ਜਲੰਧਰ (ਧਵਨ)—ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਇਕ ਵਫਦ ਨੇ ਵੀਰਵਾਰ ਕੈਬਨਿਟ ਮੰਤਰੀ ਓ. ਪੀ. ਸੋਨੀ ਸਮੇਤ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ, ਜਿਸ 'ਚ ਵਪਾਰੀਆਂ ਨੇ ਈ-ਵੇਅ ਬਿੱਲ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਉਨ੍ਹਾ ਨੂੰ ਜਾਣੂ ਕਰਵਾਇਆ। ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ , ਜਨਰਲ ਸਕੱਤਰ ਸਮੀਰ ਜੈਨ ਅਤੇ ਸੁਨੀਲ ਮਹਿਰਾ ਨੇ ਮਨਪ੍ਰੀਤ ਬਾਦਲ ਅਤੇ ਸੋਨੀ ਨੂੰ ਵਿਸਥਾਰ ਨਾਲ ਵਪਾਰ ਜਗਤ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਰੂਲ 138 (14) ਅਧੀਨ ਤਾਮਿਲਨਾਡੂ ਦੀ ਤਰਜ਼ 'ਤੇ ਪੰਜਾਬ 'ਚ ਈ-ਵੇਅ ਬਿੱਲ ਦੀ ਹੱਦ 50,000 ਰੁਪਏ ਤੋਂ ਵਧਾ ਕੇ ਇਕ ਲੱਖ ਕਰਨ ਅਤੇ ਜੌਬ ਵਰਕ 'ਤੇ ਈ-ਵੇਅ ਬਿੱਲ ਨੂੰ ਖਤਮ ਕਰਨ ਬਾਰੇ ਮਨਪ੍ਰੀਤ ਬਾਦਲ ਨੇ ਆਪਣੀ ਸਹਿਮਤੀ ਦਿੱਤੀ। ਪੱਟੀ-ਮੱਖੂ ਰੇਲ ਲਿੰਕ ਲਈ ਜ਼ਮੀਨ ਹਾਸਲ ਕਰਨ ਲਈ 40 ਕਰੋੜ ਦੀ ਰਾਸ਼ੀ ਤੁਰੰਤ ਜਾਰੀ ਕਰਨ 'ਤੇ ਵੀ ਵਿੱਤ ਮੰਤਰੀ ਨੇ ਆਪਣੀ ਸਹਿਮਤੀ ਦਿੱਤੀ। ਵਪਾਰੀਆਂ ਨੇ ਵਿੱਤ ਮੰਤਰੀ ਦੇ ਧਿਆਨ 'ਚ ਪੁਰਾਣੇ ਵੈਟ ਦੇ ਮਾਮਲੇ, ਬਾਰਡਰ ਜ਼ਿਲਿਆਂ ਲਈ ਵਿਸ਼ੇਸ਼ ਰਿਆਇਤਾਂ ਅਤੇ ਵਪਾਰ ਅਤੇ ਉਦਯੋਗਾਂ ਲਈ ਬਿਜਲੀ ਦੀਆਂ ਦਰਾਂ 'ਚ ਕਟੌਤੀ ਕਰਨ ਦੇ ਮਾਮਲੇ ਵੀ ਉਠਾਏ। ਵਿੱਤ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਸਾਰੇ ਮਾਮਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਪਹਿਲਾਂ ਤੋਂ ਹਨ ਅਤੇ ਉਹ ਛੇਤੀ ਹੀ ਵਪਾਰ ਮੰਡਲ ਦੀ ਬੈਠਕ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕਰਵਾਉਣਗੇ, ਜਿਸ 'ਚ ਅਹਿਮ ਫੈਸਲਿਆਂ ਦਾ ਐਲਾਨ ਮੁੱਖ ਮੰਤਰੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਰਾਜਿੰਦਰ ਜੈਨ, ਰਾਕੇਸ਼ ਗੁਪਤਾ, ਐੱਲ. ਆਰ. ਸੋਢੀ, ਸੁਨੀਲ ਮਹਾਜਨ, ਓ. ਪੀ. ਗੁਪਤਾ, ਵਰਿੰਦਰ ਰਤਨ, ਪਵਨ ਲਹਿਰ, ਅਸ਼ੋਕ ਸ਼ਰਮਾ, ਨਿਰਮਲ ਮਲਹੋਤਰਾ, ਐੱਸ. ਪੀ. ਗੋਇਲ, ਰਾਜੇਸ਼ ਅਗਰਵਾਲ ਅਤੇ ਸੰਜੀਵ ਅਗਰਵਾਲ ਵੀ ਮੌਜੂਦ ਸਨ।
ਲੁੱਟਣ ਦੀ ਨੀਅਤ ਨਾਲ ਰੇਹੜੀ ਚਾਲਕ ਨੂੰ ਕੀਤਾ ਜ਼ਖ਼ਮੀ
NEXT STORY