ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੀਆਂ 24 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਵੀਰਵਾਰ ਤੋਂ ਸ਼ੁਰੂ ਹੋ ਜਾਵੇਗੀ, ਜੋ ਕਿ 14 ਫਰਵਰੀ ਤੱਕ ਜਾਰੀ ਰਹੇਗੀ, ਜਿਸ ਦੇ ਤਹਿਤ 95 ਵਾਰਡਾਂ ਨੂੰ 9 ਹਿੱਸਿਆਂ 'ਚ ਵੰਡ ਕੇ ਰਿਟਰਨਿੰਗ ਅਫਸਰ ਪਹਿਲਾਂ ਹੀ ਲਾਏ ਜਾ ਚੁੱਕੇ ਹਨ, ਜਿਨ੍ਹਾਂ ਦੀ ਲੋਕੇਸ਼ਨ ਜ਼ਿਲਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਨੂੰ ਜਾਰੀ ਕਰ ਦਿੱਤੀ ਗਈ। ਜਿਥੇ ਵੀਰਵਾਰ ਸਵੇਰੇ 11 ਵਜੇ ਤੱਕ ਪੇਪਰ ਦਾਖਲ ਕੀਤੇ ਜਾ ਸਕਦੇ ਹਨ, ਜਿਸ ਨੂੰ ਲੈ ਕੇ ਖਾਸ ਗੱਲ ਇਹ ਰਹੇਗੀ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸ਼ੁਰੂਆਤ 'ਚ ਕਾਂਗਰਸ ਅਤੇ ਲੋਕ ਇਨਸਾਫ ਪਾਰਟੀ ਹਿੱਸਾ ਨਹੀਂ ਲੈ ਸਕੇਗੀ, ਕਿਉਂਕਿ ਹਾਲ ਦੀ ਘੜੀ ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਹੀ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ।
ਚੋਣ ਪ੍ਰਕਿਰਿਆ 'ਤੇ ਇਕ ਨਜ਼ਰ
- 95 ਵਾਰਡਾਂ 'ਚ ਹੋਣਗੀਆਂ ਚੋਣਾਂ
- 8 ਤੋਂ 13 ਫਰਵਰੀ ਤੱਕ ਦਾਖਲ ਹੋਣਗੇ ਨਾਮਜ਼ਦਗੀ ਪੱਤਰ
- 10,11 ਅਤੇ 14 ਫਰਵਰੀ ਦੀਆਂ ਛੁੱਟੀਆਂ 'ਚ ਨਹੀਂ ਹੋਵੇਗਾ ਕੋਈ ਕੰਮ।
- ਵਾਰਡਾਂ ਦੀ ਵੰਡ ਕਰ ਕੇ ਲਾਏ 9 ਰਿਟਰਨਿੰਗ ਅਫਸਰ।
- ਸਵੇਰ 11 ਤੋਂ ਦੁਪਹਿਰ 3 ਵਜੇ ਤੱਕ ਜਮ੍ਹਾ ਹੋਣਗੇ ਪੇਪਰ।
- 15 ਫਰਵਰੀ ਨੂੰ ਹੋਵੇਗੀ ਜਾਂਚ-ਪੜਤਾਲ।
- 16 ਫਰਵਰੀ ਤੱਕ ਵਾਪਸ ਹੋਣਗੇ ਪੇਪਰ।
- ਉਸੇ ਦਿਨ ਅਲਾਟ ਹੋਣਗੇ ਚੋਣ ਨਿਸ਼ਾਨ।
- 24 ਫਰਵਰੀ ਨੂੰ ਹੋਣਗੀਆਂ ਚੋਣਾਂ।
- 1155 ਪੋਲਿੰਗ ਬੂਥ ਕੀਤੇ ਮਾਰਕ।
- ਸਵੇਰ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ।
- 7 ਹਜ਼ਾਰ ਮੁਲਾਜ਼ਮਾਂ ਦੀ ਲੱਗੇਗੀ ਡਿਊਟੀ।
- 27 ਫਰਵਰੀ ਨੂੰ ਐਲਾਨੇ ਜਾਣਗੇ ਨਤੀਜੇ।
ਹਲਕਾ ਸਾਊਥ ਅਤੇ ਆਤਮ ਨਗਰ 'ਚ ਨਹੀਂ ਹੋਵੇਗਾ 'ਆਪ' ਦਾ ਇਕ ਵੀ ਉਮੀਦਵਾਰ
ਨਗਰ ਨਿਗਮ ਚੋਣਾਂ ਲਈ ਲੋਕ ਇਨਸਾਫ ਪਾਰਟੀ ਦੇ ਨਾਲ ਹੋਏ ਸਮਝੌਤੇ ਤਹਿਤ ਆਮ ਆਦਮੀ ਪਾਰਟੀ ਨੇ 31 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਦੇ ਮੁਤਾਬਕ ਬੈਂਸ ਭਰਾਵਾਂ ਦੇ ਹਲਕਾ ਦੱਖਣੀ ਅਤੇ ਆਤਮ ਨਗਰ ਵਿਚ 'ਆਪ' ਦਾ ਇਕ ਵੀ ਉਮੀਦਵਾਰ ਨਹੀਂ ਹੋਵੇਗਾ। ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਬੈਂਸ ਭਰਾਵਾਂ ਦੇ ਹਿੱਸੇ ਆਏ ਹਲਕਾ ਉੱਤਰੀ ਅਤੇ ਕੇਂਦਰੀ ਦੇ ਅਧੀਨ ਆਉਂਦੇ ਦੋ ਵਾਰਡਾਂ ਵਿਚ ਆਮ ਆਦਮੀ ਪਾਰਟੀ ਨੇ ਜੋ ਉਮੀਦਵਾਰ ਦਿੱਤੇ ਹਨ, ਉਸ ਦੇ ਬਦਲੇ 'ਆਪ' ਨੂੰ ਆਪਣੇ ਕੋਟੇ ਦੇ ਹਲਕਾ ਪੱਛਮੀ ਅਤੇ ਪੂਰਬੀ ਤੋਂ ਦੋ ਉਮੀਦਵਾਰ ਬੈਂਸ ਗਰੁੱਪ ਨੂੰ ਦੇਣੇ ਪਏ ਹਨ।
ਆਮ ਆਦਮੀ ਪਾਰਟੀ ਨੇ ਕੀਤਾ 31 ਉਮੀਦਵਾਰਾਂ ਦਾ ਐਲਾਨ
ਆਮ ਆਦਮੀ ਪਾਰਟੀ ਪੰਜਾਬ ਨੇ ਲੁਧਿਆਣਾ ਵਿਖੇ ਹੋ ਰਹੀਆਂ 24 ਫਰਵਰੀ ਨੂੰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ, ਜੋ ਲੋਕ ਇਨਸਾਫ ਪਾਰਟੀ ਨਾਲ ਗੱਠਜੋੜ ਕਰ ਕੇ ਨਗਰ ਨਿਗਮ ਚੋਣਾਂ ਮਿਲ ਕੇ ਲੜ ਰਹੀ ਹੈ। ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਸੂਚੀ 'ਚ ਵਿਧਾਨ ਸਭਾ ਹਲਕਾ ਪੱਛਮੀ ਵਿਚੋਂ ਵਾਰਡ ਨੰ. 65 ਤੋਂ ਮਮਤਾ ਕੌਰ ਵਡਾਰਾ, ਵਾਰਡ ਨੰ. 66 ਤੋਂ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ, ਵਾਰਡ ਨੰ. 68 ਤੋਂ ਨੀਰੂ ਚੰਦੇਲੀਆ, ਵਾਰਡ ਨੰ. 70 ਤੋਂ ਜੇ. ਐੱਸ. ਘੁੰਮਣ, ਵਾਰਡ ਨੰ. 71 ਤੋਂ ਦਰਸ਼ਨ ਸਿੰਘ ਗਿੱਲ, ਵਾਰਡ ਨੰ. 72 ਤੋਂ ਪਵਨਦੀਪ ਸਿੰਘ ਸਹਿਗਲ, ਵਾਰਡ ਨੰ. 74 ਤੋਂ ਪਰਮਵੀਰ ਸਿੰਘ ਅਟਵਾਲ, ਵਾਰਡ ਨੰ. 77 ਤੋਂ ਬਲਜੀਤ ਕੌਰ, ਵਾਰਡ ਨੰ. 78 ਤੋਂ ਦੇਵੀ ਚੰਦ ਚੋਟਾਲਾ, ਵਾਰਡ ਨੰ. 80 ਤੋਂ ਸੋਨੂੰ ਕਲਿਆਣ, ਵਾਰਡ ਨੰ. 81 ਤੋਂ ਰਾਜ ਰਾਣੀ ਚੋਪੜਾ, ਵਾਰਡ ਨੰ. 82 ਤੋਂ ਸੁਨੀਲ ਪੁਰੀ ਸ਼ੰਮੀ ਨੂੰ 'ਆਪ' ਅਤੇ ਲੋਕ ਇਨਸਾਫ ਪਾਰਟੀ ਦੇ ਸਾਂਝੇ ਉਮੀਦਵਾਰ ਐਲਾਨਿਆ ਗਿਆ ਹੈ। ਹਲਕਾ ਪੂਰਬੀ ਤੋਂ ਵਾਰਡ ਨੰ. 2 ਤੋਂ ਬਹਿਰਾਜ ਸਿੰਘ, ਵਾਰਡ ਨੰ. 4 ਤੋਂ ਗੁਲਾਬ ਸਿੰਘ ਗੌਤਮ, ਵਾਰਡ ਨੰ. 5 ਤੋਂ ਬਲਵਿੰਦਰ ਕੌਰ ਰਾਠੌਰ, ਵਾਰਡ ਨੰ. 6 ਤੋਂ ਧਰਮਿੰਦਰ ਸਿੰਘ ਫੌਜੀ, ਵਾਰਡ ਨੰ. 9 ਤੋਂ ਦਵਿੰਦਰ ਕੌਰ ਛਾਬੜਾ, ਵਾਰਡ ਨੰ. 10 ਤੋਂ ਰਾਕੇਸ਼ ਕੁਮਾਰ ਸਪਰਾ, ਵਾਰਡ ਨੰ. 11 ਤੋਂ ਬਲਵਿੰਦਰ ਕੌਰ ਗਰੇਵਾਲ, ਵਾਰਡ ਨੰ. 13 ਤੋਂ ਚਰਨਜੀਤ ਕੌਰ, ਵਾਰਡ ਨੰ. 14 ਤੋਂ ਨਿਰਮਲ ਸਿੰਘ ਵਿੱਕੀ ਵਰਮਾ, ਵਾਰਡ ਨੰ. 15 ਤੋਂ ਊਮਾ ਦੇਵੀ, ਵਾਰਡ ਨੰ. 16 ਤੋਂ ਲਖਵਿੰਦਰ ਸਿੰਘ ਲੱਖਾ, ਵਾਰਡ ਨੰ. 21 ਤੋਂ ਨੀਤੂ ਵੋਹਰਾ, ਵਾਰਡ ਨੰ. 23 ਤੋਂ ਮੰਜੂ ਉਮੀਦਵਾਰ ਐਲਾਨੇ ਗਏ ਹਨ। ਹਲਕਾ ਸਾਹਨੇਵਾਲ ਤੋਂ ਵਾਰਡ ਨੰ. 24 ਤੋਂ ਤਜਿੰਦਰਪਾਲ ਸਿੰਘ, ਵਾਰਡ ਨੰ. 25 ਤੋਂ ਪਰਮਜੀਤ ਕੌਰ, ਹਲਕਾ Àੁੱਤਰੀ ਵਾਰਡ ਨੰ. 85 ਤੋਂ ਅਨੁਰਾਗ ਧਵਨ, ਵਾਰਡ ਨੰ. 91 ਤੋਂ ਨਵਨੀਤ ਕੌਰ ਤੇ ਹਲਕਾ ਸੈਂਟਰਲ ਦੇ ਵਾਰਡ ਨੰ. 54 ਤੋਂ ਸੁਸ਼ੀਲ ਕੁਮਾਰ, ਵਾਰਡ ਨੰ. 60 ਤੋਂ ਮਨੋਜ ਭਾਟੀਆ ਉਮੀਦਵਾਰ ਐਲਾਨੇ ਗਏ ਹਨ। ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਅਮਨ ਅਰੋੜਾ ਨੇ ਦੱਸਿਆ ਕਿ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਸਹਿਮਤੀ ਨਾਲ ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰ ਕੀਤੀ ਗਈ ਹੈ ਤੇ ਜਲਦੀ ਹੀ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।
ਸਕੂਲ ਚੇਅਰਮੈਨ 'ਤੇ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼, ਗ੍ਰਿਫਤਾਰ
NEXT STORY