ਚੰਡੀਗੜ੍ਹ (ਰਮਨਜੀਤ) : ਸੰਗਰੂਰ ਦੇ ਰਹਿਣ ਵਾਲੇ ਵਾਤਾਵਰਣ ਪ੍ਰੇਮੀ ਡਾ. ਅਮਨਦੀਪ ਅਗਰਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਬਿਸਤ-ਦੁਆਬ ਨਹਿਰ ਦੇ ਕਿਨਾਰਿਆਂ ਤੋਂ 24,777 ਦਰੱਖਤਾਂ ਦੀ ਨਾਜਾਇਜ਼ ਕਟਾਈ ਦੇ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਗਰਵਾਲ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਹੁਣ ਜਦੋਂਕਿ ਸੁਪਰੀਮ ਕੋਰਟ ਨੇ ਵੀ ਉਕਤ ਮਾਮਲੇ 'ਚ ਐੱਨ. ਜੀ. ਟੀ. ਦੇ ਫੈਸਲੇ ਖਿਲਾਫ ਰੋਕ ਲਾਉਣ ਜਾਂ ਦਖਲ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੰਨੇ ਵੱਡੇ ਪੱਧਰ 'ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ। ਅਗਰਵਾਲ ਨੇ ਦੱਸਿਆ ਕਿ 2016 ਦੌਰਾਨ ਬਿਸਤ-ਦੁਆਬ ਨਹਿਰ ਦੇ ਕਿਨਾਰਿਆਂ ਤੋਂ ਫਾਰੈਸਟ (ਸੁਰੱਖਿਆ) 1980 ਐਕਟ ਦੀ ਘੋਰ ਉਲੰਘਣਾ ਕਰਦੇ ਹੋਏ 24,777 ਦਰੱਖਤ ਕੱਟ ਦਿੱਤੇ ਗਏ ਸਨ।
ਇਸ ਮਾਮਲੇ ਨੂੰ ਐੱਨ. ਜੀ. ਟੀ. ਦੇ ਸਾਹਮਣੇ ਲਿਜਾਇਆ ਗਿਆ ਸੀ, ਜਿੱਥੋਂ 16 ਅਗਸਤ 2018 ਨੂੰ ਐੱਨ. ਜੀ. ਟੀ. ਵੱਲੋਂ ਆਦੇਸ਼ ਦਿੱਤਾ ਗਿਆ ਸੀ ਕਿ ਇਸ ਗੰਭੀਰ ਮਾਮਲੇ ਤੋਂ ਇਲਾਵਾ ਮੁੱਖ ਸਕੱਤਰ ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾ ਕੇ ਨਾਜਾਇਜ਼ ਕਟਾਈ ਕਰਾਉਣ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਅਗਰਵਾਲ ਨੇ ਕਿਹਾ ਕਿ ਐੱਨ. ਜੀ. ਟੀ. ਦੇ ਉਕਤ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਵੀ ਅਪੀਲ ਦਾਖਲ ਕੀਤੀ ਗਈ ਸੀ, ਜਿਸ 'ਤੇ ਸੁਪਰੀਮ ਕੋਰਟ ਨੇ ਵੀ ਕੋਈ ਦਖਲ ਦੇਣ ਜਾਂ ਉਕਤ ਫੈਸਲੇ 'ਤੇ ਸਟੇਅ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਅਗਰਵਾਲ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਹਰ ਪਿੰਡ 'ਚ 550 ਬੂਟੇ ਲਾਉਣ ਵਰਗਾ ਵਧੀਆ ਕਾਰਜ ਕਰ ਰਹੀ ਹੈ ਪਰ ਦੂਜੇ ਪਾਸੇ ਇੰਨੀ ਵੱਡੀ ਗਿਣਤੀ 'ਚ ਹਰੇ-ਭਰੇ ਦਰੱਖਤਾਂ ਦਾ ਕਤਲ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾ ਨਹੀਂ ਦੇ ਰਹੀ ਹੈ। ਉਨ੍ਹਾਂ ਕੈਪਟਨ ਨੂੰ ਬੇਨਤੀ ਕੀਤੀ ਹੈ ਕਿ ਐੱਨ. ਜੀ. ਟੀ. ਦੇ ਫੈਸਲੇ ਮੁਤਾਬਕ ਤੱਤਕਾਲ ਕਾਰਵਾਈ ਕੀਤੀ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਅਰੁਣ ਜੇਤਲੀ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
NEXT STORY