ਜਲੰਧਰ/ਫਰੀਦਕੋਟ— ਕਾਂਗਰਸ ਪਾਰਟੀ ਵੱਲੋਂ ਬੀਤੇ ਦਿਨ ਲੋਕ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ 'ਚ ਫਰੀਦਕੋਟ ਤੋਂ ਲੋਕ ਪ੍ਰਸਿੱਧ ਪੰਜਾਬੀ ਗਾਇਕ ਮੁਹੰਮਦ ਸਦੀਕ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਨੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਅਤੇ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਲੋਕ ਗਾਇਕੀ ਦੇ ਖੇਤਰ 'ਚ ਆਪਣਾ ਨਾਂ ਕਮਾਉਣ ਵਾਲੇ ਮੁਹੰਮਦ ਸਦੀਕ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਸਮੇਤ ਪੀ. ਡੀ. ਏ. ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੇ ਨਾਲ ਹੋਣ ਵਾਲਾ ਹੈ। ਗਾਇਕੀ 'ਚੋਂ ਰਾਜਨੀਤੀ 'ਚ ਪ੍ਰਵੇਸ਼ ਕਰਨ ਵਾਲੇ ਮੁਹੰਮਦ ਸਦੀਕ ਸਾਲ 2012 'ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਭਦੌੜ ਤੋਂ ਅਕਾਲੀ ਦਲ ਆਗੂ ਦਰਬਾਰਾ ਸਿੰਘ ਖਿਲਾਫ ਲੜੇ ਸਨ ਅਤੇ ਜਿੱਤ ਹਾਸਲ ਕਰਕੇ ਵਿਧਾਇਕ ਬਣੇ। ਮੁਹਮੰਦ ਸਦੀਕ ਹੁਣ ਤੱਕ ਦੋ ਵਾਰ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ, ਜਿਨ੍ਹਾਂ 'ਚ ਇਕ ਵਾਰ ਜਿੱਤੇ ਅਤੇ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਮੁਹੰਮਦ ਸੱਦੀਕ ਦੀ ਜ਼ਿੰਦਗੀ 'ਤੇ ਇਕ ਝਾਤ
77 ਸਾਲਾ ਮੁਹੰਮਦ ਸੱਦੀਕ ਦਾ ਜਨਮ ਸਾਲ 1942 'ਚ ਰਾਮਪੁਰ ਜ਼ਿਲਾ ਲੁਧਿਆਣਾ ਵਿਖੇ ਹੋਇਆ। ਇਨ੍ਹਾਂ ਦੀ ਮਾਂ ਦਾ ਨਾਂ ਪ੍ਰਸ਼ਿਨੀ ਦੇਵੀ ਅਤੇ ਪਿਤਾ ਦਾ ਨਾਂ ਮੱਘਰ ਹੈ। ਸਦੀਕ ਆਪਣੇ 6 ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੇ ਹਨ। ਸਦੀਕ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਇਨ੍ਹਾਂ ਨੂੰ ਗਾਇਕੀ ਵਿਰਾਸਤ 'ਚ ਮਿਲੀ। ਸਦੀਕ ਦੇ ਚਾਚਾ ਆਪਣੇ ਟਾਈਮ 'ਚ ਵਧੀਆ ਗਾਉਂਦੇ ਸਨ, ਜਿਨ੍ਹਾਂ ਨੂੰ ਦੇਖ ਕੇ ਇਨ੍ਹਾਂ ਨੂੰ ਗਾਉਣ ਦੀ ਚੇਟਕ ਲੱਗੀ। 1947 ਦੀ ਵੰਡ ਸਮੇਂ ਸਦੀਕ ਦਾ ਪਰਿਵਾਰ ਮਾਂ ਪ੍ਰਸ਼ਿਨੀ ਦੇਵੀ ਦੇ ਨਾਨਕੇ ਘਰ ਮਲੇਰਕੋਟਲਾ ਨੇੜੇ ਪਿੰਡ ਕੁੱਪ ਕਲਾਂ ਆ ਵਸਿਆ। ਸਦੀਕ ਨੇ ਪਿੰਡ ਦੇ ਸਕੂਲ 'ਚ ਹੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ ਅਤੇ ਸੰਗੀਤਕ ਬਾਰਕੀਆਂ ਸਿੱਖਣ ਲਈ ਬਾਕਿਰ ਹੁਸੈਨ ਮਲੇਰਕੋਟਲਾ ਨੂੰ ਉਸਤਾਦ ਧਾਰ ਲਿਆ। ਸਦੀਕ ਦਾ ਬਚਪਨ ਤੰਗੀ ਭਰਿਆ ਸੀ। ਸੰਗੀਤ ਦੀ ਵਿਦਿਆ ਹਾਸਲ ਕਰਨ ਲਈ ਸਵੇਰੇ 4 ਵਜੇ ਰੋਜ਼ਾਨਾ 10 ਕਿਲੋਮੀਟਰ ਸਾਈਕਲ 'ਤੇ ਜਾਣਾ ਪੈਂਦਾ ਸੀ। ਸਦੀਕ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 1962 'ਚ 'ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ' ਗੀਤ ਨਾਲ ਕੀਤੀ। ਇਸ ਗਾਣੇ ਦੇ ਗੀਤਕਾਰ ਇੰਦਰਜੀਤ ਹਸਨਪੁਰੀ ਸਨ। ਇਸ ਤੋਂ ਬਾਅਦ ਸਦੀਕ ਨੇ ਦੀਦਾਰ ਸੰਧੂ ਅਤੇ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਵੀ ਗੀਤ ਗਾਏ ਅਤੇ ਖੂਬ ਪ੍ਰਸਿੱਧੀ ਹਾਸਲ ਕੀਤੀ।
Îਮੁੰਹਮਦ ਸਦੀਕ ਦੇ ਹੁਣ ਤੱਕ 1200 ਤੋਂ ਉੱਪਰ ਗੀਤ ਰਿਕਾਰਡ ਹੋ ਚੁੱਕੇ ਹਨ, ਜਿਸ 'ਚ ਉਨ੍ਹਾਂ ਨੇ ਦੋਗਾਣਿਆਂ ਤੋਂ ਇਲਾਵਾ ਕੁਝ ਸ਼ੋਲੋ ਗੀਤ, ਲੋਕ ਗਥਾਵਾਂ ਅਤੇ ਕਲੀਆਂ ਵੀ ਗਾਈਆਂ। ਮਾਨ ਮਰਾੜਾਂ ਵਾਲੇ ਦੀ ਲਿਖੀ ਗਾਥਾ 'ਸੁੱਚਾ ਸੂਰਮਾ' ਅਤੇ ਬਾਬੂ ਰਜਬ ਅਲੀ ਦੀ ਲਿਖਤ 'ਮੇਰੇ ਵੱਸ ਨਾਂ ਰਾਝਣਾਂ ਵੇ, 'ਜੋਰ ਨਾਲ ਬੰਨ ਕੇ ਲਿਜਾਂਦੇ ਖੇੜੇ' ਸ਼ਾਹਕਾਰ ਗੀਤ ਹੋ ਨਿੱਬੜੇ। ਬਾਬੂ ਸਿੰਘ ਮਾਨ ਤੋਂ ਇਲਾਵਾ ਜਨਕ ਸ਼ਰਮੀਲਾ, ਗੁਰਮੇਲ ਸਿੰਘ ਢਿੱਲੋਂ ਭੁੱਖਿਆਂ ਵਾਲੀ, ਸੁਰੇਸ ਬਾਂਸਲ ਬਾਪਲੇ ਵਾਲਾ, ਗੁਰਨਾਮ ਸਿੰਘ ਗਾਮੀ ਸੰਗਤਪੁਰੀਆ, ਸੁਰਜੀਤ ਸਿੰਘ ਢਿੱਲੋਂ ਪਿਥੋ ਵਾਲੇ ਦੇ ਲਿਖੇ ਪਰਿਵਾਰਕ ਨੋਕ ਝੋਕ ਵਾਲੇ ਸਦੀਕ ਦੇ ਗਾਏ ਕਈ ਸੈਕੜੇ ਗੀਤ ਅੱਜ ਵੀ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਮੁਹੰਮਦ ਸਦੀਕ ਨੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ। ਉਸ ਸਮੇਂ ਦੀ ਸਭ ਤੋਂ ਚਰਚਿਤ ਫਿਲਮ 'ਪੁੱਤ ਜੱਟਾਂ ਦੇ' ਉਨ੍ਹਾਂ ਦੀ ਪਹਿਲੀ ਫਿਲਮ ਸੀ, ਜਿਸ 'ਚ ਉਨ੍ਹਾਂ ਨੇ ਜਬਰਜੰਗ ਸਿੰਘ ਦੇ ਪਾਤਰ ਦਾ ਯਾਦਗਰੀ ਰੋਲ ਨਿਭਾਇਆ। ਮੁਹੰਮਦ ਸਦੀਕ ਨੇ ਬਤੌਰ ਹੀਰੋ 'ਗੁੱਡੋ' ਫਿਲਮ 'ਚ ਅਦਾਕਾਰੀ ਕੀਤੀ।
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਦੌਲਤ ਰੱਖਿਆ ਸਿਆਸਤ 'ਚ ਕਦਮ
ਗਾਇਕੀ ਕਰਦੇ-ਕਰਦੇ ਮੁਹੰਮਦ ਸਦੀਕ ਨੇ ਰਾਜਨੀਤੀ 'ਚ ਵੀ ਹੱਥ ਅਜ਼ਮਾਇਆ। ਮੁੱਢਲੇ ਸ਼ੁਰੂਆਤੀ ਦਿਨਾਂ 'ਚ ਲੰਕ ਸਪੰਰਕ ਵਿਭਾਗ 'ਚ ਨੌਕਰੀ ਕਰਦੇ ਸਿਆਸੀ ਸਟੇਜਾਂ ਤੋਂ ਉਨ੍ਹਾਂ ਨੂੰ ਰਾਜਨੀਤੀ ਦੀ ਚੇਟਕ ਵੀ ਲੱਗ ਗਈ ਅਤੇ ਉਨ੍ਹਾਂ ਦਾ ਸ਼ੁਰੂ ਤੋਂ ਝੁਕਾਅ ਕਾਂਗਰਸ ਪਾਰਟੀ ਵੱਲ ਹੀ ਰਿਹਾ। ਮੁਹੰਮਦ ਸਦੀਕ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਰਾਜੀਵ ਗਾਂਧੀ ਸਮੇਤ ਭਾਰਤ ਦੇ ਕਈ ਪ੍ਰਧਾਨ ਮੰਤਰੀਆਂ ਦੀਆਂ ਸਟੇਜਾਂ 'ਤੇ ਵੀ ਗਾ ਚੁੱਕੇ ਹਨ। ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਉਨ੍ਹਾਂ ਨੂੰ ਰਾਜਨੀਤੀ 'ਚ ਲੈ ਕੇ ਆਏ ਸਨ। ਲੋਕਾਂ ਤੋਂ ਮਿਲੇ ਪਿਆਰ ਅਤੇ ਕਾਂਗਰਸ ਦੀ ਲੀਡਰਸ਼ਿਪ ਤੋਂ ਥਾਪੜੇ ਸਦਕਾ ਉਹ 2012 'ਚ ਰਿਜ਼ਰਵ ਹਲਕਾ ਭਦੌੜ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ ਅਤੇ ਵੱਡੀ ਜਿੱਤ ਹਾਸਲ ਕੀਤੀ। ਰਿਜ਼ਰਵ ਹਲਕਾ ਭਦੌੜ 'ਚ ਇਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਪ੍ਰਧਾਨ ਸਕੱਤਰ ਦਰਬਾਰਾ ਸਿੰਘ ਗੁਰੂ ਨਾਲ ਸੀ। ਉਸ ਸਮੇਂ ਦਰਬਾਰਾ ਸਿੰਘ ਗੁਰੂ ਨੇ ਇਨ੍ਹਾਂ ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਕਿ ਸਦੀਕ ਨੇ ਵਿਧਾਨ ਸਭਾ ਚੋਣਾਂ ਚੋਣ ਕਮਿਸ਼ਨ ਨੂੰ ਗੁੰਮਰਾਹ ਕਰਕੇ ਲੜੀਆਂ ਸਨ। ਭਦੌੜ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਸੀ, ਇਸ ਲਈ ਸਦੀਕ ਮੁਸਲਮਾਨ ਹੁੰਦੇ ਹੋਏ ਚੋਣ ਨਹੀਂ ਲੜ ਸਕਦੇ ਸਨ। ਪੰਜਾਬ ਹਰਿਆਣਾ ਹਾਈਕੋਰਟ ਨੇ ਇਨ੍ਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ ਜਦਕਿ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਪਟੀਸ਼ਨ ਨੂੰ ਮਮਜ਼ੂਰ ਕਰਦੇ ਵਿਧਾਇਕ ਅਹੁਦੇ ਲਈ ਯੋਗ ਕਰਾਰ ਦਿੱਤਾ ਸੀ। ਮੁਹੰਮਦ ਸਦੀਕ ਨੂੰ 52, 825 ਵੋਟਾਂ ਮਿਲੀਆਂ ਸਨ ਜਦਕਿ ਦਰਬਾਰਾ ਸਿੰਘ ਗੁਰੂ ਨੂੰ 45,856 ਹਾਸਲ ਹੋਈਆਂ ਸਨ। ਇਸ ਤੋਂ ਬਾਅਦ ਮੁਹੰਮਦ ਸਦੀਕ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਜੈਤੋਂ ਤੋਂ 'ਆਪ' ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੇ ਨਾਲ ਚੋਣ ਲੜੇ ਸਨ। ਇਸ ਦੌਰਾਨ ਮੁਹੰਮਦ ਸਦੀਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਾਸਟਰ ਬਲਦੇਵ ਸਿੰਘ ਨੂੰ 45344 ਵੋਟਾਂ ਪਈਆਂ ਸਨ ਜਦਕਿ ਸਦੀਕ ਨੂੰ 35, 351 ਵੋਟਾਂ ਮਿਲੀਆਂ ਸਨ।
ਜਾਣੋ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦਾ ਪਿਛੋਕੜ
NEXT STORY