਜਾਬ ਲਈ ਮੌਜੂਦਾ ਸਮੇਂ ਵਿਚ ਸਿਰ ਚੁੱਕ ਰਹੀਆਂ ਇਹ ਇੱਕਾ-ਦੁੱਕਾ ਘਟਨਾਵਾਂ ਵੀ ਚਿੰਤਾ ਦਾ ਸਬੱਬ ਬਣੀਆਂ ਹੋਈਆਂ ਹਨ। ਪੁਲਸ ਲਈ ਵੱਡੀ ਚੁਣੌਤੀ ਦੇ ਤੌਰ ’ਤੇ ਗੈਂਗਸਟਰ, ਖਾਲਿਸਤਾਨੀ ਅਤੇ ਨਸ਼ਾ ਤਸਕਰਾਂ ਦਾ ਗੱਠਜੋੜ ਮੌਜੂਦ ਹੈ। ਖਾਲਿਸਤਾਨੀਆਂ ਵੱਲੋਂ ਆਪਣੀ ਰਣਨੀਤੀ ਬਦਲਕੇ ਛੋਟੇ-ਮੋਟੇ ਮੁਲਜ਼ਮਾਂ ਜ਼ਰੀਏ ਆਪਣੇ ਨਾਪਾਕ ਇਰਾਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅੱਤਵਾਦੀ ਸਰਗਰਮੀਆਂ ਨਾਲ ਜੁੜਿਆ ਕੋਈ ਪੁਰਾਣਾ ਰਿਕਾਰਡ ਨਾ ਹੋਣ ਕਾਰਣ ਛੋਟੇ ਮੁਲਜ਼ਮਾਂ ਬਾਰੇ ਉਹੋ ਜਿਹਾ ਲਗਾਤਾਰ ਫੀਡਬੈਕ ਹਾਸਿਲ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਕਿਸੇ ਜ਼ਮਾਨੇ ਵਿਚ ਅੱਤਵਾਦੀ ਸੰਗਠਨਾਂ ਦੇ ਹਮਦਰਦ ਰਹੇ ਲੋਕਾਂ ਦਾ ਹਾਸਿਲ ਕੀਤਾ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ : ਜਾਖੜ ਦੇ ਬਿਆਨ ਤੋਂ ਬਾਅਦ ਗੁੱਸੇ ਨਾਲ ‘ਲਾਲ’ ਹੋਏ ਰਾਜਾ ਵੜਿੰਗ, ਦਿੱਤੀ ਤਿੱਖੀ ਪ੍ਰਤੀਕਿਰਿਆ
ਅੱਤਵਾਦ ਨਾਲ ਲੜਨ ਵਾਲੇ ਪੁਲਸ ਅਧਿਕਾਰੀਆਂ ਦਾ ਵੀ ਇਹੀ ਮੰਨਣਾ ਹੈ ਕਿ ਭਾਵੇਂ ਹੀ ਪੰਜਾਬ ਵਿਚ ਅੱਤਵਾਦ ਦੁਬਾਰਾ ਕਦੇ ਵੀ ਆਪਣਾ ਸਿਰ ਨਹੀਂ ਚੁੱਕ ਸਕਦਾ ਪਰ ਕੁਝ ਘਟਨਾਵਾਂ ਨੂੰ ਲੈ ਕੇ ਵੀ ਪੰਜਾਬ ਪੁਲਸ ਨੂੰ ਢਿੱਲ ਨਾ ਵਰਤਦੇ ਹੋਏ ਸਖ਼ਤ ਕਦਮ ਚੁੱਕਣ ਦੀ ਸਲਾਹ ਤਾਂ ਮਾਹਿਰ ਦੇ ਹੀ ਰਹੇ ਹਨ, ਨਾਲ ਹੀ ਸਾਰੇ ਅਪਰਾਧਿਕ ਅਤੇ ਗੁੰਡਾ ਅਨਸਰਾਂ ਦੀ ਲਗਾਤਾਰ ਥਾਣਿਆਂ ਵਿਚ ਪੇਸ਼ੀ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦੀ ਸਲਾਹ ਵੀ ਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਖਾਲਿਸਤਾਨੀ ਅਨਸਰ ਪੰਜਾਬ ਵਿਚ ਹਾਲ ਹੀ ਦੌਰਾਨ ਹੋਏ ਸੱਤਾ ਤਬਦੀਲੀ ਦੇ ਮੱਦੇਨਜ਼ਰ ਮਾਹੌਲ ਦਾ ਅੰਦਾਜ਼ਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਗੈਂਗਸਟਰ ਤੋਂ ਖ਼ਤਰਨਾਕ ਅੱਤਵਾਦੀ ਬਣਿਆ ਰਿੰਦਾ ਨੂਰਪੁਰਬੇਦੀ ’ਚ ਕਰ ਚੁੱਕਾ ਹੈ ਵੱਡੀ ਵਾਰਦਾਤ
ਧਿਆਨ ਰਹੇ ਕਿ ਪੰਜਾਬ ਨੇ ਲਗਭਗ ਡੇਢ ਦਹਾਕੇ ਤੱਕ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਦੀਆਂ ਸਮਾਜ ਵਿਰੋਧੀ ਸਰਗਰਮੀਆਂ ਨੂੰ ਆਪਣੇ ਸੀਨੇ ’ਤੇ ਝੱਲਿਆ ਹੈ ਅਤੇ ਇਸ ਲਈ ਉਸ ਸਮੇਂ ਉੱਠੇ ਜਨ ਸਮਰਥਨ ਦਾ ਪਤਨ ਹੁੰਦੇ ਵੀ ਵੇਖਿਆ ਹੈ। ਖਾਲਿਸਤਾਨ, ਹੁਣ ਪੰਜਾਬੀਆਂ ਲਈ ਭੁੱਲਿਆ-ਬਿਸਰਿਆ ਕਿੱਸਾ ਹੈ ਅਤੇ ਇਸ ਲਈ ਜ਼ਮੀਨੀ ਪੱਧਰ ’ਤੇ ਪੰਜਾਬ ਵਿਚ ਕੋਈ ਵੀ ਜਗ੍ਹਾ ਮੌਜੂਦ ਨਹੀਂ ਹੈ ਪਰ ਫਿਰ ਵੀ ਕੁਝ ਸੰਗਠਨ ਜਾਂ ਵਿਅਕਤੀ ਇਸ ਮੁੱਦੇ ਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ। 9 ਮਈ ਨੂੰ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਰਾਕੇਟ ਪ੍ਰੋਪੈਲਡ ਗ੍ਰੇਨੇਡ ਹਮਲੇ ਤੋਂ ਵੀ ਇੰਝ ਹੀ ਸੰਕੇਤ ਮਿਲੇ ਹਨ ਕਿ ਖਾਲਿਸਤਾਨੀ ਸੰਗਠਨ ਪੰਜਾਬ ਵਿਚ ਵੱਖਵਾਦ ਨੂੰ ਫਿਰ ਤੋਂ ਉਤਸ਼ਾਹ ਦੇਣ ਅਤੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਲਈ ਸਰਗਰਮ ਹਨ। ਹਮਲੇ ਦੀ ਸਾਜ਼ਿਸ਼ ਵਿਚ ਸ਼ਾਮਿਲ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਅਤੇ ਸਾਜ਼ਿਸ਼ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਪੁਲਸ ਹੈੱਡਕੁਆਟਰ ’ਤੇ ਪੱਤਰਕਾਰਾਂ ਨੂੰ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਆਰ. ਪੀ. ਜੀ. ਹਮਲੇ ਦੇ ਪਿੱਛੇ ਅਸਲ ਵਿਚ ਪਾਕਿਸਤਾਨ ਵਿਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪ੍ਰਮੁੱਖ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਪੂਰਾ ਸਹਿਯੋਗ ਹੋਣ ਦਾ ਪਤਾ ਲੱਗਾ ਹੈ।
ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਗ੍ਰਿਫ਼ਤਾਰ ਕੀਤੇ ਪਤੀ-ਪਤਨੀ, ਜਾਣੋ ਕੀ ਹੈ ਪੂਰਾ ਮਾਮਲਾ
ਪਾਕਿਸਤਾਨ ਵਲੋਂ ਪੰਜਾਬ ਵਿਚ ਡਰੋਨ ਦੇ ਜ਼ਰੀਏ ਨਸ਼ਾ ਅਤੇ ਹਥਿਆਰ ਭੇਜੇ ਜਾਣ ਦਾ ਪਹਿਲੀ ਵਾਰ ਪਤਾ ਲੱਗਣ ਤੋਂ ਬਾਅਦ ਲਗਾਤਾਰ ਪੰਜਾਬ ਪੁਲਸ ਡਰੋਨ, ਨਸ਼ਾ ਅਤੇ ਹਥਿਆਰ, ਟਿਫਿਨ ਬੰਬ ਅਤੇ ਆਈ. ਈ. ਡੀ. ਬਰਾਮਦ ਕਰ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਲਗਾਤਾਰ ਇਹੀ ਕਹਿੰਦੇ ਰਹੇ ਕਿ ਕਿਸਾਨ ਅੰਦੋਲਨ ਦੌਰਾਨ ਬਣੇ ਹੋਏ ਭਾਵਨਾਤਮਕ ਮਾਹੌਲ ਦਾ ਫਾਇਦਾ ਵਿਦੇਸ਼ੀ ਅੱਤਵਾਦੀ ਸੰਗਠਨ ਆਪਣੇ ਵਿਸਥਾਰ ਲਈ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਵੀ ਲਗਾਤਾਰ ਵਿਸਫੋਟਕ ਸਮੱਗਰੀ ਅਤੇ ਉਨ੍ਹਾਂ ਨੂੰ ਲਿਜਾਅ ਰਹੇ ਮੁਲਜ਼ਮਾਂ ਨੂੰ ਫੜਦੀ ਰਹੀ ਹੈ। ਇਸ ਵਿਚ ਪੰਜਾਬ ਪੁਲਸ ਦੇ ਜਲੰਧਰ ਦੇ ਮਕਸੂਦਾਂ ਸਥਿਤ ਪੁਲਸ ਥਾਣੇ, ਨਵਾਂਸ਼ਹਿਰ ਦੇ ਸੀ.ਆਈ.ਏ. ਸਟਾਫ, ਪਠਾਨਕੋਟ ਆਰਮੀ ਬੇਸ ਨੇੜੇ, ਜਲਾਲਾਬਾਦ, ਗੁਰਦਾਸਪੁਰ ਜ਼ਿਲ੍ਹੇ ਦੇ ਇਲਾਕੇ ਵਿਚ ਕਿਤੇ ਗ੍ਰਨੇਡ ਨਾਲ ਹਮਲਾ ਹੋਇਆ ਅਤੇ ਕਿਤੇ ਆਈ. ਈ. ਡੀ. ਦਾ ਵਿਸਫੋਟ ਟੈਸਟ ਕਰਨ ਵਾਂਗ ਤਾਂ ਨਹੀਂ ਕੀਤਾ ਗਿਆ। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦੇਖਣ ’ਤੇ ਪਤਾ ਲੱਗਦਾ ਹੈ ਕਿ ਸੂਬੇ ਵਿਚ ਅੱਤਵਾਦ ਨੂੰ ਜਿਉਂਦਾ ਕਰਨ ਲਈ ਵਿਦੇਸ਼ੀ ਅੱਤਵਾਦੀ ਸੰਗਠਨ ਯਤਨ ਕਰ ਰਹੇ ਹਨ ਅਤੇ ਲੋਕਾਂ ਨੂੰ ਗਲਤ ਪ੍ਰਚਾਰ ਜ਼ਰੀਏ ਆਪਣੇ ਨਾਲ ਜੋੜ ਰਹੇ ਹਨ। ਇਸ ਕੰਮ ਵਿਚ ਅੱਤਵਾਦੀ ਸੰਗਠਨਾਂ ਦੇ ਪੁਰਾਣੇ ਸੰਪਰਕਾਂ, ਜਿਨ੍ਹਾਂ ਨੂੰ ਸਲੀਪਰ ਸੈੱਲ ਕਿਹਾ ਜਾਂਦਾ ਹੈ, ਦੇ ਨਾਲ-ਨਾਲ ਗੈਂਗਸਟਰ ਵੀ ਮੈਨਪਾਵਰ ਜੁਟਾਉਣ ਵਿਚ ਸਹਿਯੋਗ ਦੇ ਰਹੇ ਹਨ।
ਇਹ ਵੀ ਪੜ੍ਹੋ : ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸੁਨੀਲ ਜਾਖੜ ਦੇ ਹੱਕ ’ਚ ਆਏ ਨਵਜੋਤ ਸਿੱਧੂ, ਦਿੱਤਾ ਵੱਡਾ ਬਿਆਨ
ਚੌਕਸੀ ਵਰਤੇ ਸਰਕਾਰ
ਭਾਰਤੀ ਫੌਜ ਦੇ ਸਪੈਸ਼ਲ ਫੋਰਸੇਜ ’ਚ ਸਾਬਕਾ ਅਧਿਕਾਰੀ ਦੇ ਤੌਰ ’ਤੇ ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਇਲਾਕਿਆਂ ਵਿਚ ਤਾਇਨਾਤ ਰਹੇ ਅਤੇ ਪੰਜਾਬ ਪੁਲਸ ਦੇ ਸੇਵਾਮੁਕਤ ਏ. ਡੀ. ਜੀ. ਪੀ. ਰਾਕੇਸ਼ ਚੰਦਰਾ ਦਾ ਕਹਿਣਾ ਹੈ ਕਿ ਘਟਨਾਵਾਂ ਦੀ ਇਕ ਕੜੀ ਬਣ ਰਹੀ ਹੈ, ਜਿਸ ਤੋਂ ਲੱਗਦਾ ਹੈ ਕਿ ਵਿਦੇਸ਼ੀ ਅੱਤਵਾਦੀ ਸੰਗਠਨ ਫਿਰ ਤੋਂ ਗੈਰ-ਸਮਾਜਿਕ ਲੋਕਾਂ ਨੂੰ ਸੰਗਠਿਤ ਕਰ ਕੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਵਿਚ ਹਨ। ਅਜਿਹੇ ਵਿਚ ਪੰਜਾਬ ਸਰਕਾਰ, ਖਾਸ ਕਰ ਕੇ ਪੰਜਾਬ ਪੁਲਸ ਨੂੰ ਪੂਰੀ ਚੌਕਸੀ ਵਰਤਣ ਦੀ ਜ਼ਰੂਰਤ ਹੈ। ਘਟਨਾ ਦੀ ਸਾਜ਼ਿਸ਼ ਤੋਂ ਪਰਦਾ ਚੁੱਕਿਆ ਗਿਆ ਹੈ ਅਤੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਇਸ ਨਾਲ ਲੋਕਾਂ ਦਾ ਪੁਲਸ ਵਿਚ ਵਿਸ਼ਵਾਸ ਵਧੇਗਾ ਅਤੇ ਪੁਲਸ ਦੀ ਸਮਰੱਥਾ ਦਾ ਅਹਿਸਾਸ ਵੀ ਹੋਵੇਗਾ ਪਰ ਪੰਜਾਬ ਪੁਲਸ ਨੂੰ ਇਸ ਗੱਲ ’ਤੇ ਵੀ ਧਿਆਨ ਕਰਨਾ ਪਵੇਗਾ ਕਿ ਥਾਣਿਆਂ ਅਤੇ ਇੰਟੈਲੀਜੈਂਸ ਹੈੱਡਕੁਆਰਟਰ ਵਾਂਗ ਕਿਤੇ ਹੋਰ ਅਜਿਹੀ ਵਾਰਦਾਤ ਨਾ ਹੋ ਸਕੇ, ਜਿਸ ਦੇ ਲਈ ਸਾਵਧਾਨੀ ਵਾਲੇ ਕਦਮ ਚੁੱਕੇ ਜਾਣੇ ਜ਼ਰੂਰੀ ਹਨ।
ਇਹ ਵੀ ਪੜ੍ਹੋ : ਸਿਆਸੀ ਪਾਰਟੀਆਂ ਦੀ ਗੁਆਚੀ ਸਾਖ ਨੂੰ ਬਚਾਉਣ ’ਚ ਰੁੱਝੇ ਵੱਡੇ ਆਗੂ, ਹਰ ਸੰਭਵ-ਅਸੰਭਵ ਯਤਨ ਕਰਨ ਨੂੰ ਤਿਆਰ
ਸੁਨਹਿਰੀ ਭਵਿੱਖ ਲਈ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਜਲਦ ਅਪਲਾਈ ਕਰੋ ਜਰਮਨੀ ਦਾ Job Seeker Visa
NEXT STORY