ਜਲੰਧਰ (ਰਵਿੰਦਰ)— ਪੰਜਾਬ ਦੇ ਰਾਜਨੀਤਕ ਇਤਿਹਾਸ 'ਚ ਐਤਵਾਰ ਦਾ ਦਿਨ ਅਹਿਮ ਰਿਹਾ। ਇਕੋ ਹੀ ਦਿਨ ਪੰਜਾਬ 'ਚ ਦੋ ਨਵੇਂ ਰਾਜਨੀਤਕ ਮੋਰਚਿਆਂ ਦਾ ਗਠਨ ਕੀਤਾ ਗਿਆ। ਪਹਿਲਾ ਮੋਰਚਾ ਅਕਾਲੀ ਦਲ ਤੋਂ ਟੁੱਟ ਕੇ ਬਣੇ ਟਕਸਾਲੀ ਅਕਾਲੀਆਂ ਦਾ ਸੀ ਤਾਂ ਦੂਜਾ ਮੋਰਚਾ ਆਮ ਆਦਮੀ ਪਾਰਟੀ ਤੋਂ ਬਾਹਰ ਆਏ ਵੱਡੇ ਨੇਤਾਵਾਂ ਦਾ ਸੀ। ਦੋਵੇਂ ਨਵੇਂ ਮੋਰਚੇ ਬਣਨ ਨਾਲ ਪੰਜਾਬ ਦੇ ਰਾਜਨੀਤਕ ਸਮੀਕਰਨ ਵੀ ਬਦਲ ਚੁੱਕੇ ਹਨ।
ਅਹਿਮ ਰੋਲ ਅਦਾ ਕਰਨਗੇ ਨਵੇਂ ਮੋਰਚੇ
ਆਉਣ ਵਾਲੀਆਂ 2019 ਲੋਕ ਸਭਾ ਚੋਣਾਂ 'ਚ ਇਹ ਦੋਵੇਂ ਮੋਰਚੇ ਅਹਿਮ ਰੋਲ ਅਦਾ ਕਰ ਸਕਦੇ ਹਨ, ਹਾਲਾਂਕਿ ਲੋਕ ਸਭਾ ਚੋਣਾਂ 'ਚ ਸਿਰਫ 6 ਮਹੀਨੇ ਦਾ ਸਮਾਂ ਰਹਿ ਗਿਆ ਹੈ ਅਤੇ ਇੰਨੇ ਘੱਟ ਸਮੇਂ 'ਚ ਦੋਵੇਂ ਮੋਰਚੇ ਕੋਈ ਵੱਡਾ ਮੈਦਾਨ ਨਹੀਂ ਮਾਰ ਸਕਦੇ ਪਰ ਇਹ ਦੋਵੇਂ ਮੋਰਚੇ ਕਿਸੇ ਵੀ ਵੱਡੀ ਰਾਜਨੀਤਕ ਪਾਰਟੀ ਦੇ ਸਮੀਕਰਨ ਜ਼ਰੂਰ ਵਿਗਾੜ ਸਕਦੇ ਹਨ। ਸਿਆਸਤ ਦੀ ਦੁਨੀਆ 'ਚ ਇਹ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਅਕਾਲੀ ਦਲ ਤੋਂ ਟੁੱਟੇ ਸੀਨੀਅਰ ਨੇਤਾਵਾਂ ਦੇ ਨਵਾਂ ਮੋਰਚਾ ਬਣਾਉਣ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਗੱਲ ਜੇਕਰ 2017 ਵਿਧਾਨ ਸਭਾ ਚੋਣਾਂ ਦੀ ਕਰੀਏ ਤਾਂ ਅਕਾਲੀ ਦਲ ਦੀ 10 ਸਾਲ ਦੀ ਸੱਤਾ ਤੋਂ ਨਾਰਾਜ਼ ਵੋਟਰ ਪੂਰੀ ਤਰ੍ਹਾਂ ਨਾਲ ਕਾਂਗਰਸ ਦੀ ਝੋਲੀ 'ਚ ਜਾ ਡਿੱਗੇ ਸਨ, ਕਿਉਂਕਿ ਉਨ੍ਹਾਂ ਕੋਲ ਕੋਈ ਤੀਜਾ ਬਦਲ ਨਹੀਂ ਸੀ।
ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਸਥਿਤੀ 'ਚ ਦੇਖਿਆ ਜਾ ਰਿਹਾ ਸੀ ਪਰ ਆਮ ਆਦਮੀ ਪਾਰਟੀ ਦੀ ਅੰਦਰੂਨੀ ਵਿਗੜਦੀ ਸਿਆਸਤ ਅਤੇ ਕਈ ਗਲਤ ਫੈਸਲਿਆਂ ਨੇ ਵੋਟਰਾਂ ਨੂੰ ਉਲਝਣ 'ਚ ਪਾ ਦਿੱਤਾ। ਇਹ ਵੋਟਰ ਕਾਂਗਰਸ ਦੀ ਝੋਲੀ 'ਚ ਨਹੀਂ ਡਿੱਗਣਾ ਚਾਹੁੰਦੇ ਸਨ। ਅਕਾਲੀ ਦਲ ਅਤੇ ਭਾਜਪਾ ਨਾਲ ਉਨ੍ਹਾਂ ਦੀ ਵੱਡੀ ਨਾਰਾਜ਼ਗੀ ਕਾਂਗਰਸ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਗਈ ਪਰ ਹੁਣ ਲੋਕ ਸਭਾ ਚੋਣਾਂ 'ਚ ਇਹ ਹੀ ਵੋਟਰ ਕਾਂਗਰਸ ਤੋਂ ਟੁੱਟ ਕੇ ਤੀਜੇ ਬਦਲ ਦੇ ਤੌਰ 'ਤੇ ਨਵੇਂ ਬਣੇ ਮੋਰਚੇ ਵਲ ਮੁੜ ਸਕਦੇ ਹਨ। ਅਕਾਲੀ ਦਲ ਨੂੰ ਫਿਲਹਾਲ ਇਸ ਮੋਰਚੇ ਨਾਲ ਕੋਈ ਨੁਕਸਾਨ ਨਹੀਂ ਹੈ, ਕਿਉਂਕਿ ਅਕਾਲੀ ਦਲ ਆਪਣੇ ਰਾਜਨੀਤਕ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਪਹੁੰਚਾ ਚੁੱਕਾ ਹੈ।
ਜੇਕਰ ਕੁਝ ਗੁਆਉਣ ਲਈ ਹੈ ਉਹ ਹੈ ਸਿਰਫ ਕਾਂਗਰਸ ਕੋਲ, ਕਿਉਂਕਿ ਅਕਾਲੀ ਦਲ ਤੋਂ ਟੁੱਟੇ ਟਕਸਾਲੀ ਅਕਾਲੀ ਦਲ ਦਾ ਮਾਝਾ ਇਲਾਕੇ 'ਚ ਵੱਡਾ ਵੋਟ ਬੈਂਕ ਹੈ ਤਾਂ ਦੂਜੇ ਪਾਸੇ ਖਹਿਰਾ, ਬੈਂਸ ਬ੍ਰਦਰਜ਼ ਅਤੇ ਗਾਂਧੀ ਦੇ ਨਾਂ 'ਤੇ ਬਣਿਆ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਮੋਰਚੇ ਦਾ ਦੋਆਬਾ ਅਤੇ ਮਾਲਵਾ 'ਚ ਚੰਗਾ ਭਲਾ ਰਸੂਖ ਬਣਿਆ ਰਹੇਗਾ। ਅਜਿਹੇ 'ਚ ਜੇਕਰ ਇਹ ਦੋਵੇਂ ਨਵੇਂ ਮੋਰਚੇ ਆਉਣ ਵਾਲੇ ਸਮੇਂ 'ਚ ਆਪਣੇ ਪੈਰ ਮਜ਼ਬੂਤੀ ਨਾਲ ਜਮ੍ਹਾ ਲੈਂਦੇ ਹਨ ਤਾਂ ਇਸ ਦਾ ਨੁਕਸਾਨ ਕਾਂਗਰਸ ਨੂੰ ਉਠਾਉਣਾ ਪੈ ਸਕਦਾ ਹੈ। ਕਾਂਗਰਸ ਦੇ ਰਾਜਨੀਤਕ ਪੰਡਿਤ ਵੀ ਇਸ ਗੱਲ ਨੂੰ ਸਮਝ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਦੇ ਥਿੰਕ ਟੈਂਕ ਇਸ ਮੋਰਚੇ ਨੂੰ ਮਾਤ ਦੇਣ ਲਈ ਕੋਈ ਨਵਾਂ ਦਾਅ ਖੇਡ ਸਕਦੇ ਹਨ।
ਪੰਜਾਬ ਦੀ ਭੱਠਾ ਐਸੋਸੀਏਸ਼ਨ ਦੋਫਾੜ, ਦੁਬਾਰਾ ਚੁਣੇ ਜਾਣਗੇ ਪ੍ਰਧਾਨ
NEXT STORY