ਜਲੰਧਰ— ਬਿਹਾਰ 'ਚ ਬੇਗੂਸਰਾਏ ਤੋਂ ਕਨ੍ਹੱਈਆ ਲੋਕ ਸਭਾ ਚੋਣਾਂ ਲੜ ਰਹੇ ਹਨ। ਸਰਗਰਮ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵੀ ਜ਼ੋਰਾ 'ਤੇ ਕੀਤਾ ਜਾ ਰਿਹਾ ਹੈ। ਪੰਜਾਬੀਆਂ ਨੇ ਕਨ੍ਹੱਈਆ ਕੁਮਾਰ 'ਤੇ ਨੋਟਾਂ, ਪੌਂਡਾਂ ਅਤੇ ਡਾਲਰਾਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਕ ਪਾਸੇ ਜਿੱਥੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਕਨ੍ਹੱਈਆ ਕੁਮਾਰ ਨੂੰ ਚੋਣ ਫੰਡ ਭੇਜਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ ਉਥੇ ਹੀ ਪੰਜਾਬ 'ਚੋਂ ਵੀ ਲੋਕ ਕਨ੍ਹੱਈਆ ਲਈ ਪੈਸੇ ਇਕੱਠੇ ਕਰਕੇ ਭੇਜ ਰਹੇ ਹਨ ਅਤੇ ਚੋਣ ਪ੍ਰਚਾਰ 'ਚ ਸਾਥ ਦੇਣ ਵਾਸਤੇ ਵੀ ਤਿਆਰੀਆਂ ਕਰ ਰਹੇ ਹਨ। ਜਲੰਧਰ ਤੋਂ ਕਨ੍ਹੱਈਆ ਕੁਮਾਰ ਦੀ ਹਮਾਇਤ ਲਈ ਜਾਣ ਵਾਲੇ ਐਡਵੋਕੇਟ ਰਜਿੰਦਰ ਮੰਡ ਨੇ ਦੱਸਿਆ ਕਿ ਚੋਣ ਫੰਡ ਵਾਸਤੇ ਉਹ 50 ਹਜ਼ਾਰ ਰੁਪਏ ਇਕੱਠੇ ਕਰਕੇ ਦੇਣਗੇ। ਉਨ੍ਹਾਂ ਦੇ ਨਾਲ ਇਕ ਹੋਰ ਸਾਥੀ ਹਫਤੇ ਲਈ ਕਨ੍ਹੱਈਆ ਕੁਮਾਰ ਦੇ ਚੋਣ ਪ੍ਰਚਾਰ ਲਈ ਜਾਵੇਗਾ।
ਅਮਰੀਕਾ ਤੋਂ ਆਏ ਰਮਨਜੀਤ ਨੇ ਦੱਸਿਆ ਕਿ ਉਹ ਕਨ੍ਹੱਈਆ ਕੁਮਾਰ ਨੂੰ 15 ਹਜ਼ਾਰ ਰੁਪਏ ਭੇਜ ਚੁੱਕੇ ਹਨ ਅਤੇ ਆਪਣੇ ਹੋਰ ਸਾਥੀਆਂ ਨੂੰ ਪੈਸੇ ਭੇਜਣ ਲਈ ਕਹਿ ਰਹੇ ਹਨ। ਵਿਦੇਸ਼ਾਂ 'ਚ ਪਰਵਾਸੀ ਪੰਜਾਬੀ ਜਿੱਥੇ ਸੂਬੇ 'ਚ ਬਾਦਲਾਂ ਅਤੇ ਮੋਦੀ ਵਿਰੁੱਧ ਉਮੀਦਵਾਰਾਂ ਦੀ ਮਦਦ ਕਰ ਰਹੇ ਹਨ, ਉਥੇ ਹੀ ਅਮਰੀਕਾ ਤੋਂ ਇਲਾਵਾ ਕਨ੍ਹੱਈਆ ਲਈ ਕੈਨੇਡਾ, ਇੰਗਲੈਂਡ, ਜਰਮਨੀ ਅਤੇ ਆਸਟਰੇਲੀਆ ਤੋਂ ਵੀ ਆਰਥਿਕ ਮਦਦ ਭੇਜੀ ਜਾ ਰਹੀ ਹੈ। ਪੰਜਾਬ 'ਚੋਂ ਪੈਸੇ ਭੇਜਣ ਵਾਲਿਆਂ ਦੀ ਸੂਚੀ 'ਚ ਗੁਰਮੀਤ ਸ਼ੁਗਲੀ, ਡਾ. ਜੱਸ ਮੰਡ ਅਤੇ ਸੁਕੀਰਤ ਆਨੰਦ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਕਨ੍ਹੱਈਆ ਕੁਮਾਰ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਹ 70 ਲੱਖ ਰੁਪਏ ਹੀ ਖਰਚ ਸਕਦੇ ਹਨ। ਜੇ ਉਸ ਦੇ ਖਾਤੇ 'ਚ ਵਾਧੂ ਪੈਸੇ ਆਉਂਦੇ ਹਨ ਤਾਂ ਉਹ ਇਹ ਸਾਰੇ ਪੈਸੇ ਸੀ. ਪੀ. ਆਈ. ਦੀ ਕੇਂਦਰੀ ਕਮੇਟੀ ਨੂੰ ਸੌਂਪ ਦੇਣਗੇ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਵਿੱਕੀ ਮਹੇਸ਼ਵਰੀ ਜਿਹੜੇ ਕਿ ਪੰਜਾਬ ਨਾਲ ਸਬੰਧਤ ਹਨ, ਵੀ ਬੇਗੂਸਰਾਏ 'ਚ ਚੋਣ ਪ੍ਰਚਾਰ ਲਈ ਕਨ੍ਹੱਈਆ ਕੁਮਾਰ ਦਾ ਸਾਥ ਦੇਣ ਲਈ ਤਿਆਰੀਆਂ 'ਚ ਲੱਗੇ ਹੋਏ ਹਨ। ਪੰਜਾਬ ਦੇ ਕਈ ਆਈ. ਪੀ. ਐੱਸ ਅਤੇ ਪੀ. ਸੀ. ਐੱਸ. ਅਧਿਕਾਰੀ ਕਨ੍ਹੱਈਆ ਕੁਮਾਰ ਦੇ ਚੋਣ ਪ੍ਰਚਾਰ ਦੇ ਢੰਗ ਤਰੀਕਿਆਂ ਨੂੰ ਵਟਸਐਪ ਰਾਹੀਂ ਸਾਂਝਾ ਕਰ ਰਹੇ ਹਨ।
ਕੱਨ੍ਹਈਆ ਨੇ ਡਫਲੀ ਫੜ ਕੇ ਵਿੱਢਿਆ ਚੋਣ ਪ੍ਰਚਾਰ
ਕਨ੍ਹੱਈਆ ਕੁਮਾਰ ਦੀਆਂ ਸੋਸ਼ਲ ਮੀਡੀਆ 'ਤੇ ਜਵਾਹਰ ਲਾਲ ਯੂਨੀਵਰਸਿਟੀ 'ਚ ਕੀਤੇ ਸੰਘਰਸ਼ ਦੌਰਾਨ ਅਪਣਾਇਆ ਤਰੀਕਾ ਹੀ ਵਰਤਿਆ ਜਾ ਰਿਹਾ ਹੈ। ਉਹ ਸਾਦੇ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਉਹ ਖੁਦ ਡਫਲੀ ਲੈ ਕੇ ਉਸੇ ਤਰ੍ਹਾਂ ਨਾਅਰੇ ਅਤੇ ਜੈਕਾਰੇ ਲਗਾ ਰਹੇ ਹਨ, ਜਿਵੇਂ ਉਨ੍ਹਾਂ ਨੇ 'ਵਰਸਿਟੀ 'ਚ ਲਗਾਏ ਸਨ। ਦੱਸ ਦੇਈਏ ਕਿ ਇਨ੍ਹਾਂ ਨਾਅਰਿਆਂ ਕਾਰਨ ਹੀ ਕਨ੍ਹੱਈਆ ਅਤੇ ਉਸ ਦੇ ਸਾਥੀਆਂ 'ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਇਆ ਸੀ।
ਜੱਸੀ ਜਸਰਾਜ ਨੂੰ ਪਰਮਿੰਦਰ ਢੀਂਡਸਾ ਦਾ ਜਵਾਬ (ਵੀਡੀਓ)
NEXT STORY