ਜਲੰਧਰ— ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਸੀਟਾਂ 'ਤੇ ਇਸ ਵਾਰ 278 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 'ਚੋਂ 105 ਉਮੀਦਵਾਰ ਹਾਇਰ ਐਜੂਕੇਟਡ ਯਾਨੀ ਡਾਕਟਰ, ਇੰਜੀਨੀਅਰ, ਵਕੀਲ, ਐੱਮ. ਬੀ. ਏ. ਅਤੇ ਪ੍ਰੋਫੈਸਰ ਹਨ। ਇਨ੍ਹਾਂ 'ਚੋਂ 14 ਡਾਕਟਰ, 20 ਵਕੀਲ ਉਮੀਦਵਾਰ ਸ਼ਾਮਲ ਹਨ। ਇਸ ਦੇ ਨਾਲ ਹੀ 35 ਉਮੀਦਵਾਰ ਦਾਗੀ ਹਨ, ਜਿਨ੍ਹਾਂ 'ਤੇ ਕਈ ਤਰ੍ਹਾਂ ਦੇ ਕੇਸ ਦਰਜ ਹਨ। 124 ਉਮੀਦਵਾਰ ਚੌਥੀ ਤੋਂ ਲੈ ਕੇ 12ਵੀਂ ਪਾਸ ਹਨ ਅਤੇ 36 ਉਮੀਦਵਾਰ ਅਜਿਹੇ ਵੀ ਹਨ, ਜੋ ਅੰਗੂਠਾ ਛਾਪ ਹਨ। ਐਫੀਡੇਵਿਟ 'ਚ ਇਨ੍ਹਾਂ ਨੇ ਦਸਤਖਤ ਦੀ ਬਜਾਏ ਅੰਗੂਠਾ ਹੀ ਲਗਾਇਆ ਹੈ। ਅਨਪੜ੍ਹ ਉਮੀਦਵਾਰਾਂ 'ਚ 6-6 ਸਭ ਤੋਂ ਵੱਧ ਅੰਮ੍ਰਿਤਸਰ ਅਤੇ ਖਡੂਰ ਸਾਹਿਬ 'ਚ ਹਨ ਅਤੇ ਹਾਈ ਐਜੂਕੇਸ਼ਨ ਵਾਲੇ ਸਭ ਤੋਂ ਉਮੀਦਵਾਰ ਪਟਿਆਲਾ ਅਤੇ ਸੰਗਰੂਰ ਸੀਟ 'ਤੇ 14-14 ਹਨ। ਪਟਿਆਲਾ ਤੋਂ ਚੋਣ ਲੜ ਰਹੇ ਰਿਸ਼ਭ ਸ਼ਰਮਾ ਐੱਲ. ਐੱਲ. ਬੀ, ਬਲਦੀਪ ਸਿੰਘ ਐੱਮ. ਬੀ. ਏ, ਪੀ. ਐੱਚ. ਡੀ., ਧਰਮਵੀਰ ਗਾਂਧੀ ਐੱਮ. ਡੀ, ਐੱਮ. ਬੀ. ਬੀ. ਐੱਸ, ਖਡੂਰ ਸਾਹਿਬ ਤੋਂ ਚੋਣਾਂ ਲੜ ਰਹੀ ਅਕਾਲੀ ਉਮੀਦਵਾਰ ਜਗੀਰ ਕੌਰ ਬੀ. ਏ, ਬੀ. ਐੱਡ, ਲੁਧਿਆਣਾ ਤੋਂ ਬ੍ਰਿਜੇਸ਼ ਕੁਮਾਰ ਬੀ. ਏ. ਐੱਮ. ਐੱਸ, ਐੱਮ.ਡੀ. ਹਨ। 13 ਸੀਟਾਂ 'ਤੇ ਉਮੀਦਵਾਰਾਂ 'ਤੇ ਲੜਾਈ ਝਗੜੇ ਤੋਂ ਲੈ ਕੇ ਰੇਪ ਕੇਸ ਅਤੇ ਕਤਲ ਤੱਕ ਦੇ 60 ਕੇਸ ਵੀ ਦਰਜ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਉਮੀਦਵਾਰ ਜ਼ਮਾਨਤ 'ਤੇ ਹਨ ਜਦਕਿ ਕੁਝ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਕੁਝ ਉਮੀਦਵਾਰਾਂ ਦੇ ਕੇਸ ਕੋਰਟ 'ਚ ਵਿਚਾਰ ਅਧੀਨ ਹਨ।
17 ਮਈ ਤੱਕ ਕੇਸ ਦਰਜ ਵਾਲਿਆਂ ਨੂੰ 2 ਵਾਰ ਅਖਬਾਰਾਂ ਸਣੇ ਚੈਨਲਾਂ 'ਚ 7 ਸੈਕਿੰਡ ਦੀ ਦੇਣੀ ਹੋਵੇਗੀ ਐਡ
ਦੱਸਿਆ ਜਾ ਰਿਹਾ ਹੈ ਕਿ ਜਿਹੜੇ ਉਮੀਦਵਾਰਾਂ 'ਤੇ ਕੇਸ ਦਰਜ ਹਨ, ਉਨ੍ਹਾਂ ਨੂੰ 17 ਮਈ ਤੋਂ ਪਹਿਲਾਂ 3 ਵਾਰ ਅਖਬਾਰ ਜਾਂ ਚੈਨਲ 'ਚ ਜਾਣਕਾਰੀ ਦੇਣੀ ਹੋਵੇਗੀ। ਇਹ ਜਾਣਕਾਰੀ ਟੀ. ਵੀ. ਚੈਨਲ 'ਤੇ ਤਸਵੀਰ ਨਾਲ 7 ਸੈਕਿੰਡ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ 24 ਘੰਟਿਆਂ 'ਚ ਤਿੰਨ ਵਾਰ ਟੀ. ਵੀ. ਚੈਨਲਾਂ 'ਤੇ ਚੱਲਣੀ ਚਾਹੀਦੀ ਹੈ। ਜਾਣਕਾਰੀ ਨਾ ਦੇਣ ਵਾਲੇ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਜਾਵੇਗਾ। ਜੇਕਰ ਕੋਈ ਉਮੀਦਵਾਰ ਨਾਮਜ਼ਦਗੀ ਰੱਦ ਹੋਣ ਦੇ ਬਾਵਜੂਦ ਕੋਰਟ ਤੋਂ ਸਟੇਅ ਆਦਿ ਲੈ ਕੇ ਚੋਣ ਲੜੇਗਾ ਤਾਂ ਉਸ ਦਾ ਨਤੀਜਾ ਰੋਕ ਲਿਆ ਜਾਵੇਗਾ।
ਸਿਮਰਜੀਤ ਸਿੰਘ ਬੈਂਸ 'ਤੇ ਸਭ ਤੋਂ ਜ਼ਿਆਦਾ ਕੇਸ
ਲੁਧਿਆਣਾ ਸੀਟ ਤੋਂ ਲੋਕ ਸਭਾ ਚੋਣਾਂ ਲੜ ਰਹੇ ਸਿਮਰਜੀਤ ਸਿੰਘ ਬੈਂਸ 'ਤੇ ਸਭ ਤੋਂ ਵੱਧ 8 ਮਾਮਲੇ ਦਰਜ ਹਨ। ਇਨ੍ਹਾਂ 'ਚ ਲੜਾਈ-ਝਗੜੇ, ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ, ਹਾਈਵੇਅ ਬਲਾਕ ਕਰਨ, ਕਤਲ ਦਾ ਕੇਸ ਅਤੇ ਹੋਰ ਕਈ ਧਰਾਵਾਂ ਦੇ ਤਹਿਤ ਮਾਮਲੇ ਦਰਜ ਹਨ। ਬੈਂਸ ਤੋਂ ਬਾਅਦ ਸਭ ਤੋਂ ਵੱਧ 6 ਕੇਸ ਸੰਗਰੂਰ ਤੋਂ ਚੋਣਾਂ ਲੜ ਰਹੇ ਭਾਰਤੀ ਲੋਕ ਸੇਵਾ ਦਲ ਦੇ ਮਹਿੰਦਰ ਪਾਲ ਸਿੰਘ ਖਿਲਾਫ ਦਰਜ ਹਨ। ਇਨ੍ਹਾਂ 'ਤੇ ਲੜਾਈ-ਝਗੜੇ ਅਤੇ ਟਰੇਸ ਪਾਸਿੰਗ ਤੋਂ ਇਲਾਵਾ ਹੋਰ ਧਰਾਵਾਂ ਦੇ ਤਹਿਤ ਮਾਮਲੇ ਦਰਜ ਹਨ।
ਲੁਧਿਆਣਾ 'ਚ ਸਭ ਤੋਂ ਵੱਧ ਕੇਸ, ਜਲੰਧਰ 'ਚ ਇਕ ਵੀ ਨਹੀਂ
ਲੁਧਿਆਣਾ ਤੋਂ ਇਸ ਵਾਰ 27 ਉਮੀਦਵਾਰ ਚੋਣਾਂ ਲੜ ਰਹੇ ਹਨ। ਸੂਬੇ 'ਚ ਸਭ ਤੋਂ ਵੱਧ ਮਾਮਲੇ ਲੁਧਿਆਣਾ 'ਚ ਦਰਜ ਹੋਏ ਹਨ। ਇਥੋਂ ਲੜ ਰਹੇ ਉਮੀਦਵਾਰਾਂ 'ਤੇ 15 ਕੇਸ ਦਰਜ ਹਨ ਜਦਕਿ ਜਲੰਧਰ ਲੋਕ ਸਭਾ ਖੇਤਰ ਤੋਂ ਕਿਸੇ ਵੀ ਉਮੀਦਵਾਰ 'ਤੇ ਕੋਈ ਕੇਸ ਦਰਜ ਨਹੀਂ ਹੈ। ਇਸ ਦੇ ਇਲਾਵਾ ਕਈ ਹੋਰ ਜ਼ਿਲਿਆਂ 'ਚ ਵੀ ਉਮੀਦਵਾਰਾਂ 'ਤੇ ਕ੍ਰਿਮੀਨਲ ਕੇਸ ਹੋਰ ਤਰ੍ਹਾਂ ਦੇ ਕੇਸ ਦਰਜ ਹਨ। ਇਸ ਤੋਂ ਇਲਾਵਾ ਸੰਗਰੂਰ 'ਚ ਕੁੱਲ 10, ਫਿਰੋਜ਼ਪੁਰ 8, ਖਡੂਰ ਸਾਹਿਬ 7, ਫਰੀਦਕੋਟ 4, ਫਤਿਹਗੜ੍ਹ ਸਾਹਿਬ 4, ਬਠਿੰਡਾ-4, ਪਟਿਆਲਾ 2, ਆਨੰਦਪੁਰ ਸਾਹਿਬ 2, ਗੁਰਦਾਸਪੁਰ 2, ਅੰਮ੍ਰਿਤਸਰ 1, ਹੁਸ਼ਿਆਰਪੁਰ 1 ਅਤੇ ਜਲੰਧਰ 'ਚ ਕੋਈ ਵੀ ਕੇਸ ਦਰਜ ਨਹੀਂ ਹੈ।
ਇਨ੍ਹਾਂ ਨੇਤਾਵਾਂ 'ਤੇ ਹਨ ਸੰਗੀਨ ਦੋਸ਼
ਲੁਧਿਆਣਾ ਤੋਂ ਹੀ ਚੋਣਾਂ ਲੜ ਰਹੇ ਅੰਬੇਡਕਰ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਬਿੰਟੂ ਕੁਮਾਰ ਟਾਂਕ 'ਤੇ ਰੇਪ ਦਾ ਕੇਸ ਦਰਜ ਹੈ। ਸੁਣਵਾਈ ਲੁਧਿਆਣਾ ਕੋਰਟ 'ਚ ਚੱਲ ਰਹੀ ਹੈ। ਉਧਰ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣਾਂ ਲੜ ਰਹੇ ਹਿੰਦ ਕਾਂਗਰਸ ਪਾਰਟੀ ਦੇ ਕੰਵਲਜੀਤ ਸਿੰਘ 'ਤੇ ਦਾਜ ਦਾ ਮਾਮਲਾ ਦਰਜ ਹੈ। ਖਡੂਰ ਸਾਹਿਬ ਤੋਂ ਚੋਣਾਂ ਸੜ ਰਹੀ ਬੀਬੀ ਜਗੀਰ ਕੌਰ ਖਿਲਾਫ ਕਿਡਨੈਪਿੰਗ, ਸਾਜਿਸ਼ ਰਚਣ ਦੇ ਦੋਸ਼ 'ਚ ਕੇਸ ਦਰਜ ਹਨ। ਇਸ ਤੋਂ ਇਲਾਵਾ ਜਗੀਰ ਕੌਰ ਖਿਲਾਫ ਇਕ ਕੋਰਟ ਕੇਸ ਵੀ ਚੱਲ ਰਿਹਾ ਹੈ। ਸੰਗਰੂਰ ਤੋਂ ਚੋਣ ਲੜ ਰਹੀ ਹਿੰਦੂਸਤਾਨ ਸ਼ਕਤੀ ਸੇਨਾ ਦੀ ਰਾਜਬੀਰ ਕੌਰ ਖਿਲਾਫ ਠੱਗੀ ਅਤੇ ਹਿਊਮਨ ਸਮਗਲਿੰਗ 2012 ਐਕਟ ਦੇ ਤਹਿਤ ਕੇਸ ਦਰਜ ਹਨ।
'ਤਿਣਕਾ-ਤਿਣਕਾ ਇਕੱਠਾ ਕਰਕੇ ਪੰਜਾਬ ਨੂੰ ਸੰਵਾਰਿਆ, ਕਾਂਗਰਸ ਨੇ ਤੀਲਾ-ਤੀਲਾ ਕਰਕੇ ਰੱਖ ਦਿੱਤਾ'
NEXT STORY