ਕਪੂਰਥਲਾ (ਮਹਾਜਨ)-ਪੰਜਾਬ ਵਿਚ ਪਿਛਲੇ ਹਫ਼ਤੇ ਤੋਂ ਪੈ ਰਹੀ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਨੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਸੂਰਜਦੇਵ ਵੀ ਇਕ ਝਲਕ ਵਿਖਾ ਕੇ ਬੱਦਲਾਂ ਪਿੱਛੇ ਲੁਕ ਜਾਂਦੇ ਹਨ। ਸੰਘਣੀ ਧੁੰਦ ਅਤੇ ਚੱਲ ਰਹੀ ਸੀਤ ਲਹਿਰ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਰਹੀ ਹੈ। ਦਿਨ ਭਰ ਜਿੱਥੇ ਲੋਕ ਠੰਡ ਤੋਂ ਬਚਣ ਲਈ ਬਿਨਾਂ ਕੰਮ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਨੂੰ ਤਰਜੀਹ ਦਿੰਦੇ ਹਨ, ਉੱਥੇ ਹੀ ਕੰਮ ’ਤੇ ਜਾਣ ਵਾਲੇ ਲੋਕ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾਉਣ ਅਤੇ ਸਿਰ ਢੱਕਣ ਨੂੰ ਤਰਜੀਹ ਦਿੰਦੇ ਹਨ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਜਾਰੀ ਰਹੇਗੀ ਅਤੇ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇਸ ਧੁੰਦ ਅਤੇ ਠੰਡ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਜਾਣ ਵਿੱਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਠੰਡ ਕਾਰਨ ਸਾਈਕਲ ਆਦਿ ’ਤੇ ਸਕੂਲ ਜਾਣ ਵਾਲੇ ਵਿਦਿਆਰਥੀ ਦਿਨ ਭਰ ਠੰਡ ਨਾਲ ਕੰਬਦੇ ਰਹੇ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਮੱਠੀ ਰਹੀ ਅਤੇ ਮੁਸਾਫ਼ਿਰਾਂ ਨੂੰ ਆਪਣੀ ਮੰਜਿਲ ’ਤੇ ਪੁੱਜਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਵੀ ਪ੍ਰਭਾਵਿਤ ਹੋਈ ਹੈ। ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਪੰਜਾਬ ਸਰਕਾਰ ਨੂੰ ਠੰਡ ਦਾ ਮੌਸਮ ਸ਼ੁਰੂ ਹੋਣ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦੀ ਅਪੀਲ ਕੀਤੀ ਹੈ।
ਲੋਕ ਠੰਡ ਤੋਂ ਬਚਣ ਲਈ ਚੌਰਾਹਿਆਂ ’ਤੇ ਅੱਗ ਸੇਕਦੇ ਦਿਸੇ
ਠੰਡ ਕਾਰਨ ਸ਼ਹਿਰ ਦੇ ਕਈ ਚੌਂਕਾਂ ਅਤੇ ਚੌਰਾਹਿਆਂ ’ਤੇ ਲੋਕ ਅੱਗ ਸੇਕਦੇ ਵੇਖੇ ਗਏ। ਹਾਲ ਹੀ ਵਿੱਚ ਲੋਕ ਸੂਰਜ ਦੇਵਤਾ ਦੇ ਦਰਸ਼ਨ ਕਰਨ ਲਈ ਤਰਸ ਰਹੇ ਹਨ। ਠੰਡ ਤੋਂ ਕੋਈ ਰਾਹਤ ਨਾ ਮਿਲਣ ਕਾਰਨ ਲੋਕ ਅੱਗਾਂ ਦਾ ਸਹਾਰਾ ਲੈ ਕੇ ਧੁੰਦ ਦੇ ਕਹਿਰ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਹੈਰਾਨ ਕਰਦੇ ਅੰਕੜੇ, ਬਾਰਡਰ ਰਾਹੀਂ ਮੈਕਸੀਕੋ ਤੋਂ ਅਮਰੀਕਾ ਜਾਣ ਦੌਰਾਨ 1 ਸਾਲ ’ਚ ਫੜੇ 96917 ਭਾਰਤੀ ਨਾਗਰਿਕ
ਮੂੰਗਫਲੀ, ਗੱਚਕ ਅਤੇ ਰਿਉੜੀਆਂ ਵੇਚਣ ਵਾਲਿਆਂ ਦੇ ਚਿਹਰੇ ’ਤੇ ਰੌਣਕ
ਕੜਾਕੇ ਦੀ ਠੰਡ ਤੇ ਠੰਡੀਆਂ ਹਵਾਵਾਂ ਕਾਰਨ ਮੂੰਗਫਲੀ, ਗੱਚਕ ਅਤੇ ਰਿਉੜੀਆਂ ਵੇਚਣ ਵਾਲਿਆਂ ਦੇ ਚਿਹਰੇ ’ਤੇ ਰੌਣਕ ਨਜ਼ਰ ਆਈ। ਮੂੰਗਫਲੀ ਦਾ ਧੰਦਾ ਕਰਨ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਕਾਰੋਬਾਰ ’ਚ ਸੇਲ ਦੇ ਵਾਧੇ ਲਈ ਠੰਡੇ ਮੌਸਮ ਦੀ ਉਡੀਕ ਕਰ ਰਹੇ ਹਨ। ਕੜਾਕੇ ਦੀ ਠੰਢ ਦੇ ਮੱਦੇਨਜ਼ਰ ਲੋਕ ਮੂੰਗਫਲੀ, ਗੱਚਕ ਅਤੇ ਰਿਉੜੀਆਂ ਦੀ ਖ਼ੂਬ ਖ਼ਰੀਦ ਕਰ ਰਹੇ ਹਨ, ਲੱਗਦਾ ਹੈ ਕਿ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਉਨ੍ਹਾਂ ਨੂੰ ਹੋਰ ਸਟਾਕ ਮੰਗਵਾਉਣਾ ਪਵੇਗਾ।
ਵਾਹਨਾਂ ਦੀ ਰਫ਼ਤਾਰ ਰੁਕੀ
ਬਰਫ਼ੀਲੀਆਂ ਠੰਡੀਆਂ ਹਵਾਵਾਂ ਕਾਰਨ ਸਫਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਰਾਈਵਰਾਂ ਦੀ ਰਫ਼ਤਾਰ ਹੌਲੀ ਹੋ ਗਈ ਹੈ। ਸਵੇਰ ਅਤੇ ਸ਼ਾਮ ਨੂੰ ਲੋਕ ਵਾਹਨਾਂ ਦੀਆਂ ਲਾਈਟਾਂ ਦੀ ਮਦਦ ਨਾਲ ਹੌਲੀ-ਹੌਲੀ ਆਪਣੀ ਮੰਜ਼ਿਲ ’ਤੇ ਪਹੁੰਚ ਰਹੇ ਹਨ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਠੰਡ ਦੇ ਮੌਸਮ ਨੂੰ ਵੇਖਦੇ ਹੋਏ ਸਫ਼ਰ ਕਰਨ ਤੋਂ ਗੁਰੇਜ਼ ਕਰਨ, ਜ਼ਰੂਰੀ ਕੰਮ ਹੋਣ ’ਤੇ ਹੀ ਸਫ਼ਰ ਕਰਨ ਤੇ ਹੌਲੀ ਵਾਹਨ ਚਲਾਉਣ।
ਰੂਮ ਹੀਟਰ ਦੀ ਜ਼ਿਆਦਾ ਵਰਤੋਂ ਸਾਹ ਦੇ ਮਰੀਜ਼ਾਂ ਲਈ ਸਮੱਸਿਆ
ਡਾ. ਰਣਵੀਰ ਕੌਸ਼ਲ ਨੇ ਕਿਹਾ ਕਿ ਬੰਦ ਕਮਰੇ ਵਿਚ ਰੂਮ ਹੀਟਰ ਦੀ ਵਰਤੋਂ ਸਾਹ ਦੇ ਰੋਗੀਆਂ ਲਈ ਘਾਤਕ ਸਿੱਧ ਹੋ ਸਕਦੀ ਹੈ। ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣੀ ਛਾਤੀ ਨੂੰ ਗਰਮ ਰੱਖਣਾ ਚਾਹੀਦਾ ਹੈ ਤੇ ਘਰ ਤੋਂ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ। ਦਿਲ ਦੇ ਰੋਗੀਆਂ ਨੂੰ ਸਵੇਰ ਦੀ ਸੈਰ ਨਹੀਂ ਕਰਨੀ ਚਾਹੀਦੀ ਤੇ ਜੇਕਰ ਸਰੀਰ ਵਿੱਚ ਕੋਈ ਤਬਦੀਲੀ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਖਾਂਸੀ, ਜ਼ੁਕਾਮ ਜਾਂ ਬੁਖ਼ਾਰ ਜ਼ਿਆਦਾ ਸਮੇਂ ਲਈ ਰਹਿਣ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਜਾਂਚ ਕਰਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਬਿਜਲੀ ਡਿਫ਼ਾਲਟਰਾਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿਕੰਜਾ, ਸਮਾਰਟ ਮੀਟਰ ਲੱਗਣ ਦੇ ਨਾਲ ਹੋ ਰਹੀ ਇਹ ਕਾਰਵਾਈ
ਮਰੀਜ਼ਾਂ ’ਚ ਵਧਿਆ ਕ੍ਰੋਨਿਕ ਅਬਸਟਰਕਟਿਵ ਪਲਮੋਨਰੀ ਡਿਜ਼ੀਜ਼: ਸੰਦੀਪ ਧਵਨ
ਐੱਸ. ਐੱਮ. ਓ. ਡਾ. ਸੰਦੀਪ ਧਵਨ ਨੇ ਦੱਸਿਆ ਕਿ ਸਰਦੀਆਂ ’ਚ ਰਾਈਨੋ ਵਾਇਰਸ ਦੀ ਗਤੀਵਿਧੀ ਵੱਧ ਜਾਂਦੀ ਹੈ। ਇਸ ਨਾਲ ਖੰਘ, ਜ਼ੁਕਾਮ, ਫੇਫੜਿਆਂ ਵਿਚ ਇਨਫੈਕਸ਼ਨ ਅਤੇ ਸਾਹ ਦੀ ਨਾਲੀ ਵਿਚ ਸੋਜ (ਕ੍ਰੋਨਿਕ ਆਬਸਟਰਕਟਿਵ ਪਲਮੋਨਰੀ ਡਿਜ਼ੀਜ਼-ਸੀ. ਓ. ਪੀ. ਡੀ) ਹੋਣ ਕਾਰਨ ਸਾਹ ਚੜ੍ਹਨ ਦੀ ਸਮੱਸਿਆ ਵਧ ਜਾਂਦੀ ਹੈ। ਇਸ ਤੋਂ ਇਲਾਵਾ ਵਧਦੀ ਠੰਡ ਕਾਰਨ ਹਾਈਪੋਥਰਮੀਆ ਦਾ ਡਰ ਬਣਿਆ ਰਹਿੰਦਾ ਹੈ। ਇਸ ਬੀਮਾਰੀ ’ਚ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ ਤੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਸਹੀ ਕੰਮ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ।
ਠੰਡ ਵਿੱਚ ਖ਼ੂਨ ਦੀਆਂ ਨਾੜੀਆਂ ਦੇ ਸੁੰਗੜਨ ਕਾਰਨ ਬਲੱਡ ਪ੍ਰੈਸ਼ਰ ਵਧਣ ਨਾਲ ਦਿਲ ਦਾ ਦੌਰਾ ਪੈਣ ਦਾ ਵੀ ਡਰ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਲੱਛਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਕਿਹਾ। ਉਨ੍ਹਾਂ ਅਨੁਸਾਰ ਬੱਚੇ ਤੇ ਬਜ਼ੁਰਗ ਦੋਵੇਂ ਹੀ ਵੱਡੀ ਗਿਣਤੀ ਵਿੱਚ ਬੀਮਾਰ ਹੋ ਰਹੇ ਹਨ ਅਤੇ ਸਰਕਾਰੀ ਹਸਪਤਾਲਾਂ ਦੀ ਓ. ਪੀ. ਡੀ. ’ਚ ਵੀ ਇਨ੍ਹਾਂ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਅਤੇ ਸਵਾਈਨ ਫਲੂ ਦੇ ਮੱਦੇਨਜ਼ਰ ਲੋਕ ਸਾਵਧਾਨੀਆਂ ਵਰਤਣ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਲੰਗਰ ਦੀ ਸੇਵਾ ਕਰ ਰਹੇ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ 'ਚ ਇਕ ਮੁਲਜ਼ਮ ਗ੍ਰਿਫ਼ਤਾਰ, ਨਹੀਂ ਵੇਖੀ ਜਾਂਦੀ ਰੋਂਦੀ ਮਾਂ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਚਾਰ ਮਹੀਨਿਆਂ ਦੀ ਗਰਭਵਤੀ ਔਰਤ ਦਾ ਗੋਲ਼ੀਆਂ ਮਾਰ ਕੇ ਕਤਲ
NEXT STORY