ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ, ਸੁਖਪਾਲ, ਦਰਦੀ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੂਹ ਜ਼ਿਲਿਅਾਂ ’ਚ ਲੋਕਾਂ ਤੱਕ ਮੁੱਢਲੀਆਂ ਸਹੂਲਤਾਂ ਦੀ ਪਹੁੰਚ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਆਈ. ਏ. ਐੱਸ. ਨੇ ਅੱਜ ਸਵੇਰੇ ਗੋਨਿਆਣਾ ਰੋਡ ਖੇਤਰ ਦਾ ਦੌਰਾ ਕਰ ਕੇ ਉੱਥੋਂ ਦੇ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ। ਇਲਾਕੇ ’ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਸਬੰਧੀ ਜਦੋਂ ਉਨ੍ਹਾਂ ਮੌਕਾ ਵੇਖਿਆ ਤਾਂ ਉਨ੍ਹਾਂ ਮੌਕੇ ’ਤੇ ਹੀ ਪਬਲਿਕ ਹੈਲਥ ਮਹਿਕਮੇ ਅਤੇ ਨਗਰ ਕੌਂਸਲ ਦੇ ਅਧਿਕਾਰੀ ਤਲਬ ਕਰ ਲਏ ਅਤੇ ਤੁਰੰਤ ਗੰਦੇ ਪਾਣੀ ਦੀ ਨਿਕਾਸੀ ਕਰਨ ਲਈ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਦੀ ਤਾਡ਼ਨਾ ਦਾ ਅਸਰ ਦੁਪਹਿਰ ਤੱਕ ਦੇਖਣ ਨੂੰ ਮਿਲਿਆ, ਜਦੋਂ ਵਿਭਾਗ ਦੀ ਪ੍ਰੈਸ਼ਰ ਮਸ਼ੀਨ ਮੁਹੱਲੇ ਵਿਚ ਪੁੱਜ ਕੇ ਬੰਦ ਹੋਏ ਸੀਵਰੇਜ ਨੂੰ ਸਾਫ ਕਰਨ ਦੇ ਕੰਮ ’ਤੇ ਲੱਗ ਗਈ, ਜਦਕਿ ਸੀਵਰੇਜ ਵਿਚ ਗੋਹਾ ਅਤੇ ਹੋਰ ਕੂੜਾ ਸੁੱਟਣ ਵਾਲੇ ਡੇਅਰੀਆਂ ਦੇ ਮਾਲਕਾਂ ਖਿਲਾਫ ਨਗਰ ਕੌਂਸਲ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਮੇਂ ਡੀ. ਸੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਆਰੰਭ ਕੀਤਾ ਗਿਆ ਹੈ, ਜਿਸ ਤਹਿਤ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਸਾਫ-ਸਫਾਈ, ਪੀਣ ਵਾਲਾ ਪਾਣੀ ਆਦਿ ਕੰਮਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਣੀ ਹੈ। ਉਨ੍ਹਾਂ ਵਿਭਾਗਾਂ ਨੂੰ ਆਪਣੀ ਕਾਰਜਪ੍ਰਣਾਲੀ ਸਮੇਂ ਦੇ ਹਾਣ ਅਤੇ ਤੇਜ਼ ਤਰਾਰ ਕਰਨ ਲਈ ਆਖਦਿਆਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ਅਨੁਸਾਰ ਜਨਤਕ ਸੇਵਾਵਾਂ ਮੁਹੱਈਆ ਕਰਵਾਈਅਾਂ ਜਾਣ। ਇਸ ਮੌਕੇ ਮੁਹੱਲਾ ਵਾਸੀਆਂ ਵੱਲੋਂ ਸਫਾਈ ਅਤੇ ਸਟਰੀਟ ਲਾਈਟਾਂ ਦੀ ਸਮੱਸਿਆ ਵੀ ਦੱਸੀ ਗਈ। ਉਨ੍ਹਾਂ ਨੇ ਮੌਕੇ ’ਤੇ ਹੀ ਨਗਰ ਕੌਂਸਲ ਨੂੰ ਇਸ ਸਬੰਧੀ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੀਵਰੇਜ ’ਚ ਠੋਸ ਕੂੜਾ ਸੁੱਟਣ ਵਾਲੇ ਲੋਕਾਂ ਖਿਲਾਫ ਵੀ ਸਖ਼ਤ ਕਾਰਵਾਈ ਦੇ ਹੁਕਮ ਨਗਰ ਕੌਂਸਲ ਨੂੰ ਦਿੱਤੇ।
ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਡੀ. ਐੱਮ. ਰਾਜਪਾਲ ਸਿੰਘ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ। ਪਬਲਿਕ ਹੈਲਥ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਏ. ਪੀ. ਗਰਗ ਨੇ ਕਿਹਾ ਕਿ ਵਿਭਾਗ ਵੱਲੋਂ ਸੀਵਰੇਜ ਦੀ ਸਫਾਈ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ, ਜਦਕਿ ਨਗਰ ਕੌਂਸਲ ਵੱਲੋਂ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਨੇ ਸ਼ਹਿਰ ਦੇ 22 ਡੇਅਰੀਆਂ ਦੇ ਮਾਲਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ, ਜੇਕਰ ਕੋਈ ਡੇਅਰੀ ਮਾਲਕ ਸੀਵਰੇਜ ਵਿਚ ਕੂੜਾ ਜਾਂ ਪਸ਼ੂਆਂ ਦਾ ਗੋਹਾ ਪਾਉਂਦਾ ਹੈ ਤਾਂ ਅਜਿਹੇ ਲੋਕਾਂ ਖਿਲਾਫ ਨਗਰ ਕੌਂਸਲ ਸਖ਼ਤ ਕਾਰਵਾਈ ਕਰੇਗੀ। ਇਸ ਸਬੰਧੀ ਮੁਹੱਲਾ ਵਾਸੀ ਨਰਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਇਲਾਕੇ ਦੀ ਮੁਸ਼ਕਲ ਨੂੰ ਹੱਲ ਕਰਨ ਦੇ ਯਤਨ ਆਰੰਭੇ ਕੀਤੇ ਗਏ ਹਨ ਅਤੇ ਅਸੀਂ ਇਸ ਲਈ ਸੂਬਾ ਸਰਕਾਰ ਦੇ ਧੰਨਵਾਦੀ ਹਾਂ।
ਮਨਿਸਟਰੀਅਲ ਮੁਲਾਜ਼ਮਾਂ ਨੇ ‘ਡੋਪ’ ਟੈਸਟ ਤੇ ਵਿਕਾਸ ਟੈਕਸ ਵਿਰੁੱਧ ਕੱਢੀ ਰੋਸ ਰੈਲੀ
NEXT STORY