ਚੰਡੀਗੜ੍ਹ (ਲਲਨ ਯਾਦਵ) - ਜ਼ਿੰਦਗੀ ਖਤਰੇ 'ਚ ਪਾ ਕੇ ਮੋਟਰਸਾਈਕਲ ਸਟੰਟ ਕਰਨ ਵਾਲੀ ਸੈਨਾ ਦੀ ਟੀਮ 'ਚ ਸ਼ਾਮਲ ਜਵਾਨਾਂ ਦਾ ਜਜ਼ਬਾ, ਜੋਸ਼ ਤੇ ਸੰਤੁਲਨ ਵੇਖਣ ਹੀ ਵਾਲਾ ਹੈ, ਜਿਨ੍ਹਾਂ ਲਈ ਰਿਕਾਰਡ ਤੋੜਨਾ ਆਮ ਗੱਲ ਹੈ, ਇਸੇ ਲਈ ਨਾ ਸਿਰਫ ਭਾਰਤ 'ਚ ਸਗੋਂ ਵਿਦੇਸ਼ਾਂ 'ਚ ਵੀ ਇਨ੍ਹਾਂ ਨੂੰ ਵੇਖਣ ਲਈ ਭੀੜ ਉਮੜ ਪੈਂਦੀ ਹੈ। ਇਨ੍ਹਾਂ ਦੀ ਜਾਨ ਹਮੇਸ਼ਾ ਜ਼ੋਖਿਮ 'ਚ ਰਹਿੰਦੀ ਹੈ ਪਰ ਮੋਟਰਸਾਈਕਲ ਦੇ ਪਹੀਆਂ ਵਾਂਗ ਚੱਲਣ ਵਾਲੇ ਦਿਮਾਗ ਨੇ ਇਨ੍ਹਾਂ ਨੂੰ ਕਦੇ ਧੋਖਾ ਨਹੀਂ ਦਿੱਤਾ, ਇਸੇ ਲਈ ਸੈਨਾ ਨੂੰ ਵੀ ਇਨ੍ਹਾਂ 'ਤੇ ਫਖਰ ਹੈ।
ਅੱਜ ਤੋਂ ਸ਼ੁਰੂ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਮੋਟਰਸਾਈਕਲ ਸਟੰਟ ਦਿਖਾਉਣ ਵਾਲੀ ਬੈਂਗਲੁਰੂ ਟੀਮ ਮੰਗੋਲੀਆ ਤੇ ਸ਼ੈਸਿਲ 'ਚ ਵੀ ਸਟੰਟ ਦਿਖਾ ਕੇ ਆਪਣੀ ਯੋਗਤਾ ਦਿਖਾ ਚੁੱਕੀ ਹੈ। ਇਹੋ ਨਹੀਂ, ਸੈਨਾ ਪੁਲਸ ਕੋਰ ਦੇ ਜਵਾਨ ਸਿਰਫ ਸਟੰਟ ਕਰਨ ਲਈ ਹੀ ਤਿਆਰ ਹੁੰਦੇ ਹਨ। ਇਸ ਲਈ ਵੱਖਰੇ ਤੌਰ 'ਤੇ ਟੇਨਿੰਗ ਤੇ ਹੋਰ ਇਕਊਪਮੈਂਟ ਮੁਹੱਈਆ ਕਰਵਾਏ ਜਾਂਦੇ ਹਨ। ਇਸ ਟੀਮ ਨੇ ਆਪਣਾ ਹੁਨਰ ਦਿਖਾਉਂਦੇ ਹੋਏ ਕਈ ਇੰਟਰਨੈਸ਼ਨਲ ਰਿਕਾਰਡ ਤੋੜੇ ਹਨ ਜਿਨ੍ਹਾਂ ਦਾ ਨਾਂ ਗਿਨੀਜ਼ ਬੁਕ ਆਫ ਵਰਲਡ ਰਿਕਾਰਡ 'ਚ ਦਰਜ ਹੈ।
ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਪਰੇਡ ਗਰਾਊਂਡ 'ਚ ਵੀ ਇਹ ਟੀਮ ਆਪਣੇ ਸਟੰਟ ਦਿਖਾ ਚੁੱਕੀ ਹੈ। ਇਸ ਸਬੰਧੀ ਨਾਇਬ ਸੂਬੇਦਾਰ ਐੱਨ. ਕੇ. ਤਿਵਾੜੀ ਨੇ ਦੱਸਿਆ ਕਿ ਪੂਰੇ ਦੇਸ਼ 'ਚ 3 ਟੀਮਾਂ ਹਨ, ਜੋ ਆਪਣੇ ਸਟੰਟ ਦਾ ਪ੍ਰਦਰਸ਼ਨ ਵੱਖ-ਵੱਖ ਰਾਜਾਂ 'ਚ ਕਰਦੀਆਂ ਹਨ। ਇਨ੍ਹਾਂ 'ਚੋਂ ਇਕ ਟੀਮ ਦਾ ਨਾਂ ਸ਼ਵੇਤ ਅਸ਼ਵ ਹੈ, ਜੋ ਬੇਮਿਸਾਲ ਹੈ।
ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਮੋਟਰਸਾਈਕਲ ਸਟੰਟ ਕਰ ਕੇ ਖੂਬ ਲੁੱਟੀ ਵਾਹ-ਵਾਹ
ਸ਼ਵੇਤ ਅਸ਼ਵ ਟੀਮ ਵਲੋਂ ਵੀਰਵਾਰ ਨੂੰ ਸੁਖਨਾ ਲੇਕ 'ਤੇ ਮੋਟਰਸਾਈਕਲ ਸਟੰਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ 'ਚ ਸੈਨਾ ਪੁਲਸ ਕੋਰ ਦੇ 31 ਜਵਾਨਾਂ ਨੇ ਆਪਣੇ ਸਟੰਟ ਦਾ ਬੇਹਤਰੀਨ ਪ੍ਰਦਰਸ਼ਨ ਕੀਤਾ, ਜਿਸ 'ਚ 31 ਜਵਾਨਾਂ ਵਲੋਂ 48 ਸਟੰਟ ਪੇਸ਼ ਕੀਤੇ ਗਏ। ਲੋਕਾਂ ਨੇ ਜਵਾਨਾਂ ਵਲੋਂ ਪੇਸ਼ ਕੀਤੇ ਇਨ੍ਹਾਂ ਸਟੰਟਾਂ 'ਤੇ ਬਹੁਤ ਤਾੜੀਆਂ ਵਜਾਈਆਂ।
ਇਨ੍ਹਾਂ 'ਚ ਸਭ ਤੋਂ ਮਹੱਤਵਪੂਰਨ ਸਟੰਟ ਇਹ ਸੀ ਕਿ ਅੱਗ ਦੇ ਗੋਲੇ 'ਚੋਂ ਜਵਾਨਾਂ ਨੇ ਬੜੀ ਬਹਾਦਰੀ ਨਾਲ ਮੋਟਰਸਾਈਕਲ ਪਾਰ ਕੀਤਾ। ਇਸ ਸਟੰਟ ਨੇ ਲੋਕਾਂ ਦਾ ਮਨਮੋਹ ਲਿਆ। ਆਰਮੀ ਵਲੋਂ ਇਹ ਪ੍ਰੋਗਰਾਮ ਦੁਪਹਿਰ 3.15 ਵਜੇ ਸ਼ੁਰੂ ਕੀਤਾ ਗਿਆ ਤੇ ਇਹ ਡੇਢ ਘੰਟਾ ਜਾਰੀ ਰਿਹਾ।
ਇਸ ਦੇ ਨਾਲ ਹੀ ਸੈਨਾ ਦੇ ਜਵਾਨਾਂ ਨੇ ਐੱਨ. ਕੇ. ਤਿਵਾੜੀ ਦੀ ਅਗਵਾਈ 'ਚ ਟਿਊਬਲਾਈਟ ਜੰਪ ਦਾ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਇਕ ਵਾਰ ਤਾਂ ਇੰਝ ਲੱਗਾ ਜਿਵੇਂ ਕਿ ਚਾਰੇ ਪਾਸੇ ਸੁੰਨਸਾਨ ਛਾ ਗਈ ਹੋਵੇ ਪਰ ਜਿਵੇਂ ਹੀ ਨਾਇਬ ਸੂਬੇਦਾਰ ਨੇ ਟਿਊਬਲਾਈਟ ਜੰਪ ਕੀਤੀ ਤਾਂ ਵੇਖ ਰਹੇ ਲੋਕਾਂ ਨੇ ਜਵਾਨਾਂ ਲਈ ਖੂਬ ਤਾੜੀਆਂ ਵਜਾਈਆਂ।
ਰੋਜ਼ਾਨਾ 7-8 ਘੰਟੇ ਕਰਦੇ ਹਨ ਪ੍ਰੈਕਟਿਸ
ਟੀਮ ਨੂੰ ਲੀਡ ਕਰਨ ਵਾਲੇ ਨਾਇਬ ਸੂਬੇਦਾਰ ਤਿਵਾੜੀ ਨੇ ਦੱਸਿਆ ਕਿ ਇਹ ਟੀਮ ਸੈਨਾ 'ਚ ਵਿਸ਼ੇਸ਼ ਸਥਾਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਟੀਮ ਦੇ ਮੈਂਬਰ ਰੋਜ਼ਾਨਾ 7-8 ਘੰਟੇ ਸਟੰਟ ਦੀ ਪ੍ਰੈਕਟਿਸ ਕਰਦੇ ਹਨ। ਇਸ ਤੋਂ ਬਾਅਦ ਸੈਨਾ ਦੇ ਕੰਮ 'ਚ ਵੀ ਹੱਥ ਵਟਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਟੀਮ ਕਿਸੇ ਵੀ ਸਟੰਟ ਨੂੰ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਸਟੰਟ ਨੂੰ ਕਰਨ ਤੋਂ ਪਹਿਲਾਂ ਉਹ ਪੂਰੀ ਪ੍ਰੈਕਟਿਸ ਕਰਦੇ ਹਨ ਤੇ ਫਿਰ ਹੀ ਸਟੰਟ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਪ੍ਰੋਗਰਾਮ 'ਚ ਵੱਖਰੇ-ਵੱਖਰੇ ਸਟੰਟ ਦਰਸ਼ਕਾਂ ਨੂੰ ਦਿਖਾਈਏ।
ਜਿਥੇ ਵੀ ਜਾਂਦੇ ਉਥੇ ਮੋਟਰਸਾਈਕਲ ਹੁੰਦੇ ਹਨ ਨਾਲ
ਨਾਇਬ ਸੂਬੇਦਾਰ ਤਿਵਾੜੀ ਨੇ ਦੱਸਿਆ ਕਿ ਦੇਸ਼ ਤੇ ਵਿਦੇਸ਼ 'ਚ ਜਿਥੇ ਵੀ ਸੈਨਾ ਨੂੰ ਮੋਟਰਸਾਈਕਲ ਸਟੰਟ ਕਰਨ ਲਈ ਬੁਲਾਇਆ ਜਾਂਦਾ, ਉੱਥੇ ਉਹ ਆਪਣੇ ਮੋਟਰਸਾਈਕਲ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਚੰਡੀਗੜ੍ਹ 'ਚ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਉਨ੍ਹਾਂ ਨੂੰ ਸਟੰਟ ਦਿਖਾਉਣ ਦਾ ਮੌਕਾ ਮਿਲਿਆ ਤਾਂ ਉਹ 31 ਮੋਟਰਸਾਈਕਲ ਨਾਲ ਟ੍ਰੇਨ ਜ਼ਰੀਏ ਬੈਂਗਲੁਰੂ ਤੋਂ ਚੰਡੀਗੜ੍ਹ ਪਹੁੰਚੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ 'ਚ 1 ਤੋਂ 3 ਲੱਖ ਦੇ ਮੋਟਰਸਾਈਕਲ ਸ਼ਾਮਲ ਹਨ।
ਗਿਨੀਜ਼ ਬੁੱਕ ਵਰਲਡ ਰਿਕਾਰਡ 'ਚ ਸ਼ਵੇਤ ਅਸ਼ਵ ਟੀਮ ਦੇ ਨਾਂ ਰਿਕਾਰਡ ਦਰਜ
ਸ਼ਵੇਤ ਅਸ਼ਵ ਟੀਮ ਬੇਹਤਰੀਨ ਸਟੰਟ ਨਾਲ ਜਿਥੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ, ਉਥੇ ਹੀ ਇਸ ਟੀਮ ਦੇ ਨਾਂ ਕਈ ਰਿਕਾਰਡ ਵੀ ਹਨ। ਟੀਮ ਨੂੰ ਲੀਡ ਕਰਨ ਵਾਲੇ ਨਾਇਬ ਸੂਬੇਦਾਰ ਐੱਨ. ਕੇ. ਤਿਵਾੜੀ ਦਾ ਕਹਿਣਾ ਹੈ ਕਿ ਟੀਮ ਦੇ ਨਾਂ ਤਿੰਨ ਰਿਕਾਰਡ ਹਨ, ਜਿਨ੍ਹਾਂ 'ਚੋਂ ਇਕ ਰਿਕਾਰਡ ਤਾਂ ਬ੍ਰਾਜ਼ੀਲ ਸੈਨਾ ਦਾ ਵੀ ਤੋੜ ਕੇ ਆਪਣਾ ਸਥਾਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟੀਮ ਜਦੋਂ ਵੀ ਮੈਦਾਨ 'ਚ ਉਤਰਦੀ ਹੈ ਤਾਂ ਉਸਦਾ ਟੀਚਾ ਸਿਰਫ ਬੇਹਤਰੀਨ ਪ੍ਰਦਰਸ਼ਨ ਕਰਨਾ ਹੁੰਦਾ ਹੈ।
17 ਨੂੰ ਨਹੀਂ ਪੈਣਗੀਆਂ ਮੱਲਾਂਵਾਲਾ ਵਿਚ ਵੋਟਾਂ
NEXT STORY