ਬਠਿੰਡਾ (ਬਲਵਿੰਦਰ) - ਸ਼ਿਵ ਸੈਨਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਯੋਗੇਸ਼ ਬਾਤਿਸ਼ ਨੂੰ ਖਾਲਿਸਤਾਨੀਆਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ, ਜਿਸ ਕਾਰਨ ਨਵਾਂ ਹੀ ਵਿਵਾਦ ਛਿੜ ਗਿਆ ਹੈ। ਪੁਲਸ ਨੇ ਮੁਸ਼ਤੈਦੀ ਵਧਾ ਕੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਯੋਗੇਸ਼ ਬਾਤਿਸ਼ ਨੇ ਦੱਸਿਆ ਕਿ ਬੀਤੀ ਰਾਤ ਉਸ ਨੂੰ ਅਣਪਛਾਤੇ ਨੰਬਰ ਤੋਂ ਫੋਨ ਆਇਆ, ਜਿਸ ਵਿਚ ਬੋਲਣ ਵਾਲਾ ਵਿਅਕਤੀ ਖੁਦ ਨੂੰ ਕਰਨੈਲ ਸਿੰਘ ਦੱਸ ਰਿਹਾ ਸੀ। ਜਦਕਿ ਟਰੂਕਾਲਰ 'ਤੇ ਉਸ ਦਾ ਨਾਂ 'ਕਿੰਦਾ' ਆ ਰਿਹਾ ਸੀ। ਉਕਤ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਕਿਹਾ ਕਿ ''ਤੇਰੇ ਦਿਨ ਥੋੜ੍ਹੇ ਹੀ ਰਹਿ ਗਏ ਹਨ, ਜੋ ਤੂੰ ਖਾਲਿਸਤਾਨ ਦਾ ਵਿਰੋਧੀ ਤੇ ਹਿੰਦੂ ਧਰਮ ਦਾ ਸਮਰਥਕ ਬਣਿਆ ਫਿਰਦਾ ਹੈ, ਤੈਨੂੰ ਛੇਤੀ ਹੀ ਗੋਲੀ ਮਾਰ ਕੇ ਖਾਲਿਸਤਾਨ ਬਣਾਇਆ ਜਾਵੇਗਾ।'' ਬਾਤਿਸ਼ ਨੇ ਕਿਹਾ ਕਿ ਜੇਕਰ ਕਿਸੇ ਨੂੰ ਉਸ ਤੋਂ ਸਮੱਸਿਆ ਹੈ ਤਾਂ ਸਾਹਮਣੇ ਆ ਕੇ ਗੱਲ ਕਰੇ, ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਉਹ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਕੁਝ ਹੋਰ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਇਹ ਫੋਨ ਬਹਿਰੀਨ ਤੋਂ ਆਇਆ ਸੀ।
ਦੂਜੇ ਪਾਸੇ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਮਾਮਲਾ ਧਿਆਨ ਵਿਚ ਹੈ। ਬਾਤਿਸ਼ ਨੂੰ ਪਹਿਲਾਂ ਹੀ ਦੋ ਸੁਰੱਖਿਆ ਗਾਰਡ ਦਿੱਤੇ ਹੋਏ ਹਨ। ਫਿਰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਜਿਸ ਨੰਬਰ ਤੋਂ ਧਮਕੀ ਮਿਲੀ ਹੈ, ਉਹ ਵਿਦੇਸ਼ ਤੋਂ ਵੀ ਹੋ ਸਕਦਾ ਹੈ, ਜਦਕਿ ਇਹ ਫੋਨ ਇੰਟਰਨੈੱਟ ਰਾਹੀਂ ਕੀਤਾ ਗਿਆ ਵੀ ਹੋ ਸਕਦਾ ਹੈ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਡੀ. ਟੀ. ਐੱਫ. ਨੇ ਕੀਤਾ ਸਿੱਖਿਆ ਮੰਤਰੀ ਦਾ ਅਰਥੀ ਫੂਕ ਪ੍ਰਦਰਸ਼ਨ
NEXT STORY