ਹੁਸ਼ਿਆਰਪੁਰ, (ਘੁੰਮਣ)- ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਗੋਦਾਮਾਂ 'ਚ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਭੰਡਾਰ ਕੀਤੀ ਗਈ ਕਣਕ ਵੱਖ-ਵੱਖ ਸਰਕਾਰੀ ਏਜੰਸੀਆਂ ਦੀ ਲਾਪ੍ਰਵਾਹੀ ਕਾਰਨ ਗਲ-ਸੜ ਰਹੀ ਹੈ। ਜ਼ਿਲਾ ਹੁਸ਼ਿਆਰਪੁਰ ਦੇ ਕੋਟਲਾ ਗੌਂਸਪੁਰ 'ਚ ਪਨਗ੍ਰੇਨ ਵੱਲੋਂ 2013-14 'ਚ ਖਰੀਦੀ ਗਈ ਕਣਕ ਦੀਆਂ ਹਜ਼ਾਰਾਂ ਬੋਰੀਆਂ ਪੂਰੀ ਤਰ੍ਹਾਂ ਕੀੜੇ-ਮਕੌੜਿਆਂ ਦੀ ਲਪੇਟ 'ਚ ਆ ਕੇ ਸੜ ਗਈਆਂ ਹਨ। ਪੰਜਾਬ ਸਰਕਾਰ ਦੀ ਮੋਹਰ ਲੱਗੀਆਂ ਬੋਰੀਆਂ 'ਚ ਕਣਕ ਨੂੰ ਭੰਗ, ਬੂਟੀ ਤੇ ਝਾੜੀਆਂ 'ਚ ਲੁਕੋਇਆ ਗਿਆ ਹੈ ਤਾਂ ਜੋ ਉੱਚ ਅਧਿਕਾਰੀਆਂ ਜਾਂ ਵਿਜੀਲੈਂਸ ਵਿਭਾਗ ਨੂੰ ਇਸਦੀ ਭਿਣਕ ਨਾ ਲੱਗ ਸਕੇ।
ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਜ਼ਰੂਰੀ : ਧੀਮਾਨ : ਸਮਾਜ ਸੇਵਕ ਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਦੇ ਕਰਮਚਾਰੀ ਭ੍ਰਿਸ਼ਟਾਚਾਰ ਕਾਰਨ ਦੇਸ਼ ਵਿਚ ਕਰੋੜਾਂ ਰੁਪਏ ਦਾ ਅਨਾਜ ਕਾਗਜ਼ਾਂ 'ਚ ਹੀ ਖ਼ਪਤਕਾਰਾਂ ਦੇ ਨਾਂ ਚੜਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਐਕਟ ਐਂਡ ਸਟੈਂਡਰਡ ਐਕਟ 2006 ਦੇ ਨਿਯਮਾਂ ਦੀਆਂ ਸਭ ਤੋਂ ਜ਼ਿਆਦਾ ਧੱਜੀਆਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਹੀ ਉਡਾਈਆਂ ਜਾ ਰਹੀਆਂ ਹਨ।
ਸਟਿੰਗ ਆਪ੍ਰੇਸ਼ਨ ਤੋਂ ਬਾਅਦ ਨਹੀਂ ਕੀਤੀ ਗਈ ਜਾਂਚ : ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਗੜ੍ਹਸ਼ੰਕਰ 'ਚ ਇਕ ਸਰਕਾਰੀ ਗੋਦਾਮ 'ਚ ਸਟਿੰਗ ਆਪ੍ਰੇਸ਼ਨ ਕਰਕੇ ਗੋਦਾਮ 'ਚ ਮੌਜੂਦ ਕਰਮਚਾਰੀਆਂ ਵੱਲੋਂ ਕਣਕ ਦੀਆਂ ਬੋਰੀਆਂ 'ਤੇ ਪਾਣੀ ਪਾ ਕੇ ਭਾਰ ਵਧਾਉਣ ਸਬੰਧੀ ਮਾਮਲਾ ਸਰਵਜਨਕ ਕੀਤਾ ਗਿਆ ਸੀ। ਇਸ ਸਬੰਧ 'ਚ ਉੱਚ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਂਦੇ ਜਾਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਕਰਮਚਾਰੀ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਹੁਸ਼ਿਆਰਪੁਰ ਤੋਂ ਅਸ਼ਵਨੀ ਅਨੁਸਾਰ :
ਗਲੀ-ਸੜੀ ਕਣਕ ਨਿਲਾਮ ਕੀਤੀ ਜਾਂਦੀ ਹੈ : ਅਨੰਦਿਤਾ ਮਿਤਰਾ : ਸੂਬੇ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦਾ ਭੰਡਾਰ ਇਨ੍ਹਾਂ ਏਜੰਸੀਆਂ ਵੱਲੋਂ ਗੋਦਾਮਾਂ 'ਚ ਕੀਤਾ ਜਾਂਦਾ ਹੈ। ਸੂਬੇ ਦੇ ਗੋਦਾਮਾਂ 'ਚ ਲੋਕਾਂ ਦੇ ਉਪਯੋਗ ਲਈ ਅਨਫਿਟ ਕਣਕ ਨੂੰ ਡਿਸਪੋਜ਼ ਆਫ਼ ਕਰਨ ਦੇ ਸਬੰਧ 'ਚ ਫੂਡ ਐਂਡ ਸਪਲਾਈ ਤੇ ਉਪਭੋਗਤਾ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਅਨੰਦਿਤਾ ਮਿਤਰਾ ਨੇ ਕਿਹਾ ਕਿ ਸੂਬੇ ਦੀਆਂ 5 ਖਰੀਦ ਏਜੰਸੀਆਂ ਪਨਸਪ, ਪਨਗ੍ਰੇਨ, ਮਾਰਕਫੈੱਡ, ਪੰਜਾਬ ਵੇਅਰ ਹਾਊਸ ਤੇ ਫੂਡ ਐਂਡ ਸਪਲਾਈ ਵਿਭਾਗ ਵੱਲੋਂ ਕਣਕ ਦੇ ਭੰਡਾਰ ਦੀ ਪੂਰੀ ਵਿਵਸਥਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ 'ਤੇ ਸਬੰਧਿਤ ਅਧਿਕਾਰੀਆਂ ਵੱਲੋਂ ਗੋਦਾਮਾਂ ਦਾ ਨਿਰੀਖਣ ਕਰਕੇ ਕਣਕ ਦੀ ਜਾਂਚ ਕਰਵਾਈ ਜਾਂਦੀ ਹੈ। ਗਲੀ-ਸੜੀ ਕਣਕ ਵੱਖ ਕਰਵਾ ਕੇ ਪਹਿਲਾਂ ਪੰਜਾਬ ਦੀ ਫੂਡ ਟੈਸਟਿੰਗ ਲੈਬਜ਼ ਅਤੇ ਬਾਅਦ ਵਿਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ, ਐੱਫ. ਸੀ. ਆਈ. ਦੀ ਲੈਬ ਵਿਚ ਇਨ੍ਹਾਂ ਦੀ ਗ੍ਰੇਡੇਸ਼ਨ ਤੇ ਕੈਟਾਗਰਾਈਜ਼ੇਸ਼ਨ ਕਰਵਾਈ ਜਾਂਦੀ ਹੈ।
ਸ਼੍ਰੀਮਤੀ ਮਿਤਰਾ ਅਨੁਸਾਰ ਖਰਾਬ ਤੇ ਗਲੀ-ਸੜੀ ਕਣਕ ਨਸ਼ਟ ਕਰਨ ਲਈ ਬਾਕਾਇਦਾ ਤੌਰ 'ਤੇ ਸਬੰਧਤ ਖਰੀਦ ਏਜੰਸੀਆਂ ਨੂੰ ਬੁਲਾਇਆ ਜਾਂਦਾ ਹੈ। ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੀ ਕਣਕ ਨੂੰ ਡਿਸਪੋਜ਼ ਆਫ਼ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਤਰ੍ਹਾਂ ਦੀ ਗਲੀ-ਸੜੀ ਕਣਕ ਸਬੰਧੀ ਹਰ ਮਹੀਨੇ ਰਿਪੋਰਟ ਹੈੱਡਕੁਆਰਟਰ ਨੂੰ ਭੇਜੀ ਜਾਵੇ।
ਅਣਪਛਾਤੇ ਚੋਰਾਂ ਨੇ ਠੇਕੇ ਦਾ ਸ਼ਟਰ ਭੰਨ ਕੇ ਡੇਢ ਲੱਖ ਦੀ ਸ਼ਰਾਬ ਕੀਤੀ ਚੋਰੀ
NEXT STORY