ਮਾਨਸਾ (ਜੱਸਲ) : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿੱਖਿਆ ਵਿਭਾਗ 'ਚ 672 ਰੈਗੂਲਰ ਮੁੱਖ ਅਧਿਆਪਕ ਪੀ. ਈ. ਐੱਸ.-2 ਦੀ ਟੈਸਟ ਰਾਹੀਂ ਕੀਤੀ ਸਿੱਧੀ ਭਰਤੀ 'ਚ ਮਾਨਸਾ ਨੇ ਇਕ ਵਾਰ ਫਿਰ ਪੰਜਾਬ ਭਰ 'ਚੋਂ ਬਾਜ਼ੀ ਮਾਰੀ ਹੈ। ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਦੇ ਅਧਿਆਪਕ ਮਨਦੀਪ ਕੁਮਾਰ ਨੇ 267.67 ਅੰਕ ਪ੍ਰਾਪਤ ਕਰ ਕੇ ਸੂਬੇ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਲੈਕਚਰਾਰ ਅਤੇ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਦੌਰਾਨ ਪ੍ਰਿੰਸੀਪਲ ਡਾ. ਬੂਟਾ ਸਿੰਘ ਬੋੜਾਵਾਲ ਅਤੇ ਅਰੁਣ ਕੁਮਾਰ ਗੋਇਲ ਨੇ ਪੰਜਾਬ ਭਰ 'ਚੋਂ ਮੋਹਰੀ ਸਥਾਨ ਪ੍ਰਾਪਤ ਕੀਤਾ ਸੀ।
ਸਿੱਖਿਆ ਵਿਭਾਗ ਵੱਲੋਂ ਕਈ ਦਹਾਕਿਆਂ ਬਾਅਦ ਕੀਤੀਆਂ ਗਈਆਂ ਇਹ ਭਰਤੀਆਂ ਅਧਿਆਪਕਾਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ। ਸੈਂਕੜੇ ਅਧਿਆਪਕ ਛੋਟੀ ਉਮਰੇ ਆਪਣੀ ਕਾਬਲੀਅਤ ਕਾਰਣ ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ. ਪੀ. ਈ. ਓ., ਲੈਕਚਰਾਰ, ਮੁੱਖ ਅਧਿਆਪਕ ਅਤੇ ਪ੍ਰਿੰਸੀਪਲ ਤੱਕ ਦੇ ਅਹੁਦਿਆਂ 'ਤੇ ਬਿਰਾਜਮਾਨ ਹੋਏ ਹਨ। ਹਾਲ ਹੀ 'ਚ ਮੁੱਖ ਅਧਿਆਪਕਾਂ ਦੀ ਸਿੱਧੀ ਭਰਤੀ ਰਾਹੀਂ ਮੋਹਰੀ ਰਹਿਣ ਵਾਲਾ ਮਨਦੀਪ ਕੁਮਾਰ 37 ਸਾਲ ਦੀ ਉਮਰ 'ਚ ਮੁੱਖ ਅਧਿਆਪਕ ਵਜੋਂ ਸਫਲ ਹੋਇਆ ਹੈ। ਉਸ ਦਾ ਕਹਿਣਾ ਸੀ ਕਿ ਜੇਕਰ ਸਿੱਧੀ ਭਰਤੀ ਨਾ ਹੁੰਦੀ ਜਾਂ ਪਾਰਦਰਸ਼ੀ ਤਰੀਕੇ ਨਾਲ ਇਹ ਭਰਤੀ ਸਿਰੇ ਨਾ ਚੜ੍ਹਦੀ ਤਾਂ ਉਸ ਨੇ ਲੰਬਾ ਅਰਸਾ ਇਸ ਅਹੁਦੇ ਦੇ ਕਾਬਲ ਨਹੀਂ ਬਣਨਾ ਸੀ। ਇਸ ਤੋਂ ਪਹਿਲਾਂ ਮਨਦੀਪ ਸਿੰਘ ਨੇ 2006 'ਚ ਐੱਸ. ਐੱਸ. ਮਾਸਟਰ ਦੀ ਭਰਤੀ ਦੌਰਾਨ ਪੰਜਾਬ ਵਿਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਸੀ ਅਤੇ ਇਸੇ ਸਾਲ ਉਸਨੇ ਯੂ. ਜੀ. ਸੀ. ਨੈੱਟ ਦਾ ਪੇਪਰ ਪਹਿਲੇ ਹੱਲੇ ਕਲੀਅਰ ਕੀਤਾ। ਇਸ ਤੋਂ ਪਹਿਲਾਂ ਪ੍ਰਿੰਸੀਪਲ ਬਣੇ ਡਾ. ਬੂਟਾ ਸਿੰਘ ਬੋੜਾਵਾਲ ਨੇ ਜਿੱਥੇ ਪੀ. ਈ. ਐੱਸ. ਦੀ ਭਰਤੀ ਦੌਰਾਨ ਚੰਗਾ ਰੈਂਕ ਪ੍ਰਾਪਤ ਕੀਤਾ, ਉੱਥੇ ਲੈਕਚਰਾਰ ਭਰਤੀ ਪ੍ਰੀਖਿਆ 'ਚੋਂ ਵੀ ਚੰਗੀ ਕਾਰਗੁਜ਼ਾਰੀ ਦਿਖਾਉਂਦਿਆਂ ਸੂਬੇ ਭਰ 'ਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਸੀ। ਗਣਿਤ ਦਾ ਮਾਸਟਰ ਮਾਈਂਡ ਅਤੇ ਰਾਸ਼ਟਰਪਤੀ ਹੱਥੋਂ ਸਨਮਾਨਤ ਹੋਣ ਵਾਲੇ ਅਰੁਣ ਕੁਮਾਰ ਨੇ ਵੀ ਥੋੜ੍ਹਾ ਸਮਾਂ ਪਹਿਲਾਂ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਦੌਰਾਨ ਸੂਬੇ ਭਰ 'ਚੋਂ ਪਹਿਲਾ ਸਥਾਨ ਆਪਣੀ ਝੋਲੀ ਪਾਉਂਦਿਆਂ ਮਾਨਸਾ ਜ਼ਿਲੇ ਦਾ ਨਾਂ ਚਮਕਾਇਆ ਸੀ।
ਇਨ੍ਹਾਂ ਮੋਹਰੀ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ 'ਚ ਪਾਰਦਰਸ਼ੀ ਤਰੀਕੇ ਨਾਲ ਹੋਈਆਂ ਇਨ੍ਹਾਂ ਭਰਤੀਆਂ ਕਾਰਣ ਜਿਥੇਂ ਕਾਬਲੀਅਤ ਦਾ ਸਨਮਾਨ ਹੋਇਆ ਹੈ, ਉਥੇ ਹੋਰਨਾਂ ਅਧਿਆਪਕਾਂ ਨੂੰ ਵੀ ਚੰਗੇ ਭਵਿੱਖ ਦੀ ਆਸ ਨਜ਼ਰ ਪਈ ਹੈ। ਇਨ੍ਹਾਂ ਚੰਗੀਆਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਦਿਆਂ ਜ਼ਿਲਾ ਸਿੱਖਿਆ ਅਫਸਰ (ਸੈ. ਸਿ.) ਰਾਜਵੰਤ ਕੌਰ, ਉਪ ਜ਼ਿਲਾ ਸਿੱਖਿਆ ਅਫਸਰ ਜਗਰੂਪ ਭਾਰਤੀ, ਡਿਪਟੀ ਡੀ. ਈ. ਓ. (ਐਲੀ. ਸਿ.) ਗੁਰਲਾਭ ਸਿੰਘ, ਜ਼ਿਲਾ ਖੇਡ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਬੇਸ਼ੱਕ ਪਿਛਲੇ ਸਮੇਂ ਦੌਰਾਨ ਅਸਾਮੀਆਂ ਦੇ ਮਾਮਲੇ 'ਚ ਇੱਥੇ ਕਮੀਆਂ ਰਹੀਆਂ ਹਨ ਪਰ ਇੱਥੋਂ ਦੇ ਅਧਿਆਪਕਾਂ ਨੇ ਆਪਣੀ ਮਿਹਨਤ-ਮੁਸ਼ੱਕਤ ਨਾਲ ਵੱਖ-ਵੱਖ ਭਰਤੀਆਂ ਦੌਰਾਨ ਜਿੱਥੇ ਖੁਦ ਮੋਹਰੀ ਸਥਾਨ ਪ੍ਰਾਪਤ ਕੀਤੇ ਹਨ ਉੱਥੇ 10ਵੀਂ, 12ਵੀਂ ਦੇ ਨਤੀਜਿਆਂ ਦੌਰਾਨ ਵਿਦਿਆਰਥੀਆਂ ਨੇ ਵੀ ਪੰਜਾਬ ਭਰ 'ਚੋਂ ਪਿਛਲੇ ਸਮਿਆਂ ਦੌਰਾਨ ਪਹਿਲੇ-ਦੂਜੇ ਸਥਾਨਾਂ ਨੂੰ ਪ੍ਰਾਪਤ ਕੀਤਾ ਹੈ।
ਲਾਪਤਾ ਦੇ ਪੋਸਟਰ ਲੱਗਣ ਮਗਰੋਂ ਨਜ਼ਰ ਆਏ ਸੰਨੀ ਦਿਓਲ, ਲੋਕਾਂ ਨੂੰ ਦਿੱਤਾ ਇਹ ਤੋਹਫਾ (ਵੀਡੀਓ)
NEXT STORY