ਸਮਰਾਲਾ (ਗਰਗ, ਬੰਗੜ) : ਭਾਵੇਂ ਦੁਨੀਆ ਭਰ 'ਚ ਮਜ਼ਦੂਰ ਦਿਵਸ ਦੀ ਸ਼ੁਰੂਆਤ 1 ਮਈ 1886 'ਚ ਹੀ ਹੋ ਗਈ ਸੀ ਪਰ ਭਾਰਤ 'ਚ ਪਹਿਲੀ ਵਾਰ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 1 ਮਈ 1923 ਨੂੰ ਚੇਨੱਈ (ਮਦਰਾਸ) ਵਿਖੇ ਪਹਿਲੀ ਵਾਰ ਲਾਲ ਝੰਡਾ ਲਹਿਰਾ ਕੇ ਭਾਰਤ 'ਚ ਮਜ਼ਦੂਰਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣ ਲਈ ਅੰਦੋਲਨ ਸ਼ੁਰੂ ਕਰਦੇ ਹੋਏ ਅਤੇ ਮਜ਼ਦੂਰਾਂ ਨੂੰ ਇਕਜੁੱਟ ਕਰਨ ਦੀ ਲਹਿਰ ਆਰੰਭੀ ਗਈ। ਅੱਜ ਪੂਰੀ ਇਕ ਸਦੀ ਪਲਟ ਗਈ ਹੈ, ਮਜ਼ਦੂਰ ਦਿਵਸ ਮਨਾਉਂਦਿਆਂ ਨੂੰ ਪਰ ਆਪਣੀ ਮਿਹਨਤ ਨਾਲ ਦੇਸ਼ ਨੂੰ ਤਰੱਕੀ ਦੇ ਨਵੇਂ ਪ੍ਰਕਾਸ਼ ਤੱਕ ਲਿਜਾਣ ਵਾਲੇ ਇਹ ਮਜ਼ਦੂਰ ਹਾਲੇ ਵੀ ਆਪਣੀ ਕਿਸਮਤ ਪਲਟਣ ਦੀ ਉਡੀਕ ਕਰ ਰਹੇ ਹਨ। ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਵੀ ਗ਼ੁਰਬੱਤ ਭਰੀ ਜ਼ਿੰਦਗੀ ਜੀਅ ਰਹੇ ਇਨ੍ਹਾਂ ਮਜ਼ਦੂਰਾਂ ਦੇ ਪਰਿਵਾਰਾਂ ਦੀ ਹਾਲਤ ਨੂੰ ਵੇਖ ਕੇ ਇਕ ਪਲ ਲਈ ਵੀ ਇੰਝ ਮਹਿਸੂਸ ਨਹੀਂ ਹੁੰਦਾ ਕਿ ਭਾਰਤ ਅੱਜ ਵਿਸ਼ਵ ਗੁਰੂ ਬਣਨ ਦੇ ਰਾਹ ’ਤੇ ਚੱਲਦਿਆ ਦੁਨੀਆਂ ਦੇ ਪ੍ਰਗਤੀਸ਼ੀਲ ਦੇਸ਼ਾਂ ਵਿਚ ਸ਼ੁਮਾਰ ਹੋ ਚੁੱਕਾ ਹੋਵੇ।
ਪਰਿਵਾਰ ਲਈ ਸਿਰਫ ਦੋ ਵਖ਼ਤ ਦੀ ਰੋਟੀ ਕਮਾਉਣਾ ਹੀ ਇਕ ਮਜ਼ਦੂਰ ਦੀ ਮਜ਼ਬੂਰੀ ਬਣ ਚੁੱਕਾ ਹੈ। ਇਸੇ ਮਜ਼ਬੂਰੀ 'ਚ ਉਸ ਦੀ ਪੂਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ ਅਤੇ ਤੰਗੀਆਂ-ਤੁਰਸ਼ੀਆਂ ਦਾ ਮਾਰਿਆਂ ਉਹ ਆਪਣੀ ਅਗਲੀ ਪੀੜ੍ਹੀ ਨੂੰ ਪੜ੍ਹਾ-ਲਿਖਾ ਕੇ ਸਮਾਜ ਦਾ ਸਨਮਾਨਯੋਗ ਭਾਗੀਦਾਰ ਬਣਾਉਣ ਦੀ ਥਾਂ ਆਪਣੇ ਸਾਰੇ ਸੁਫ਼ਨੇ ਕੁਰਬਾਨ ਕਰਦਾ ਹੋਇਆ ਪਰਿਵਾਰ ਲਈ ਰੋਟੀ ਦਾ ਪ੍ਰਬੰਧ ਕਰਨ ਦੀ ਮਜ਼ਬੂਰੀ ’ਚ ਉਨ੍ਹਾਂ ਨੂੰ ਵੀ ਇਸ ਭੱਠੀ ਵਿਚ ਝੋਕ ਦਿੰਦਾ ਹੈ।
ਹਾਲਾਕਿ ਭਾਰਤ ਨੂੰ ਆਜ਼ਾਦੀ ਮਿਲਣ ਵੇਲੇ ਤੋਂ ਹੀ ਦੇਸ਼ ਦੀਆਂ ਸਰਕਾਰਾਂ ਮਜ਼ਦੂਰਾਂ ਦੇ ਭਵਿੱਖ ਨੂੰ ਸੁਧਾਰਨ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕਰਨ ਨ ਲੱਗੀਆਂ ਹੋਈਆਂ ਹਨ ਪਰ ਦੇਸ਼ ਦੇ ਲੱਖਾਂ ਮਜ਼ਦੂਰ ਪਰਿਵਾਰਾਂ ਦੀ ਗ਼ੁਰਬੱਤ ਨੂੰ ਮਿਟਾ ਕੇ ਉਨ੍ਹਾਂ ਨੂੰ ਵੀ ਸਨਮਾਨ ’ਤੇ ਬਰਾਬਰਤਾ ਨਾਲ ਜਿਊਣ ਦੇ ਕਾਬਿਲ ਬਣਾਉਣਾ ਹਾਲੇ ਬਹੁਤ ਦੂਰ ਦੀ ਗੱਲ ਜਾਪਦੀ ਹੈ। ਦੇਸ਼ ਦੀ ਤਰੱਕੀ ਲਈ ਗਗਨ ਛੂੰਹਦੀਆਂ ਕਈ-ਕਈ ਮੰਜ਼ਿਲਾਂ ਇਮਾਰਤਾਂ ਖੜ੍ਹੀਆਂ ਕਰਨ ਅਤੇ ਸੜ੍ਹਕਾਂ ਦਾ ਜਾਲ ਵਿਛਾਉਣ ਲਈ ਹੱਡ ਭੰਨ੍ਹਵੀ ਮਿਹਨਤ ਕਰਨ ਵਾਲੇ ਲੱਖਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਅੱਜ ਵੀ ਆਪਣੀ ਛੱਤ ਨਸੀਬ ਨਹੀਂ ਹੋਈ ਅਤੇ ਉਹ ਮੀਂਹ-ਹਨ੍ਹੇਰੀ ਤੇ ਧੁੱਪ ਦੇ ਥਪੇੜਿਆਂ ’ਚ ਬਿਨਾਂ ਛੱਤ ਦੇ ਝੌਂਪੜੀਆਂ ਵਿਚ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹਨ।
ਹੈ ਕੋਈ ਸਰਕਾਰ ਜਿਹੜੀ ਇੰਨਾਂ ਦਾ ਬਚਪਨ ਸਵਾਰ ਦੇਵੇ!
ਦੇਸ਼ ਵਿਚ ਗਰੀਬੀ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਬਾਲ ਮਜ਼ਦੂਰੀ ਦੀ ਕੁਰੀਤੀ ਨੂੰ ਜਨਮ ਦੇਣ ਵਿਚ ਜਿੱਥੇ ਇਸ ਗਰੀਬੀ ਦਾ ਸਭ ਤੋਂ ਵੱਡਾ ਦੋਸ਼ ਹੈ, ਉੱਥੇ ਸਰਕਾਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਜਿਸ ਬਾਲੜੀ ਉਮਰ ਵਿਚ ਬੇਫ਼ਿਕਰ ਹੋ ਕੇ ਬਚਪਨ ਜਿਊਣਾ ਹਰ ਬੱਚੇ ਦਾ ਮੁੱਢਲਾ ਜਨਮ ਸਿੱਧ ਅਧਿਕਾਰ ਹੈ, ਉਸ ਬਚਪਨ ਵਿਚ ਹੀ ਜਦੋਂ ਪਰਿਵਾਰ ਦੀਆਂ ਮਜ਼ਬੂਰੀਆਂ ਦਾ ਬੋਝ ਇਨ੍ਹਾਂ ਮਾਸੂਮਾਂ ਦੇ ਮੋਢਿਆਂ ’ਤੇ ਆ ਪਵੇ ਤਾਂ ਇਸ ਤੋਂ ਹੋਰ ਮਾੜੀ ਕਿਸਮਤ ਦੇਸ਼ ਦੀ ਨਹੀਂ ਹੋ ਸਕਦੀ। ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਸਿਰਫ ‘ਹਵਾ’ 'ਚ ਹੀ ਚਲਾਈਆਂ ਜਾਂਦੀਆਂ ਨੇ, ਤਾਂ ਹੀ ਅੱਜ ਜਿਹੜਾ ਬਚਪਨ ਹੱਸਣ-ਖੇਡਣ ’ਤੇ ਪੜ੍ਹਨ-ਲਿਖਣ ਵਿਚ ਗੁਜ਼ਰਨਾ ਚਾਹੀਦਾ, ਉਹ ਬਚਪਨ ਰੋਟੀ ਕਮਾਉਣ ਦੀ ਫ਼ਿਕਰ ਵਿਚ 100-150 ਰੁਪਏ ਦੀ ਦਿਹਾੜੀ ਕਮਾਉਣ ਲਈ ਸੜ੍ਹਕਾਂ ’ਤੇ ਰੁਲ੍ਹ ਰਿਹਾ ਹੈ। ਸਮਰਾਲਾ ਦੇ ਬਾਜ਼ਾਰ ਵਿਚ ਮੋਢਿਆਂ 'ਤੇਵੱਡੇ-ਵੱਡੇ ਥੈਲੇ ਲਟਕਾਈ ਕੂੜੇ-ਕਰਕਟ ਦੇ ਢੇਰਾਂ ਵਿਚੋਂ ਪਲਾਸਟਿਕ ’ਤੇ ਕਾਗਜ਼ ਚੁੱਗ ਰਹੀਆਂ ਬਾਲੜੀ ਉਮਰ ਦੀਆਂ ਬੱਚੀਆਂ ਰੇਸ਼ਮਾ, ਅੰਜਲੀ, ਖੁਸ਼ੀ ਤੇ ਜੈਸਮੀਨ ਨੇ ਦੱਸਿਆ ਕਿ ਸੂਰਤ ਸੰਭਾਲਣ ਵੇਲੇ ਤੋਂ ਹੀ ਉਹ ਇਹ ਕੰਮ ਕਰ ਰਹੀਆਂ ਹਨ। ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਵੀ ਮਜ਼ਦੂਰੀ ਕਰਕੇ ਬੜੀ ਮੁਸ਼ਕਲ ਪੇਟ ਭਰਨ ਜਿੰਨਾ ਰਾਸ਼ਨ ਹੀ ਇੱਕਠਾ ਕਰ ਪਾਉਂਦੇ ਹਨ। ਇਸ ਲਈ ਮਜ਼ਬੂਰੀ ਵਿਚ ਉਨ੍ਹਾਂ ਨੂੰ ਵੀ ਇਹ ਕੰਮ ਕਰਨਾ ਪੈ ਰਿਹਾ ਹੈ। ਬੱਚੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਹੀ ਮਜ਼ਦੂਰ ਦਿਵਸ ਦੇ ਅਰਥ ਪਤਾ ਨੇ ਅਤੇ ਨਾ ਹੀ ਉਨ੍ਹਾਂ ਨੂੰ ਸੂਬੇ ਵਿਚ ਚਲ ਰਹੀ ਸਿੱਖਿਆ ਕ੍ਰਾਂਤੀ ਬਾਰੇ ਹੀ ਕੁੱਝ ਇਲਮ ਹੈ। ਇਨ੍ਹਾਂ ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਸਕੂਲ ਦਾ ਮੂੰਹ ਨਹੀਂ ਵੇਖਿਆ ਅਤੇ ਪਰਿਵਾਰ ਲਈ ਰੋਟੀ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੂੰ ਇਹ ਕੰਮ ਕਰਨ ਵਿਚ ਹੀ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਇਨ੍ਹਾਂ ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਲੱਗਦੀਆਂ ਝੌਂਪੜੀਆਂ ’ਚ ਰਹਿੰਦੇ 15-20 ਬੱਚੇ ਵੀ ਇਹੀ ਕੰਮ ਕਰਦੇ ਹਨ।
ਮਜ਼ਦੂਰ ਔਰਤਾਂ ਮੁੱਠੀ-ਮੁੱਠੀ ਦਾਣੇ ਇੱਕਠੇ ਕਰਨ ਲਈ ਮਜ਼ਬੂਰ
ਪਰਿਵਾਰ ਅਤੇ ਬੱਚਿਆਂ ਦੀ ਭੁੱਖ ਲਈ ਇਕ ਮਜ਼ਦੂਰ ਔਰਤ ਸ਼ਾਂਤੀ ਦੇਵੀ ਹਰ ਰੋਜ਼ ਸਵੇਰ ਤੋਂ ਹੀ ਅਨਾਜ ਮੰਡੀ ਦੇ ਬਾਹਰ ਸੜ੍ਹਕ ’ਤੇ ਖਿੱਲਰੇ ਦਾਣੇ ਇੱਕਠੇ ਕਰਨ ਵਿਚ ਜੁੱਟ ਜਾਂਦੀ ਹੈ। ਇਸ ਕੰਮ ਵਿਚ ਉਸ ਨੂੰ ਨਾ ਆਪਣੀ ਭੁੱਖ-ਪਿਆਸ ਦਾ ਹੀ ਖਿਆਲ ਰਹਿੰਦਾ ਹੈ ਅਤੇ ਨਾ ਹੀ ਕੜਕਦੀ ਧੁੱਪ ਦੀ ਹੀ ਕੋਈ ਪਰਵਾਹ ਹੁੰਦੀ ਹੈ। ਸ਼ਾਂਤੀ ਵਾਂਗ ਕਈ ਹੋਰ ਔਰਤਾਂ ਵੀ ਤੜਕੇ 6 ਵਜੇ ਹੀ ਦਾਣਾ ਮੰਡੀ ਦੇ ਬਾਹਰ ਪਹੁੰਚ ਜਾਂਦੀਆਂ ਹਨ ਅਤੇ ਉਹ ਪੂਰਾ ਦਿਨ ਮੰਡੀ ਵਿਚ ਜਾਂਦੀਆਂ ਫ਼ਸਲ ਦੀਆਂ ਟਰਾਲੀਆਂ ਵਿਚ ਕਿਰਦੇ ਥੋੜ੍ਹੇ-ਥੋੜ੍ਹੇ ਦਾਣਿਆਂ ਨੂੰ ਇੱਕਠਾ ਕਰਨ ਵਿਚ ਦਿਨ ਗੁਜ਼ਾਰ ਦਿੰਦੀਆਂ ਹਨ। ਆਮ ਦਿਨਾਂ ਵਿਚ ਮਜ਼ਦੂਰੀ ਦਾ ਕੰਮ ਕਰਦੀਆਂ ਇਨ੍ਹਾਂ ਔਰਤਾਂ ਨੇ ਦੱਸਿਆ ਕਿ ਕਣਕ ਦਾ ਸੀਜ਼ਨ ਹੋਣ ਕਰਕੇ ਉਹ ਮੰਡੀ ਦੇ ਬਾਹਰਲੇ ਗੇਟਾਂ ਕੋਲ ਬੈਠ ਕੇ ਅੰਦਰ ਜਾਂਦੀਆਂ ਫ਼ਸਲ ਦੀਆਂ ਭਰੀਆਂ ਟਰਾਲੀਆਂ ਵਿਚੋਂ ਸੜ੍ਹਕ ’ਤੇ ਡਿੱਗਦੇ ਦਾਣਿਆਂ ਨੂੰ ਹਰ ਰੋਜ਼ ਇੱਕਠੇ ਕਰਨ ਲਈ ਇੱਥੇ ਆਉਂਦੀਆਂ ਹਨ ਅਤੇ ਸੜ੍ਹਕ ’ਤੇ ਖਿੱਲਰੇ ਹੋਏ ਮੁੱਠੀ-ਮੁੱਠੀ ਦਾਣੇ ਆਪਣੇ ਪਰਿਵਾਰ ਲਈ ਇੱਕਠੇ ਕਰਕੇ ਕਈ ਦਿਨਾਂ ਦੇ ਭੋਜਨ ਦਾ ਪ੍ਰਬੰਧ ਕਰ ਲੈਂਦੀਆਂ ਹਨ। ਔਰਤਾਂ ਨੇ ਦੱਸਿਆ ਕਿ ਗਰੀਬੀ ਉਨ੍ਹਾਂ ਦੇ ਨਸੀਬ ਵਿਚ ਹੀ ਲਿਖੀ ਹੋਈ ਹੈ ਅਤੇ ਕੋਈ ਵੀ ਉਨ੍ਹਾਂ ਦੀ ਜ਼ਿੰਦਗੀ ਨਹੀਂ ਬਦਲ ਸਕਦਾ ਅਤੇ ਪਰਿਵਾਰ ਪਾਲਣ ਲਈ ਉਨ੍ਹਾਂ ਨੂੰ ਹਰ ਰੋਜ਼ ਹੀ ਮਿਹਨਤ-ਮਜ਼ਦੂਰੀ ਕਰਨੀ ਪੈਂਦੀ ਹੈ, ਭਾਵੇ ਮਜ਼ਦੂਰ ਦਿਵਸ ਹੋਵੇ ਚਾਹੇ ਕੋਈ ਹੋਰ ਦਿਨ, ਉਨ੍ਹਾਂ ਲਈ ਇਸ ਦੇ ਕੋਈ ਵੀ ਮਾਅਨੇ ਨਹੀਂ ਹਨ, ਕਿਉਂਕਿ ਅੱਜ ਦੀ ਹੱਡ ਭੰਨਵੀ ਮਿਹਨਤ ਤੋਂ ਬਾਅਦ ਅਗਲੀ ਸਵੇਰ ਫਿਰ ਤੋਂ ਉਨ੍ਹਾਂ ਨੂੰ ਹੋਰ ਸਖ਼ਤ ਮਿਹਨਤ ਕਰਨੀ ਪੈਣੀ ਹੈ।
ਉਮਰ ਹੀ ਲਾ ਦਿੱਤੀ ਰੱਬ ਦੇ ਘਰ ਨੂੰ ਸਜਾਉਂਦਿਆ, ਪਰ ਨਹੀਂ ਬਣ ਸਕਿਆ ਆਪਣਾ ਟਿਕਾਣਾ
ਮੂਲ ਰੂਪ ਵਿਚ ਉੜੀਸਾ ਦੇ ਰਹਿਣ ਵਾਲੇ ਮੂਰਤੀਕਾਰ 45 ਸਾਲਾ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਸ ਨੇ ਪੂਰੀ ਉਮਰ ਭਗਵਾਨ ਦੀਆਂ ਮੂਰਤੀਆਂ ਬਣਾਉਣ ਅਤੇ ਮੰਦਿਰ ’ਤੇ ਭਵਨ ਸਜਾਉਣ ਦੇ ਕੰਮ 'ਤੇ ਲੱਗਾ ਦਿੱਤੀ ਹੈ। ਨੇੜਲੇ ਪਿੰਡ ਚਹਿਲਾਂ ਵਿਖੇ ਕਿਰਾਏ ਦੇ ਕਮਰੇ ਵਿਚ ਪਰਿਵਾਰ ਸਮੇਤ ਰਹਿੰਦੇ ਇਸ ਮੂਰਤੀਕਾਰ ਦਾ ਕਹਿਣਾ ਹੈ ਕਿ ਇਸ ਕੰਮ ਤੋਂ ਮਿਲਦੇ ਮਿਹਨਤਨਾਮੇ ਨਾਲ ਉਹ ਸਿਰਫ ਆਪਣੇ ਪਰਿਵਾਰ ਦਾ ਢਿੱਡ ਹੀ ਭਰ ਸਕਦਾ ਹੈ। ਇਸ ਤੋਂ ਵੱਧ ਕੇ ਸੋਚਣਾ ਵੀ ਉਸ ਦੇ ਲਈ ਬੇਕਾਰ ਹੈ। ਉਸ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਇਹ ਕੰਮ ਕਰਦਾ ਆ ਰਿਹਾ ਹੈ ਅਤੇ ਰੁਜ਼ਗਾਰ ਦੀ ਭਾਲ ਵਿਚ ਉਹ ਕਈ ਸਾਲ ਪਹਿਲਾ ਪਰਿਵਾਰ ਸਮੇਤ ਪੰਜਾਬ ਆ ਗਿਆ ਸੀ। ਇੱਥੇ ਆ ਕੇ ਵੀ ਉਹ ਇੰਨੇ ਸਾਲਾ ਵਿਚ ਆਪਣਾ ਘਰ ਨਹੀਂ ਬਣਾ ਸਕਿਆ। ਹਾਂ ਇੰਨਾ ਜ਼ਰੂਰ ਹੈ ਕਿ ਉਸ ਦੇ ਪਰਿਵਾਰ ਨੂੰ ਭਰ ਪੇਟ ਖਾਣਾ ਜ਼ਰੂਰ ਨਸੀਬ ਹੋ ਜਾਂਦਾ ਹੈ। ਪ੍ਰਮੋਦ ਕੁਮਾਰ ਨੇ ਦੱਸਿਆ ਕਿ 5-6 ਸਾਲਾ ਤੋਂ ਉਸ ਦਾ ਛੋਟਾ ਭਰਾ ਵੀ ਕੰਮ ਵਿਚ ਹੱਥ ਵਟਾਉਣ ਲਈ ਉਸ ਕੋਲ ਆ ਗਿਆ ਅਤੇ ਹੁਣ ਉਹ ਦੂਰ-ਦੂਰ ਤੱਕ ਭਗਵਾਨ ਦੀਆਂ ਮੂਰਤੀਆਂ ਤੇ ਮੰਦਿਰਾਂ ਦੇ ਭਵਨ ਦੀ ਸ਼ਿਲਪਕਾਰੀ ਰਾਹੀ ਸਜਾਵਟ ਕਰਨ ਲਈ ਜਾਂਦੇ ਹਨ। ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮਜ਼ਦੂਰੀ ਅਤੇ ਮਜ਼ਬੂਰੀ ਦੀ ਇਸ ਜ਼ਿੰਦਗੀ ਵਿਚੋਂ ਆਪਣੇ ਪਰਿਵਾਰ ਨੂੰ ਕੱਢਣ ਲਈ ਉਹ ਔਖੇ-ਸੌਖੇ ਆਪਣੇ ਬੇਟੇ ਨੂੰ ਬੀ. ਟੈੱਕ. ਸਾਫਟਵੇਅਰ ਕਰਵਾ ਰਿਹਾ ਹੈ ਅਤੇ ਉਸ ਦੀ ਬੇਟੀ ਵੀ ਸਰਕਾਰੀ ਸਕੂਲ ਤੋਂ 10+1 ਕਾਮਰਸ ਵਿਚ ਕਰ ਰਹੀ ਹੈ।
ਅਗਲੇ 45 ਦਿਨਾਂ ’ਚ ਜੰਗ ਦੇ ਆਸਾਰ! ਪਾਕਿਸਤਾਨ ’ਚ ਮਚੇਗੀ ਖਲਬਲੀ ਤੇ ਹੋਵੇਗੀ ਤਬਾਹੀ
NEXT STORY