ਚੰਡੀਗੜ੍ਹ (ਬਿਊਰੋ)-ਸੀਨੀਅਰ ਕਾਂਗਰਸੀ ਆਗੂ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਅੱਜ ਭਾਜਪਾ ਦੀ ਬੋਲੀ ਬੋਲਣ ਨਾਲ ਸਾਫ਼ ਹੋ ਗਿਆ ਕਿ ਅਕਾਲੀ ਦਲ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਜਿਉਂ ਦਾ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪ੍ਰੈੱਸ ਕਾਨਫਰੰਸ ’ਚ ਮਜੀਠੀਆ ਨੇ ਭਾਜਪਾ ਦੀ ਪੈੜ ’ਚ ਪੈੜ ਧਰ ਕੇ ਕਈ ਖ਼ਦਸ਼ਿਆਂ ਨੂੰ ਜਨਮ ਦਿੱਤਾ ਹੈ। ਇਸ ਤੋਂ ਅੰਦਾਜ਼ਾ ਵੀ ਲਾਇਆ ਜਾ ਸਕਦਾ ਕਿ ਇਹ ਕਿਸ ਦੀ ਸ਼ਰਨ ’ਚ ਰਹਿ ਕੇ ਲੁਕਿਆ ਰਿਹਾ ਹੋਵੇਗਾ। ਰੰਧਾਵਾ ਨੇ ਅੱਗੇ ਕਿਹਾ ਕਿ ਉਹ ਕੋਈ ਦੇਸ਼ਭਗਤੀ ਦੇ ਕੇਸ ’ਚੋਂ ਹੀਰੋ ਨਹੀਂ ਬਣਿਆ, ਨਸ਼ਾ ਸਮੱਗਲਿੰਗ ਦੇ ਕੇਸ ’ਚ ਅਗਾਊਂ ਜ਼ਮਾਨਤ ਮਿਲੀ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਨਸ਼ਿਆਂ ਦੀ ਸਮੱਗਲਿੰਗ ਦੇ ਕੇਸਾਂ ’ਚੋਂ ਹਾਲੇ ਦੁੱਧ ਧੋਤਾ ਨਹੀਂ ਸਾਬਤ ਹੋਇਆ।
ਇਹ ਵੀ ਪੜ੍ਹੋ : ਅਗਾਊਂ ਜ਼ਮਾਨਤ ਮਿਲਣ ਮਗਰੋਂ ਬੋਲੇ ਬਿਕਰਮ ਮਜੀਠੀਆ, ਕਿਹਾ-ਕਾਂਗਰਸ ਸਰਕਾਰ ਨੇ ਕਾਨੂੰਨ ਛਿੱਕੇ ਟੰਗਿਆ
ਉਨ੍ਹਾਂ ਕਿਹਾ ਕਿ ਮਜੀਠੀਆ ਜੇ ਇੰਨਾ ਹੀ ਸੱਚਾ-ਸੁੱਚਾ ਸੀ ਤਾਂ ਉਹ ਪਿਛਲੇ 20 ਦਿਨਾਂ ਤੋਂ ਮੁਜਰਿਮਾਂ ਵਾਂਗ ਲੁਕਿਆ ਕਿਉਂ ਫਿਰਦਾ ਸੀ। ਇਥੋਂ ਤੱਕ ਕਿ ਉਸ ਨੇ ਆਪਣੇ ਮੋਬਾਈਲ ਵੀ ਨਾਲ ਨਹੀਂ ਰੱਖੇ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਮਜੀਠੀਆ ਨੂੰ ਬਰੀ ਨਹੀਂ ਕੀਤਾ ਗਿਆ ਸਗੋਂ ਸ਼ਰਤਾਂ ਉੱਤੇ ਅਗਾਊਂ ਜ਼ਮਾਨਤ ਦਿੱਤੀ ਗਈ ਹੈ, ਜਿਸ ਤਹਿਤ ਉਹ ਆਪਣਾ ਫ਼ੋਨ ਵੀ ਨਹੀਂ ਬੰਦ ਰੱਖ ਸਕਦਾ ਅਤੇ ਤਫ਼ਤੀਸ਼ੀ ਅਫਸਰਾਂ ਨੂੰ ਆਪਣੀ ਲਾਈਵ ਲੋਕੇਸ਼ਨ ਵੀ ਸਾਂਝੀ ਰੱਖਣੀ ਪਵੇਗੀ। ਕਾਂਗਰਸੀ ਆਗੂ ਨੇ ਕਿਹਾ ਕਿ ਕਿਸੇ ਵੇਲੇ ਅਕਾਲੀ ਮੋਰਚਿਆਂ ’ਚ ਜੇਲ੍ਹਾਂ ਕੱਟਣ ਜਾਂਦੇ ਸਨ ਪਰ ਅਜੋਕੇ ਬਾਦਲ ਦਲ ਦੇ ਆਗੂ ਨਸ਼ਾ ਸਮੱਗਲਿੰਗ ਦੇ ਕੇਸਾਂ ’ਚ ਲਿਪਤ ਹਨ, ਜਿਨ੍ਹਾਂ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰ ਦਿੱਤਾ। ਰੰਧਾਵਾ ਨੇ ਕਿਹਾ ਕਿ ਮਜੀਠੀਆ ਜਿਹੋ ਜਿਹੇ ਸੰਗੀਨ ਕੇਸਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੀ ਅਗਾਊਂ ਜ਼ਮਾਨਤ ਉੱਤੇ ਵੀ ਅਕਾਲੀ ਦਲ ਵੱਲੋਂ ਜਿੱਤ ਦੇ ਦਾਅਵੇ ਕਰਨਾ ਬਾਦਲ ਦਲ ਦੀ ਨਸ਼ਿਆਂ ਦੇ ਘਿਨਾਉਣੇ ਕੰਮਾਂ ’ਚ ਪਲੀਤ ਹੋਈ ਮਿੱਟੀ ਤੋਂ ਉੱਭਰਨ ਦੀ ਅਸਫਲ ਕੋਸ਼ਿਸ਼ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਅਬੋਹਰ ’ਚ ਵੱਡੀ ਵਾਰਦਾਤ, ਦਿਨ ਦਿਹਾੜੇ ਘਰੋਂ ਬੁਲਾ ਕੇ ਨੌਜਵਾਨ ਦਾ ਕਤਲ
NEXT STORY