ਗੜ੍ਹਸ਼ੰਕਰ (ਸ਼ੋਰੀ) : ਕੋਰੋਨਾ ਵਾਇਰਸ ਤੋਂ ਖ਼ੁਦ ਨੂੰ ਬਚਾਉਣ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਮਾਸਕ ਨੂੰ ਇਸਤੇਮਾਲ ਕਰਨ ਤੋਂ ਬਾਅਦ ਖੁੱਲ੍ਹੇ ਵਿਚ ਸੁੱਟਣ ਨਾਲ ਬੇਹੱਦ ਖਤਰਨਾਕ ਇਨਫੈਕਸ਼ਨ ਫੈਲ ਸਕਦਾ ਹੈ। ਮਾਸਕ ਨੂੰ ਵਰਤਣ ਤੋਂ ਬਾਅਦ ਨਸ਼ਟ ਕਰਨ ਦੀ ਪ੍ਰਕਿਰਿਆ ਸਮਝਾਉਂਦਿਆਂ ਜ਼ਿਲ੍ਹਾ ਡਰੱਗ ਕੰਟਰੋਲ ਅਧਿਕਾਰੀ ਹੁਸ਼ਿਆਰਪੁਰ ਬਲਰਾਮ ਲੂਥਰਾ ਨੇ ਦੱਸਿਆ ਕਿ ਜੋ ਮਾਸਕ ਦੁਬਾਰਾ ਵਰਤੋਂ ਕਰਨ ਦੇ ਯੋਗ ਨਾ ਰਿਹਾ ਹੋਵੇ, ਉਸ ਨੂੰ ਜਾਂ ਤਾਂ ਜ਼ਮੀਨ 'ਚ ਟੋਇਆ ਪੁੱਟ ਕੇ ਦੱਬ ਦੇਣਾ ਚਾਹੀਦਾ ਹੈ ਜਾਂ ਫਿਰ ਸਾੜ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
ਖੁੱਲ੍ਹੇ 'ਚ ਸੁੱਟੇ ਮਾਸਕ ਕਾਰਨ ਫੈਲ ਸਕਦੀਆਂ ਬੀਮਾਰੀਆਂ
ਬਲਰਾਮ ਲੂਥਰਾ ਨੇ ਦੱਸਿਆ ਕਿ ਸੂਤੀ ਕੱਪੜੇ ਤੋਂ ਤਿਆਰ ਮਾਸਕ ਨੂੰ ਚੰਗੀ ਤਰ੍ਹਾਂ ਧੋ ਕੇ ਦੁਬਾਰਾ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ, ਸਰਜੀਕਲ ਮਾਸਕ ਨੂੰ ਚਾਰ ਘੰਟਿਆਂ ਉਪਰੰਤ ਹਟਾ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ, ਡਿਸਪੋਜ਼ੇਬਲ ਮਾਸਕ ਇਕ ਦਿਨ ਤੋਂ ਬਾਅਦ ਨਸ਼ਟ ਕਰ ਦੇਣਾ ਚਾਹੀਦਾ ਹੈ, ਐੱਨ 95 ਮਾਸਕ ਅੱਠ-ਅੱਠ ਘੰਟੇ ਤਿੰਨ ਵਾਰ ਲਾਉਣ ਉਪਰੰਤ ਡਿਟੋਲ ਵਿਚ ਧੋ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਡਬਲ ਅਤੇ ਟ੍ਰਿਪਲ ਲੇਅਰ ਮਾਸਕ ਚਾਰ-ਚਾਰ ਘੰਟੇ ਵਰਤਣ ਉਪਰੰਤ ਧੋ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖੁੱਲ੍ਹੇ 'ਚ ਸੁੱਟੇ ਮਾਸਕ ਪਸ਼ੂ ਖਾ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅਤੇ ਫਿਰ ਉਨ੍ਹਾਂ ਵਿਚੋਂ ਸਮਾਜ ਵਿਚ ਬੀਮਾਰੀਆਂ ਫੈਲ ਸਕਦੀਆਂ ਹਨ।
ਇਹ ਵੀ ਪੜ੍ਹੋ ► ਪੰਜਾਬ 'ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 215 ਪੁੱਜੀ
ਕੀ ਹੈ ਪੰਜਾਬ ਸਰਕਾਰ ਦੀ ਮਾਸ ਸਬੰਧੀ ਐਡਵਾਈਜ਼ਰੀ
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਮੂੰਹ 'ਤੇ ਮਾਸਕ ਪਾਉਣਾ ਜ਼ਰੂਰੀ ਕੀਤਾ ਜਾ ਚੁੱਕਾ ਹੈ। ਸਾਰੀਆਂ ਸਾਂਝੀਆਂ ਥਾਵਾਂ 'ਤੇ ਮਾਸਕ ਨਾ ਪਾਉਣ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਸਰਕਾਰ ਦੇ ਹੁਕਮਾਂ ਅਨੁਸਾਰ ਸਾਧਾਰਨ ਕੱਪੜੇ ਦਾ ਮਾਸਕ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ, ਕੱਪੜੇ ਦੇ ਮਾਸਕ ਨੂੰ ਹਰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਸਾਫ ਕਰ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਮਾਸਕ ਸਬੰਧੀ ਮਾਹਿਰਾਂ ਦੇ ਵਿਚਾਰ ਅਤੇ ਤੱਥ
ਸਾਲ 2016 ਦੇ ਨਿਊ ਸਾਊਥ ਵੇਲਜ਼ 'ਚ ਕੀਤੇ ਗਏ ਸਰਵੇ ਅਨੁਸਾਰ ਸਾਧਾਰਨ ਸਥਿਤੀਆਂ ਵਿਚ ਆਮ ਵਿਅਕਤੀ ਇਕ ਘੰਟੇ ਵਿਚ 23 ਵਾਰ ਆਪਣੇ ਚਿਹਰੇ ਨੂੰ ਟੱਚ ਕਰਦਾ ਹੈ, ਨੋਟਿੰਗਮ ਯੂਨੀਵਰਸਿਟੀ ਵਿਚ ਮੋਲੀਕਿਊਲਰ ਬਾਰੋਲਾਜੀ ਦੇ ਪ੍ਰੋਫੈਸਰ ਜੋਨਾਥਨ ਬੱਲ ਨੇ ਇਕ ਰਿਸਰਚ ਉਪਰੰਤ ਕਿਹਾ ਸੀ ਕਿ ਰੈਸਪੀਰੇਟਰ ਦੇ ਤੌਰ 'ਤੇ ਵਰਤੋਂ ਕੀਤੇ ਜਾਣ ਵਾਲੇ ਮਾਸਕ ਇਨਫੈਕਸ਼ਨ ਦੇ ਬਚਾਅ ਵਿਚ ਮਦਦਗਾਰ ਰਹਿੰਦੇ ਹਨ। ਰੈਸਪੀਰੇਟਰ ਵਿਚ ਇਕ ਵਿਸ਼ੇਸ਼ ਏਅਰ ਫਿਲਟਰ ਲੱਗਾ ਹੁੰਦਾ ਹੈ ਜੋ ਘਾਤਕ ਕਣਾਂ ਤੋਂ ਵਿਅਕਤੀ ਦਾ ਬਚਾਅ ਰੱਖਦਾ ਹੈ।
ਕਿੰਨੇ ਤਰ੍ਹਾਂ ਦੇ ਹੁੰਦੇ ਹਨ ਮਾਸਕ
► ਸੂਤੀ ਕੱਪੜੇ ਤੋਂ ਤਿਆਰ ਮਾਸਕ
► ਸਰਜੀਕਲ ਮਾਸਕ
► ਡਿਸਪੋਜ਼ੇਬਲ ਮਾਸਕ
► ਐੱਨ 95 ਮਾਸਕ
► ਡਬਲ ਅਤੇ ਟ੍ਰਿਪਲ ਲੇਅਰ ਮਾਸਕ
ਗੜ੍ਹਸ਼ੰਕਰ 'ਚ ਕਈ ਸੰਸਥਾਵਾਂ ਨੇ ਵੰਡੇ ਮੁਫ਼ਤ ਮਾਸਕ
ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਵੱਖ-ਵੱਖ ਸੰਗਠਨਾਂ ਅਤੇ ਵਿਅਕਤੀਆਂ ਨੇ ਵੱਡੀ ਗਿਣਤੀ ਵਿਚ ਮਾਸਕ ਮੁਫ਼ਤ ਤਕਸੀਮ ਕੀਤੇ। ਇਸ ਦੇ ਬਾਵਜੂਦ ਅੱਜ ਵੀ ਹੋਰ ਮਾਸਕਾਂ ਦੀ ਕਮੀ ਸਾਫ਼ ਨਜ਼ਰ ਆਉਂਦੀ ਹੈ। ਇਥੋਂ ਦੇ ਐੱਮ. ਪ੍ਰੈੱਸ ਬੂਟੀਕ ਦੀ ਮਾਲਕਣ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪੱਧਰ 'ਤੇ 500 ਮਾਸਕ ਬਣਾ ਕੇ ਚੈਰਿਟੀ ਕਰਨ ਜਾ ਰਹੇ ਹਨ, ਉਨ੍ਹਾਂ ਨੇ ਇਸ ਕੰਮ ਲਈ ਆਪਣੇ ਕਾਰੀਗਰਾਂ ਨੂੰ ਲਾ ਦਿੱਤਾ ਹੈ।
ਇਹ ਵੀ ਪੜ੍ਹੋ ► ਕੋਵਿਡ-19 ਖ਼ਿਲਾਫ਼ ਜੰਗ ਹੋਈ ਤੇਜ਼, ਸਰਕਾਰੀ ਵਿਭਾਗਾਂ ਦੇ ਸਾਰੇ ਵਿੰਗ ਸਰਗਰਮ
ਪੁਲਸ ਕਰੇਗੀ ਸਖ਼ਤ ਕਾਰਵਾਈ : ਇਕਬਾਲ ਸਿੰਘ
ਥਾਣਾ ਗੜ੍ਹਸ਼ੰਕਰ ਤੋਂ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਏ ਕਰਫ਼ਿਊ ਨੂੰ ਤੋੜਣ ਵਾਲਿਆਂ ਅਤੇ ਬਿਨਾਂ ਮਨਜ਼ੂਰੀ ਸੜਕ 'ਤੇ ਘੁੰਮਣ ਵਾਲਿਆਂ ਅਤੇ ਬਿਨਾਂ ਮਾਸਕ ਪਾ ਕੇ ਘੁੰਮਣ ਵਾਲੇ ਵਿਅਕਤੀਆਂ 'ਤੇ ਸਖਤੀ ਨਾਲ ਪੁਲਸ ਕਾਰਵਾਈ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਰਹਿਣ ਅਤੇ ਸੁਰੱਖਿਅਤ ਰਹਿਣ।
ਸੂਤੀ ਕੱਪੜੇ ਦੇ ਮਾਸਕ ਹਨ ਬਿਹਤਰ?
ਸਮਾਜ ਸੇਵੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕੈਨੇਡਾ ਵਿਚ ਰਹਿ ਰਹੇ ਰਿਸ਼ਤੇਦਾਰਾਂ ਨੇ ਫੋਨ 'ਤੇ ਕਿਹਾ ਕਿ ਨਾਈਲੋਨ ਦੇ ਕੱਪੜੇ ਨਾਲ ਬਣੇ ਮਾਸਕ ਦੀ ਬਜਾਏ ਸੂਤੀ ਕੱਪੜੇ ਨਾਲ ਬਣੇ ਮਾਸਕ ਜ਼ਿਆਦਾ ਵਧੀਆ ਹਨ। ਅਜਿਹਾ ਉਥੋਂ ਦੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਡੇ ਮਾਹਿਰਾਂ ਦੀ ਕੀ ਰਾਇ ਹੈ ਇਹ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਰੂਰ ਦੱਸਣੀ ਚਾਹੀਦੀ ਹੈ।
ਇਹ ਵੀ ਪੜ੍ਹੋ ► ਵਿਆਹਾਂ 'ਤੇ ਵੀ ਪਿਆ 'ਕੋਰੋਨਾ' ਮਹਾਮਾਰੀ ਦਾ ਅਸਰ
'ਕੋਰੋਨਾ' ਦੇ ਕਹਿਰ ਦੌਰਾਨ ਪੰਜਾਬ ਵਾਸੀਆਂ ਲਈ ਆਈ ਚੰਗੀ ਖਬਰ
NEXT STORY