ਨਵਾਂਸ਼ਹਿਰ, (ਤ੍ਰਿਪਾਠੀ, ਮਹਿਤਾ, ਮਨੋਰੰਜਨ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਇਥੇ ਕਿਹਾ ਕਿ ਬੱਚਿਆਂ ਨੂੰ ਭੀਖ ਮੰਗਣ ਦੇ ਕਿੱਤੇ 'ਚ ਲਾਉਣ ਵਾਲੇ ਮਾਪਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਅੱਜ ਇਥੇ ਵੱਖ-ਵੱਖ ਵਿਭਾਗਾਂ ਦੀ ਬੁਲਾਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਵੱਖ-ਵੱਖ ਚੌਕਾਂ/ਧਾਰਮਿਕ ਸਥਾਨਾਂ ਦੇ ਬਾਹਰ ਮਿਲਦੇ ਅਜਿਹੇ ਕਿਸੇ ਵੀ ਭੀਖ ਮੰਗਦੇ ਬੱਚੇ ਨੂੰ ਇਸ ਕਿੱਤੇ ਤੋਂ ਹਟਾਉਣ ਅਤੇ ਉਸ ਦੇ ਮਾਪਿਆਂ ਨੂੰ ਚਿਤਾਵਨੀ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਰਬਜੀਤ ਕੌਰ ਇਸ ਸਬੰਧੀ ਜ਼ਿਲਾ ਟਾਸਕ ਫ਼ੋਰਸ ਦੀ ਅਗਵਾਈ ਕਰਨਗੇ। ਮੀਟਿੰਗ 'ਚ ਐੱਸ.ਡੀ.ਐੱਮ. ਬਲਾਚੌਰ ਜਗਜੀਤ ਸਿੰਘ, ਡੀ.ਐੱਸ.ਪੀ. (ਐੱਚ) ਗੁਰਪ੍ਰੀਤ ਸਿੰਘ ਗਿੱਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਰਬਜੀਤ ਕੌਰ, ਜ਼ਿਲਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਈ.ਏ.ਸੀ. (ਸਿਖਲਾਈ ਅਧੀਨ) ਅਰਸ਼ਦੀਪ ਸਿੰਘ ਲੁਬਾਣਾ, ਸਹਾਇਕ ਸਿੱਖਿਆ ਅਫ਼ਸਰ ਰਾਕੇਸ਼ ਚੰਦਰ, ਸਟੇਸ਼ਨ ਸੁਪਰਡੈਂਟ ਨਵਾਂਸ਼ਹਿਰ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੇ ਜਨਰਲ ਸਕੱਤਰ ਜੇ.ਐੱਸ. ਗਿੱਦਾ, ਕਿਰਤ ਇੰਸਪੈਕਟਰ ਰਣਦੀਪ ਸਿੰਘ ਸਿੱਧੂ ਤੇ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਮੌਜੂਦ ਸਨ।

ਇਹ ਹਨ ਸਜ਼ਾ ਦੇ ਪ੍ਰਬੰਧ
-ਪੰਜਾਬ ਬਾਲ ਭਿਖਾਰੀ ਰੋਕੂ ਐਕਟ ਅਨੁਸਾਰ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਨੂੰ ਭੀਖ ਮੰਗਣ ਦੇ ਕੰਮ 'ਚ ਲਾਉਂਦਾ ਹੈ ਜਾਂ ਭੀਖ ਲੈਣ ਲਈ ਉਕਸਾਉਂਦਾ ਹੈ ਜਾਂ ਬੱਚਾ ਦਿਖਾ ਕੇ ਭੀਖ ਮੰਗਦਾ ਹੈ ਤਾਂ ਉਸ ਨੂੰ 3 ਸਾਲ ਤੱਕ ਕੈਦ ਹੋ ਸਕਦੀ ਹੈ।
-ਜੇ. ਜੇ. ਐਕਟ 2015 ਅਨੁਸਾਰ ਜੇਕਰ ਕੋਈ ਬੱਚਾ ਭੀਖ ਮੰਗਦਾ ਹੈ, ਸੜਕ 'ਤੇ ਰਹਿੰਦਾ ਹੈ ਤਾਂ ਉਸ ਦੇ ਮੁੜ ਵਸੇਬੇ ਤੇ ਉਸ ਦੇ ਮਾਪਿਆਂ ਨੂੰ ਸੌਂਪਣ ਜਾਂ ਨਾ ਸੌਂਪਣ ਸਬੰਧੀ ਸੈਕਸ਼ਨ 29 (1) ਅਨੁਸਾਰ ਜ਼ਿਲਾ ਪੱਧਰੀ ਬਾਲ ਅਧਿਕਾਰ ਕਮੇਟੀ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
-ਜੇਕਰ ਕੋਈ ਵਿਅਕਤੀ ਜਾਂ ਮਾਂ-ਬਾਪ ਕਿਸੇ ਬੱਚੇ ਨੂੰ ਭੀਖ ਮੰਗਣ ਲਈ ਸਾਧਨ ਵਜੋਂ ਵਰਤਦੇ ਹਨ, ਉਸ ਨੂੰ 5 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ।
-ਭੀਖ ਮੰਗਵਾਉਣ ਦੇ ਮਕਸਦ ਨਾਲ ਕਿਸੇ ਬਾਲ ਨੂੰ ਅੱਧਮਰਿਆ ਜਾਂ ਅੰਗਹੀਣ ਕਰਨ ਦੀ ਸੂਰਤ 'ਚ ਦੋਸ਼ੀ ਨੂੰ ਘੱਟੋ-ਘੱਟ 7 ਸਾਲ ਦੀ ਸਜ਼ਾ ਤੇ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਕੀਤੀ ਜਾ ਸਕਦੀ ਹੈ ਤੇ ਨਾਲ ਹੀ 5 ਲੱਖ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, 2 ਜ਼ਖ਼ਮੀ
NEXT STORY