ਝਬਾਲ, (ਨਰਿੰਦਰ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾਡ਼ੀ ਵਿਭਾਗ ਵੱਲੋਂ ਜ਼ਮੀਨ ਹੇਠਲੇ ਪਾਣੀ ਦੀ ਬੱਚਤ, ਸੰਭਾਲ ਲਈ ਅਤੇ ਪਾਣੀ ਦੇ ਪੱਧਰ ਨੂੰ ਧਰਤੀ ’ਚ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਇਸ ਵਾਰ ਪੰਜਾਬ ’ਚ ਝੋਨੇ ਦੀ ਲਵਾਈ ਦਾ ਕੰਮ 20 ਜੂਨ ਤੋਂ ਕਰਨ ਦੇ ਐਲਾਨ ਕਾਰਨ ਹੁਣ ਬੀਤੇ ਦਿਨੀਂ 20 ਜੂਨ ਨੂੰ ਪੰਜਾਬ ’ਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਨਾਲ ਇਕ ਦਮ ਕਿਸਾਨਾਂ ’ਚ ਹਲਚਲ ਮਚ ਗਈ ਹੈ। ਕਿਸਾਨ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਹੋਣ ਕਾਰਨ ਨਾ ਖੁਸ਼ ਹੋਏ ਹੁਣ ਹੋਰ ਦੇਰੀ ਤੋਂ ਬਚਣ ਲਈ ਬੇਤਾਬ ਹੋਏ ਪਏ ਹਨ। ਝਬਾਲ ਇਲਾਕੇ ’ਚ ਝੋਨਾ ਲਾਉਣ ਲਈ ਬੀਤੇ ਕੱਲ ਤੋਂ ਸ਼ੁਰੂ ਹੋਏ ਕੰਮ ਕਾਰਨ ਲੇਬਰ ਵੱਲੋਂ ਵੀ ਮਨਮਰਜ਼ੀ ਕੀਤੇ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹਨ
ਕੀ ਕਹਿਣੈ ਕਿਸਾਨਾਂ ਦਾ
ਇਸ ਸਬੰਧੀ ਇਲਾਕੇ ਦੇ ਕਿਸਾਨ ਸਰਬਜੀਤ ਸਿੰਘ ਝਬਾਲ, ਕੁਲਵਿੰਦਰ ਸਿੰਘ ਮਿੰਟੂ ਝਬਾਲ, ਸ਼ਮਸ਼ੇਰ ਸਿੰਘ ਹਵੇਲੀਆਂ, ਸਰਪੰਚ ਮਨਜਿੰਦਰ ਸਿੰਘ ਐਮਾਂ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬਾਬਾ ਲੰਗਾਹ, ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ ਅਤੇ ਹੋਰ ਕਿਸਾਨਾਂ ਨੇ ਆਖਿਆ ਕਿ ਬਿਜਲੀ ਦੀ ਸਪਲਾਈ ਤਾਂ 8 ਘੰਟੇ ਸਾਨੂੰ ਮਿਲ ਰਹੀ ਹੈ ਜਿਸ ਕਾਰਨ ਝੋਨਾ ਲਾਉਣ ਲਈ ਪੈਲੀਆਂ ਤਿਆਰ ਹਨ ਪਰ ਝੋਨਾ ਲਾਉਣ ਲਈ ਲੇਬਰ ਦੀ ਘਾਟ ਕਾਰਨ ਦੋ ਹਜ਼ਾਰ ਤੋਂ 2200 ਰੁਪਏ ਤੱਕ ਝੋਨਾ ਪ੍ਰਤੀ ਏਕਡ਼ ਲਾਉਣ ਲਈ ਜਿਥੇ ਲੇਬਰ ਮਿਲ ਰਹੀ ਹੈ ਉਥੇ 200 ਰੁਪਏ ਅੱਧੀ ਦਿਹਾਡ਼ੀ ’ਤੇ ਮਜ਼ਦੂਰ ਮਿਲ ਰਹੇ ਹਨ। ਇਸ ਤੋਂ ਇਲਾਵਾ ਡੀਜ਼ਲ, ਖਾਦਾਂ ਦੇ ਵੱਧਦੇ ਰੇਟਾਂ ਕਾਰਨ ਝੋਨੇ ਦੀ ਫਸਲ ਲਾਉਣ ਉੱਤੇ ਹੋ ਰਹੇ ਜ਼ਿਆਦਾ ਖਰਚ ਕਾਰਨ ਵੀ ਕਿਸਾਨ ਪ੍ਰੇਸ਼ਾਨ ਹਨ। ਇਸੇ ਤਰ੍ਹਾਂ ਸਰਹੱਦੀ ਖੇਤਰ ਦੇ ਕਿਸਾਨ ਰਾਜਨਬੀਰ ਸਿੰਘ ਰਸੂਲਪੁਰ, ਬਿਸ਼ਨ ਸਿੰਘ ਸਰਾਂ ਨੇ ਦੱਸਿਆ ਕਿ ਜੇਕਰ ਪੰਜ ਕੁ ਦਿਨ ਪਹਿਲਾਂ ਝੋਨਾ ਲਾਉਣ ਦੀ ਇਜਾਜ਼ਤ ਕਿਸਾਨਾਂ ਨੂੰ ਮਿਲ ਜਾਂਦੀ ਤਾਂ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਦੇਰੀ ਨਾਲ ਝੋਨਾ ਲਾਉਣ ਵਾਲੇ ਫੈਸਲੇ ਨਾਲ ਪਾਣੀ ਦੀ ਬਚਤ ਨਹੀਂ ਹੋ ਸਕਦੀ ਕਿਉਂਕਿ 20 ਜੂਨ ਤੋਂ ਪਹਿਲਾਂ ਕਿਸਾਨਾਂ ਵੱਲੋਂ ਖੇਤਾਂ ਨੂੰ ਦਿੱਤਾ ਗਿਆ ਪਾਣੀ ਵਿਅਰਥ ਗਿਆ ਹੈ। ਉਨ੍ਹਾਂ ਕਿਹਾ ਕਿ ਪੈਲੀਆਂ ਝੋਨਾ ਲਾਉਣ ਲਈ ਬਿਲਕੁਲ ਤਿਆਰ ਹਨ ਪਰ ਹੁਣ ਲੇਬਰ ਦੀ ਘਾਟ ਕਾਰਨ ਦੇਰੀ ਹੋ ਰਹੀ ਹੈ। ਲੇਬਰ ਵੱਲੋਂ ਕਿਸਾਨਾਂ ਪਾਸੋਂ ਮਨਮਰਜ਼ੀ ਦੇ ਰੇਟ ਲਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਹੁਣ ਦੇਰੀ ਨਾਲ ਲੱਗਣ ਕਰਕੇ ਝੋਨੇ ਦੀ ਫਸਲ ਪੱਕਣ ਵੇਲੇ ਫਸਲ ’ਚ ਨਮੀ ਆਉਣੀ ਯਕੀਨੀ ਹੈ। ਜਿਸ ਨਾਲ ਕਿਸਾਨਾਂ ਨੂੰ ਮੰਡੀ ’ਚ ਮੁਸ਼ਕਲ ਹੁੰਦੀ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਕੁਝ ਰਾਹਤ ਦੇਣ ਲਈ ਹਫਤਾ ਕੁ 8 ਘੰਟੇ ਦੀ ਬਜਾਏ 10 ਘੰਟੇ ਬਿਜਲੀ ਦਿੱਤੀ ਜਾਵੇ ਤਾਂ ਜੋ ਕਿਸਾਨ ਹੁਣ ਅਾਸਾਨੀ ਨਾਲ ਝੋਨੇ ਲਈ ਪੈਲੀਆਂ ਬਣਾ ਸਕਣ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਪਿੰਡਾਂ ਦੇ ਕੀਤੇ ਗਏ ਦੌਰਿਆਂ ਦੌਰਾਨ ਕਿਸਾਨਾਂ ਨੇ ਆਖਿਆ ਕਿ 20 ਜੂਨ ਨੂੰ ਝੋਨਾ ਲੱਗਣ ਕਾਰਨ ਹੋ ਰਹੀ ਦੇਰੀ ਕਰਕੇ ਹੀ ਮਜ਼ਦੂਰਾਂ ਵੱਲੋਂ ਜੋ ਵੱਖ-ਵੱਖ ਰੇਟ ਲੈ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਉਸ ਨੂੰ ਰੋਕਣ ਲਈ ਹੀ ਕਿਸਾਨ ਚਾਰ-ਪੰਜ ਦਿਨ ਪਹਿਲਾ ਝੋਨਾ ਲਾਉਣਾ ਚਾਹੁੰਦੇ ਸਨ।
ਕੁਝ ਕਿਸਾਨਾਂ ਨੇ ਦੱਸਿਆ ਕਿ ਝੋਨਾ ਲਾਉਣ ਦੇ ਕੰਮ ਤਾਂ ਹੁਣ ਚੱਲ ਹੀ ਰਹੇ ਹਨ। ਸਾਨੂੰ ਤਾਂ ਬੱਸ ਇਲਾਕੇ ’ਚ ਵੱਧ ਰਹੀਆਂ ਚੋਰੀਆਂ ਨਾਲ ਚਿੰਤਾ ਹੋ ਰਹੀ ਹੈ। ਕਿਸਾਨਾਂ ਨੇ ਆਖਿਆ ਕਿ ਜੇਕਰ ਹੁਣ ਸੀਜ਼ਨ ਦੌਰਾਨ ਟਰਾਂਸਫਾਰਮ, ਸਟਾਰਟਰ, ਤਾਰਾਂ ਆਦਿ ਚੋਰੀ ਹੋ ਗਈਆਂ ਤਾਂ ਝੋਨੇ ਦੀ ਫਸਲ ਬਰਬਾਦ ਹੋ ਸਕਦੀ ਹੈ। ਜਿਸ ਤੋਂ ਬਚਣ ਲਈ ਕਿਸਾਨ ਰਾਤਾਂ ਜਾਗ ਕੇ ਰਾਖੀ ਕਰਨ ਲਈ ਮਜਬੂਰ ਹਨ। ਕਿਸਾਨਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ’ਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਿਆ ਜਾਵੇ।
ਪਾਣੀ ਨੂੰ ਬਚਾਉਣ ਨਾਲ ਹੀ ਮਨੁੱਖ ਬਚ ਸਕਦਾ ਹੈ :ਡਾ. ਢਿੱਲੋਂ
ਜ਼ਿਲੇ ਦੇ ਮੁੱਖ ਖੇਤੀਬਾਡ਼ੀ ਅਫਸਰ ਡਾ. ਕਿਰਪਾਲ ਸਿੰਘ ਢਿੱਲੋਂ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਾਣੀ ਦੇ ਦਿਨੋਂ ਦਿਨ ਡਿੱਗ ਰਹੇ ਲੈਵਲ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸ਼ੁੱਧ ਹਵਾ ਪਾਣੀ ਨਾਲ ਹੀ ਮਨੁੱਖ ਜਿਊਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਘਾਟ ਕਾਰਨ ਮਨੁੱਖ ਹੀ ਨਾ ਰਿਹਾ ਤਾਂ ਝੋਨੇ ਆਦਿ ਫਸਲਾਂ ਕਿਸ ਕੰਮ ਦੀਆਂ ਹਨ। ਲੇਬਰ ਦੀ ਘਾਟ ਕਾਰਨ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਇਸ ਲਈ ਆਪਣੇ ਹੱਥੀਂ ਕੰਮ ਕਰਨ ਦੇ ਨਾਲ-ਨਾਲ ਥੋਡ਼੍ਹਾ ਹੋਰ ਸਮਾਂ ਹੌਸਲਾ ਰਖਣਾ ਚਾਹੀਦਾ ਹੈ। ਇਕ ਦੋ ਦਿਨਾਂ ਨਾਲ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਫਸਲ ਦੌਰਾਨ ਖਾਦਾਂ ਦੀ ਘੱਟ ਵਰਤੋਂ ਕਰਨ ਦੀ ਅਪੀਲ ਕਰਦਿਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ 20 ਜੂਨ ਤੋਂ ਝੋਨਾ ਲਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਸੀਂ ਹਮੇਸ਼ਾ ਯਤਨਸ਼ੀਲ ਹਾਂ।
ਮੋਟਰਸਾਈਕਲ ਸਮੇਤ ਮੋਬਾਇਲ ਝਪਟਮਾਰ ਗ੍ਰਿਫਤਾਰ
NEXT STORY