ਜਲੰਧਰ (ਚੋਪੜਾ) - ਪੰਜਾਬ 'ਚ ਧੜੱਲੇ ਨਾਲ ਚੱਲ ਰਹੇ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸੁੱਟੇ ਗਏ ਪੈਂਤੜੇ ਨੇ ਪ੍ਰਦੇਸ਼ ਦੇ ਕਈ ਕਾਂਗਰਸੀਆਂ ਨੂੰ ਸੁੰਨ ਕਰ ਦਿੱਤਾ ਹੈ। ਸਿੱਧੂ ਦੀ ਗੁਗਲੀ ਨਾਲ ਕਲੀਨ ਬੋਲਡ ਹੁੰਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਖਤ ਸਟੈਂਡ ਲੈਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਸਿੱਧੂ ਮੁਤਾਬਕ ਮਾਈਨਿੰਗ ਮਾਫੀਆ ਕਾਰਨ ਪੰਜਾਬ ਨੂੰ 1500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜਲੰਧਰ 'ਚ ਇਕ ਪ੍ਰੈੱਸ ਕਾਨਫਰੰਸ 'ਚ ਸਿੱਧੂ ਨੇ ਜਦੋਂ ਇਹ ਖੁਲਾਸਾ ਕੀਤਾ ਕਿ ਜੇਕਰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ 'ਚ ਨਾਜਾਇਜ਼ ਮਾਈਨਿੰਗ ਰੁਕ ਸਕਦੀ ਹੈ ਤਾਂ ਪੰਜਾਬ 'ਚ ਅਜਿਹਾ ਕਿਉਂ ਨਹੀਂ ਹੋ ਸਕਦਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਵਿਭਾਗ ਮੇਰੇ ਕੋਲ ਹੁੰਦਾ ਤਾਂ ਮੈਂ ਇਸ ਨੂੰ ਰੋਕ ਕੇ ਵਿਖਾ ਦਿੰਦਾ। ਸਿੱਧੂ ਦਾ ਬਿਆਨ ਇਕ ਤਰ੍ਹਾਂ ਨਾਲ ਕੈਪਟਨ ਅਮਰਿੰਦਰ ਲਈ ਉਸ ਸਮੇਂ ਚੈਲੰਜ ਬਣ ਗਿਆ ਜਦੋਂ ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਸਬੰਧਿਤ ਵਿਭਾਗ ਖੁਦ ਮੁਖ ਮੰਤਰੀ ਦੇ ਕੋਲ ਹੈ। ਸਿੱਧੂ ਦੇ ਬਿਆਨ ਨਾਲ ਕਾਂਗਰਸ ਗਲਿਆਰਿਆਂ 'ਚ ਭਥੜੂ ਜਿਹਾ ਮਚ ਗਿਆ ਅਤੇ ਕਾਂਗਰਸ ਦੀ ਫਜ਼ੀਹਤ ਤੋਂ ਬਚਣ ਲਈ ਅਗਲੇ ਹੀ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਗੈਰ-ਕਾਨੂੰਨੀ ਮਾਈਨਿੰਗ ਅਤੇ ਮਾਈਨਰਸ ਵਲੋਂ ਟੈਕਸ ਚੋਰੀ ਕਰਨ ਦੇ ਮਾਮਲੇ 'ਚ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦੇ ਹੋਏ ਸਬੰਧਿਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਵੱਖ-ਵੱਖ ਵਿਭਾਗਾਂ ਦੀਆਂ ਵਿਸ਼ੇਸ਼ ਸੰਯੁਕਤ ਟੀਮਾਂ ਗਠਿਤ ਕਰਨ ਲਈ ਕਿਹਾ ਹੈ।
ਪਰ ਕੈਪਟਨ ਅਮਰਿੰਦਰ ਦੇ ਹੁਕਮ ਉਨ੍ਹਾਂ ਕਾਂਗਰਸੀਆਂ ਨੂੰ ਕਤਈ ਰਾਸ ਨਹੀਂ ਆਉਣਗੇ ਜੋ ਪੰਜਾਬ 'ਚ ਕਾਂਗਰਸ ਸਰਕਾਰ ਆਉਣ ਦੇ ਬਾਅਦ ਮਾਈਨਿੰਗ ਮਾਫੀਆ ਨਾਲ ਗੰਢ-ਤੁਪ ਕਰਕੇ ਉਨ੍ਹਾਂ ਦੇ ਕਾਰੋਬਾਰ 'ਚ ਹਿੱਸੇਦਾਰੀਆਂ ਲੈ ਰਹੇ ਸਨ। ਸਭ ਤੋਂ ਵੱਧ ਪ੍ਰਭਾਵਿਤ ਉਹ ਕਾਂਗਰਸੀ ਹੋਣਗੇ, ਜਿਨ੍ਹਾਂ ਨੇ ਮਾਈਨਿੰਗ ਕਾਰੋਬਾਰੀਆਂ ਦੇ ਨਾਲ ਪਰਦੇ ਦੇ ਪਿੱਛੇ ਆਪਣਾ ਪੈਸਾ ਇਨਵੈਸਟ ਕੀਤਾ ਹੋਇਆ ਹੈ। ਕਈ ਕਾਂਗਰਸੀ ਨੇਤਾਵਾਂ ਨੇ ਧਨ, ਬਲ ਅਤੇ ਸਿਆਸੀ ਪਾਵਰ ਦੀ ਵਰਤੋਂ ਕਰਕੇ ਮਾਈਨਿੰਗ ਦੇ ਕਾਰੋਬਾਰ 'ਚ ਮਸ਼ੀਨਰੀ ਅਤੇ ਟਿਪਰ ਤੱਕ ਲਾ ਰੱਖੇ ਹਨ। ਹੁਣ ਕੈਪਟਨ ਅਮਰਿੰਦਰ ਦੇ ਸਟੈਂਡ ਤੋਂ ਬਾਅਦ ਨਾਜਾਇਜ਼ ਕਾਰੋਬਾਰ 'ਤੇ ਨਕੇਲ ਕੱਸਣ ਨਾਲ ਅਜਿਹੇ ਕਾਂਗਰਸੀ ਨੇਤਾਵਾਂ ਦੀਆਂ ਮੁਸ਼ਕਿਲਾਂ ਵਧਣੀਆਂ ਤੈਅ ਹਨ, ਕਿਉਂਕਿ ਜੇਕਰ ਨਾਜਾਇਜ਼ ਮਾਈਨਿੰਗ ਬੰਦ ਹੋਈ ਤਾਂ ਜਿੱਥੇ ਟੈਕਸ ਚੋਰੀ 'ਤੇ ਨਕੇਲ ਕੱਸੀ ਜਾਵੇਗੀ, ਉਥੇ ਉਨ੍ਹਾਂ ਦੀ ਇਨਵੈਸਟਮੈਂਟ ਅਤੇ ਹਿੱਸੇਦਾਰੀਆਂ ਵੀ ਖਤਰੇ 'ਚ ਪੈਣੀਆਂ ਤੈਅ ਹਨ।
ਉਧਰ ਦੂਸਰੇ ਪਾਸੇ ਕਾਂਗਰਸ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਦੇ ਵਿਰੁੱਧ ਛੇੜੀ ਇਸ ਮੁਹਿੰਮ ਨਾਲ ਕਾਂਗਰਸ ਗਲਿਆਰਿਆਂ 'ਚ ਖੁਸ਼ੀ ਦੀ ਲਹਿਰ ਵੀ ਵੇਖਣ ਨੂੰ ਮਿਲ ਰਹੀ ਹੈ। ਕਾਂਗਰਸ ਦੇ ਨੇਤਾ ਸਿੱਧੂ ਦੇ ਸਟੈਂਡ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ 'ਚ ਨਾਜਾਇਜ਼ ਮਾਈਨਿੰਗ ਇਕ ਵੱਡਾ ਮੁੱਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੇ ਪੰਜਾਬ 'ਚ ਆਟੇ ਦੇ ਭਾਅ ਵਿਕ ਰਹੀ ਰੇਤਾ-ਬੱਜਰੀ ਨੂੰ ਇਕ ਭਖਦਾ ਮੁੱਦਾ ਬਣਾ ਕੇ ਬਾਦਲ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਅਤੇ ਪ੍ਰਦੇਸ਼ ਭਰ 'ਚ ਅਕਾਲੀ-ਭਾਜਪਾ ਗਠਜੋੜ ਵਿਰੁੱਧ ਕਾਂਗਰਸੀਆਂ ਨੇ ਸੜਕਾਂ 'ਤੇ ਉੱਤਰ ਕੇ ਅਨੇਕਾਂ ਧਰਨੇ ਅਤੇ ਪ੍ਰਦਰਸ਼ਨ ਆਯੋਜਿਤ ਕੀਤੇ ਸਨ। ਬਾਦਲ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਗਰੀਬ ਵਰਗ ਆਪਣੇ ਘਰਾਂ ਨੂੰ ਬਣਾਉਣ ਤੱਕ ਨੂੰ ਖੁਦ ਨੂੰ ਬੇਸਹਾਰਾ ਮਹਿਸੂਸ ਕਰ ਰਿਹਾ ਸੀ ਅਤੇ ਕਾਂਗਰਸ ਦੀ ਜਿੱਤ ਦਾ ਰਾਹ ਪੱਧਰਾ ਕਰਨ 'ਚ ਮਹਿੰਗੀ ਰੇਤ-ਬੱਜਰੀ ਦੀ ਵੱਡੀ ਭੂਮਿਕਾ ਰਹੀ ਹੈ ਪਰ ਹੁਣ ਕੈਪਟਨ ਅਮਰਿੰਦਰ ਸਰਕਾਰ ਬਣਨ ਤੋਂ ਬਾਅਦ ਵੀ ਮਾਈਨਿੰਗ ਮਾਮਲੇ 'ਚ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਰੇਤ-ਬੱਜਰੀ ਪਹਿਲਾਂ ਤੋਂ ਵੀ ਮਹਿੰਗੀ ਹੋ ਗਈ ਹੈ। ਹੁਣ ਕਾਂਗਰਸ ਦੇ ਛੋਟੇ-ਵੱਡੇ ਨੇਤਾਵਾਂ ਦੇ ਸਮਰਥਨ ਅਤੇ ਮਿਲੀਭੁਗਤ ਨਾਲ ਨਾਜਾਇਜ਼ ਮਾਈਨਿੰਗ ਨਾਲ ਜੁੜੇ ਕਾਰੋਬਾਰੀ ਇਸ ਦਾ ਪੂਰਾ ਲਾਭ ਉਠਾ ਰਹੇ ਹਨ। ਹੁਣ ਕੈਪਟਨ ਦੇ ਨਿਰਦੇਸ਼ਾਂ ਦਾ ਕਿੰਨਾ ਅਸਰ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵਰਨਾ ਸਿੱਧੂ ਮਾਈਨਿੰਗ ਮਾਮਲੇ ਨੂੰ ਲੈ ਕੇ ਆਪੋਜ਼ੀਸ਼ਨ ਦੇ ਹੱਥ ਇਕ ਵੱਡਾ ਮੁੱਦਾ ਦੇ ਹੀ ਚੁੱਕੇ ਹਨ।
ਬਜਟ ਖਿਲਾਫ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ
NEXT STORY