ਚੰਡੀਗੜ੍ਹ (ਸ਼੍ਰਮਿਤ ਚੌਧਰੀ) : ਪੰਜਾਬ ’ਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ। ਭਾਜਪਾ ਇਸ ਵਾਰ ਪੰਜਾਬ ’ਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਇਸ ਸਬੰਧੀ ‘ਜਗ ਬਾਣੀ’ ਦੇ ਪੱਤਰਕਾਰ ਸ਼੍ਰਮਿਤ ਚੌਧਰੀ ਨੇ ਵਿਦੇਸ਼ ਰਾਜ ਮੰਤਰੀ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਮੀਨਾਕਸ਼ੀ ਲੇਖੀ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-
ਕਿਸਾਨ ਅੰਦੋਲਨ ਹੋਇਆ, ਉਸ ਤੋਂ ਬਾਅਦ ਕਾਨੂੰਨ ਵਾਪਸ ਹੋ ਗਏ। ਇਸ ਸਭ ਵਿਚਾਲੇ ਭਾਜਪਾ ਨੇ ਕੀ-ਕੁਝ ਪਲਾਨ ਕੀਤਾ ਹੋਇਆ ਹੈ?
ਪੰਜਾਬ ’ਚ ਸੂਰਜ ਚੜ੍ਹਨ ਦੀ ਜ਼ਰੂਰਤ ਹੈ। ਉਹ ਸੂਰਜ ਦਾ ਚੜ੍ਹਨਾ ਪਾਰਟੀ ਵੇਖ ਰਹੀ ਹੈ। ਲੋਕਾਂ ਦਾ ਜੋ ਭਾਜਪਾ ਨੂੰ ਲੈ ਕੇ ਪਿਆਰ ਹੈ, ਉਹ ਬਹੁਤ ਹੈ। ਅਸੀਂ ਕਦੇ ਕੰਮ ਕਿਸੇ ਮਤਲਬ ਲਈ ਨਹੀਂ ਕੀਤਾ। ਪੰਜਾਬ ਸਾਡਾ ਸੂਬਾ ਹੈ। ਇਸ ਲਈ ਅਸੀਂ ਕੰਮ ਕੀਤਾ ਹੈ, ਜਿੰਨਾ ਵਿਕਾਸ ਪੰਜਾਬ ’ਚ ਹੋਇਆ ਹੈ, ਉਹ ਸਾਰਾ ਕੰਮ ਭਾਜਪਾ ਨੇ ਕੀਤਾ ਹੈ।
ਭਾਜਪਾ ਲਈ ਪੰਜਾਬ ’ਚ ਮਾਹੌਲ ਪਹਿਲਾਂ ਵੀ ਠੀਕ ਨਹੀਂ ਰਿਹਾ। ਭਾਵੇਂ ਕਾਨੂੰਨ ਵਾਪਸ ਲੈ ਲਏ ਗਏ ਹੋਣ ਪਰ ਤੁਹਾਨੂੰ ਕੀ ਲੱਗਦਾ ਹੈ ਕੀ ਤੁਸੀ ਜਨਤਾ ਤੱਕ ਠੀਕ ਤਰ੍ਹਾਂ ਨਾਲ ਆਪਣੀ ਆਵਾਜ਼ ਪਹੁੰਚਾ ਪਾ ਰਹੇ ਹੋ?
ਭਾਜਪਾ ਲਈ ਮਾਹੌਲ ਵਧੀਆ ਹੈ। ਭਾਜਪਾ ਦਾ ਪਿਆਰ, ਮੋਦੀ ਜੀ ਦਾ ਪਿਆਰ ਪੰਜਾਬ ਲਈ ਬਹੁਤ ਹੈ। 2014 ’ਚ ਪੰਜਾਬ ਦੀਆਂ ਸੜਕਾਂ ਦੀ ਮਾਪ 1 ਹਜ਼ਾਰ 140 ਕਿ. ਮੀ. ਸੀ। 70 ਸਾਲ ਆਜ਼ਾਦੀ ਨੂੰ ਹੋਏ। ਬਹੁਤ ਸਰਕਾਰਾਂ ਕੇਂਦਰ ਤੇ ਸੂਬੇ ’ਚ ਆਈਆਂ ਪਰ ਪੰਜਾਬ ’ਚ ਸੜਕਾਂ ਮੋਦੀ ਸਰਕਾਰ ਨੇ ਬਣਾ ਕੇ ਦਿੱਤੀਆਂ। ਪਹਿਲਾਂ 10 ਅੰਡਰਪਾਸ ਸਨ, ਹੁਣ 292 ਹਨ। ਵੱਡੇ ਗੁਰੁਦਆਰਿਆਂ ’ਚ ਜੋ ਵੀ ਕੰਮ ਕੀਤਾ ਹੈ, ਉਹ ਭਾਜਪਾ ਨੇ ਕੀਤਾ ਹੈ। ਸਾਰੇ ਕੰਮ ਭਾਜਪਾ ਨੇ ਤੇ ਮੇਰੇ ਵਿਭਾਗ ਨੇ ਕਰ ਕੇ ਦਿੱਤੇ। ਕਰਤਾਰਪੁਰ ਕਾਰੀਡੋਰ ਦਾ ਕੰਮ ਵੀ ਮੋਦੀ ਸਰਕਾਰ ਨੇ ਕਰ ਕੇ ਦਿੱਤਾ ਹੈ। ਅਫਗਾਨਿਸਤਾਨ ਤੋਂ ਸਾਡੇ ਸਿੱਖ ਭਰਾਵਾਂ ਨੂੰ ਲਿਆਉਣ ਦਾ ਕੰਮ ਵੀ ਮੋਦੀ ਸਰਕਾਰ ਨੇ ਕੀਤਾ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਜਲੰਧਰ ਦਾ PAP ਚੌਂਕ ਅੱਜ ਪੂਰੀ ਤਰ੍ਹਾਂ ਰਹੇਗਾ ਬੰਦ, ਜਾਣੋ ਕੀ ਹੈ ਕਾਰਨ
ਕੀ ਤੁਹਾਨੂੰ ਲੱਗਦਾ ਹੈ , ਜੋ ਤੁਸੀਂ ਕੰਮ ਕੀਤਾ ਹੈ, ਉਹ ਸੀਟਾਂ ’ਚ ਤਬਦੀਲ ਹੋ ਜਾਵੇਗਾ ?
ਬਿਲਕੁੱਲ, ਅਸੀਂ ਲੋਕਾਂ ਨਾਲ ਗੱਲ ਕੀਤੀ ਹੈ। ਚਾਹੇ ਡਰੱਗਸ ਹੋਵੇ, ਸਮੱਗਲਿੰਗ ਹੋਵੇ, ਉਸ ’ਤੇ ਕੋਈ ਨਕੇਲ ਕੱਸ ਸਕਦੀ ਸੀ ਤਾਂ ਉਹ ਭਾਜਪਾ ਸਰਕਾਰ ਸੀ। ਇੱਥੇ ਤਾਂ ਸਾਡੀ ਸਰਕਾਰ ਵੀ ਨਹੀਂ ਸੀ, ਫਿਰ ਵੀ ਅਸੀਂ ਇੱਥੇ ਕੰਮ ਕੀਤਾ ਹੈ, ਕਿਉਂਕਿ ਸਾਡਾ ਦਿਲ ਪੰਜਾਬ ਦੇ ਲੋਕਾਂ ਲਈ ਸਾਫ਼ ਹੈ।
ਦਿੱਲੀ ’ਚ ਵੀ ਭਾਜਪਾ ਨੇ ਜ਼ੋਰ ਲਾਇਆ ਪਰ ਆਮ ਆਦਮੀ ਪਾਰਟੀ ਬਾਜ਼ੀ ਮਾਰ ਗਈ, ਜੇਕਰ ਦਿੱਲੀ ਵਾਲਾ ਪੁਆਇੰਟ ਇੱਧਰ ਵੀ ਚੱਲ ਗਿਆ ਤਾਂ ਕੀ ਦਿੱਲੀ ’ਚ ਭਾਜਪਾ ਲਈ ਚੁਣੌਤੀ ਹੋ ਜਾਵੇਗੀ?
ਕੀ ਤੁਹਾਨੂੰ ਲੱਗਦਾ ਹੈ, ਦਿੱਲੀ ’ਚ ਚੱਲ ਗਿਆ? ਦਿੱਲੀ ’ਚ ਤਾਂ ਹੋਰ ਜ਼ਿਆਦਾ ਸਿਸਟਮ ਖ਼ਰਾਬ ਹੋਇਆ ਹੈ। ਉਨ੍ਹਾਂ ਦਾ ਸਿੱਕਾ ਉੱਥੇ ਨਹੀਂ ਚੱਲਿਆ। ਪੰਜਾਬ ਦਾ ਟੈਂਪਰਾਮੈਂਟ ਬਿਲਕੁਲ ਵੱਖਰਾ ਹੈ। ਇੱਧਰ ਅਸੀਂ ਉਹ ਸਭ ਕੁਝ ਕਰ ਕੇ ਦਿੱਤਾ ਹੈ। ਚਾਹੇ ਐੱਮ. ਐੱਸ. ਐੱਮ. ਈ. ਦਾ ਕੰਮ ਹੋਵੇ , ਚਾਹੇ ਜੀ. ਐੱਸ. ਟੀ. ਦੀ, ਐੱਮ. ਐੱਸ. ਐੱਮ. ਦਾ ਢਾਈ ਕਰੋੜ ਦਾ ਮੁਨਾਫ਼ਾ ਹੋਣਾ ਚਾਹੀਦਾ ਹੈ ਉਹ ਅਸੀਂ ਕੀਤਾ ਹੈ। ਹਰ ਘਰ ਨਲ ਪਹੁੰਚਾਏ। ਕਿਸਾਨ ਸਨਮਾਨ ਨਿਧੀ ਦੇ ਪੈਸੇ ਉਨ੍ਹਾਂ ਦੇ ਖ਼ਾਤਿਆਂ ’ਚ ਪਾਏ। ਅਸੀਂ ਵਾਅਦਾ ਨਹੀਂ ਕਰ ਰਹੇ, ਵਾਅਦਾ ਪੂਰਾ ਕਰ ਕੇ ਦਿੱਤਾ ਹੈ। ਦਿੱਲੀ ’ਚ ਦਿਵਿਆਂਗ ਲੋਕਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਹੈ, ਉਹ ਇੱਧਰ ਕੀ ਦੇਣਗੇ। ਬਿਜਲੀ ਹੀ ਨਹੀਂ ਆ ਰਹੀ ਹੈ ਤਾਂ ਮੁਫ਼ਤ ਕਿੱਥੋ ਦੇਵੋਗੇ? ਕੋਰੋਨਾ ’ਚ ਦੁਕਾਨਾਂ ਬੰਦ ਰਹੀਆਂ, ਉਨ੍ਹਾਂ ਦੇ ਵੀ ਬਿੱਲ ਆਏ ਹਨ। ਮੈਨੂੰ ਲੱਗਦਾ ਹੈ ਪੰਜਾਬ ਥੋੜ੍ਹਾ ਦਿਮਾਗ ਤੋਂ ਸਹੀ ਹੈ, ਇੱਥੇ ਲੋਕ ਗੱਲਾਂ ’ਚ ਆਉਣ ਵਾਲੇ ਨਹੀਂ ਹਨ ।
ਭਾਜਪਾ ਨੇ ਤੁਹਾਡੇ ਵਰਗੇ ਪੰਜਾਬੀ ਇੱਥੇ ਬੁਲਾਏ ਹਨ। ਤੁਸੀ ਇੱਥੇ ਲੋਕਾਂ ’ਚ ਘੁੰਮ ਰਹੇ ਹੋ। ਕੀ ਵੱਡੇ ਮੁੱਦੇ ਤੁਹਾਨੂੰ ਨਜ਼ਰ ਆ ਰਹੇ ਹਨ? ਕੀ ਪੁਰਾਣੇ ਗਠਜੋੜ ਦੇ ਸਾਥੀਆਂ ਤੇ ਅਕਾਲੀ ਦਲ ਦੀ ਕਮੀ ਮਹਿਸੂਸ ਹੋ ਰਹੀ ਹੈ?
ਜੀ ਨਹੀਂ, ਕੁੱਝ ਮਿਸ ਨਹੀਂ ਕਰ ਰਹੇ। ਅਸੀਂ ਕਿਸੇ ਨੂੰ ਮਿਸ ਨਹੀਂ ਕਰ ਰਹੇ। ਮੈਂ ਇਕ ਵਾਰ ਮੰਡੀ ਗੋਬਿੰਦਗੜ੍ਹ ਗਈ ਸੀ। ਉਹ ਸੀਟ ਅਸੀਂ ਕਦੇ ਨਹੀਂ ਲੜੀ। ਉੱਥੇ ਲੋਕਾਂ ਨੇ ਕਿਹਾ ਕਿ ਭੈਣ ਜੀ, ਤੁਸੀ ਮੋਦੀ ਜੀ ਨੂੰ ਕਦੋਂ ਲੈ ਕੇ ਆ ਰਹੇ ਹੋ? ਮੈਂ ਕਿਹਾ ਕਿ ਚੋਣਾਂ ਦਾ ਵੇਖੋ ਕੀ ਬਣਦਾ ਹੈ? ਤਾਂ ਉਨ੍ਹਾਂ ਕਿਹਾ ਕਿ ਅਸੀ ਭਗਤ ਲੋਕ ਹਾਂ, ਸਾਨੂੰ ਪ੍ਰਭੂ ਦੇ ਦਰਸ਼ਨ ਤਾਂ ਕਰਾਓ। ਅਸੀਂ ਆਸ ਕਰਦੇ ਰਹਿ ਗਏ ਕਿ ਵੋਟਿੰਗ ਮਸ਼ੀਨ ’ਚ ਕਿਤੇ ਕਮਲ ਦਾ ਫੁੱਲ ਦਿਸ ਜਾਵੇ ਤੇ ਅਸੀਂ ਉਹ ਬਟਨ ਦੱਬੀਏ ਪਰ ਸਾਨੂੰ ਫੁੱਲ ਵਿਖਾਈ ਹੀ ਨਹੀਂ ਦਿੰਦਾ ਸੀ। ਹੁਣ ਸਾਨੂੰ ਕਮਲ ਦਾ ਫੁੱਲ ਚਾਹੀਦਾ ਹੈ ।
ਇਹ ਵੀ ਪੜ੍ਹੋ : ਅੱਜ ਆਵੇਗੀ 'ਭਾਜਪਾ' ਦੀ ਪਹਿਲੀ ਸੂਚੀ, ਮਾਲਵਾ ਦੀਆਂ 6 ਸੀਟਾਂ ਸਬੰਧੀ ਅੜੇ 'ਕੈਪਟਨ'
ਜਦੋਂ ਮੋਦੀ ਜੀ ਆਏ ਤਾਂ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਗਈ। ਭਾਜਪਾ ਕਹਿ ਰਹੀ ਹੈ ਕਿ ਸਮੱਸਿਆ ਸਕਿਓਰਿਟੀ ਦੀ ਸੀ। ਕਾਂਗਰਸ ਕਹਿ ਰਹੀ ਹੈ ਕਿ ਰੈਲੀ ’ਚ ਘੱਟ ਲੋਕ ਆਏ ਸਨ, ਇਸ ਲਈ ਸਮੱਸਿਆ ਹੋਈ। ਉਹ ਕੈਪਟਨ ’ਤੇ ਵੀ ਤੰਜ ਕੱਸ ਰਹੇ ਹਨ।
ਮੈਂ ਬਹੁਤ ਛੋਟੀ ਜਿਹੀ ਗੱਲ ਕਹਿੰਦੀ ਹਾਂ ਕਿ ਜੇਕਰ ਤੁਹਾਡੀ ਗੱਲ ਮੰਨ ਲਈ ਜਾਵੇ ਤਾਂ ਕੀ ਤੁਹਾਡਾ ਫਰਜ਼ ਨਹੀਂ ਬਣਦਾ ਕਿ ਮੋਦੀ ਜੀ ਉੱਥੇ ਪਹੁੰਚ ਜਾਂਦੇ। ਤੁਹਾਨੂੰ ਤਾਂ ਹੋਰ ਉਮੀਦ ਹੋਣੀ ਚਾਹੀਦੀ ਹੈ। ਤੁਹਾਨੂੰ ਤਾਂ ਹੋਰ ਪਤਾ ਹੋਣਾ ਚਾਹੀਦਾ ਹੈ ਕਿ ਚਲੋ ਜੀ ਇਨ੍ਹਾਂ ਨੂੰ ਭੇਜੋ, ਰੈਲੀ ’ਚ ਲੋਕ ਘੱਟ ਹਨ । ਰੈਲੀ ਨੂੰ ਛੱਡ ਦਿਓ। ਇਨ੍ਹਾਂ ਨੇ ਜੋ ਹਰਕਤ ਕੀਤੀ ਹੈ, ਉਹ ਮੈਸੇਜ ਕੁਝ ਹੋਰ ਸੀ। ਪ੍ਰਧਾਨ ਮੰਤਰੀ ਨੂੰ ਰੋਕਣ ਦਾ ਕੰਮ ਇਨ੍ਹਾਂ ਨੇ ਕੀਤਾ ਹੈ, ਜਿਨ੍ਹਾਂ ਨੇ 84 ਆਪਣੀ ਅੱਖਾਂ ਨਾਲ ਵੇਖਿਆ ਹੈ, ਉਨ੍ਹਾਂ ਨੂੰ ਪਤਾ ਹੈ ਕਿ ਇਹ ਦੇਸ਼ ’ਚ ਕੀ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਇੱਥੇ ਦੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਅਸੀਂ ਬਖਸ਼ਾਂਗੇ ਨਹੀਂ। ਇਨ੍ਹਾਂ ਦੀ ਆਪਣੀ ਇੰਟੈਲੀਜੈਂਸ ਰਿਪੋਰਟ ਤੇ ਇਨ੍ਹਾਂ ਦੇ ਬੰਦੇ ਸਨ। ਇਹ ਸਟੇਟ ਦੀ ਇੰਟੈਲੀਜੈਂਸ ਰਿਪੋਰਟ ਹੈ ਕਿ ਇੱਥੇ 1 ਲੱਖ ਲੋਕ ਆਉਣਗੇ। ਸਾਡੀ ਰਿਪੋਰਟ ਡੇਢ-ਦੋ ਲੱਖ ਦੀ ਸੀ, ਜੇਕਰ ਇੱਥੇ ਲੋਕ ਨਹੀਂ ਆਉਣ ਵਾਲੇ ਸਨ ਤਾਂ ਇਨ੍ਹਾਂ ਨੇ ਜਿੰਨੀਆਂ ਸੜਕਾਂ ਰੈਲੀ ਦੀ ਥਾਂ ਵੱਲ ਜਾ ਰਹੀਆਂ ਸਨ, ਉੱਥੇ ਬੈਰੀਕੇਡਿੰਗ ਕਿਉਂ ਕੀਤੀ? ਇੱਥੇ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ’ਚ ਇਨ੍ਹਾਂ ਨੇ ਸਵੇਰ ਤੋਂ ਨਿਕਲੇ ਲੋਕਾਂ ਦੇ ਉਨ੍ਹਾਂ ਦੀਆਂ ਬੱਸਾਂ ’ਚੋਂ ਖਾਣ ਦੇ ਪੈਕੇਟ ਖਿੱਚੇ ਹਨ। ਅਜਿਹੇ ਕੰਮ ਪੰਜਾਬ ’ਚ ਨਹੀਂ ਹੁੰਦੇ ਹਨ। ਗਰੀਬ ਤੋਂ ਗਰੀਬ ਘਰ ਭੁੱਖੇ ਨੂੰ 2 ਰੋਟੀਆਂ ਖੁਆ ਕੇ ਭੇਜੇਗਾ। ਕਿਸੇ ਦੇ ਹੱਥ ਦੀ ਰੋਟੀ ਖੋਹਣ ਦਾ ਕੰਮ ਇੱਥੇ ਨਹੀਂ ਹੁੰਦਾ। ਇਨ੍ਹਾਂ ਨੇ ਇਹ ਕੀਤਾ। ਇਨ੍ਹਾਂ ਨੂੰ ਡਰ ਸੀ ਕਿ ਜੇਕਰ ਮੋਦੀ ਜੀ ਆ ਗਏ ਤਾਂ ਲੋਕ ਇੱਕਠੇ ਹੋਣਗੇ ਤੇ ਮੈਸੇਜ ਬਹੁਤ ਵੱਡਾ ਜਾਵੇਗਾ। ਇਹ ਸਪਾਂਸਰਸ਼ਿਪ ਕੱਟਣ ਦਾ ਕੰਮ ਸੀ। ਇਨ੍ਹਾਂ ਇਸ ਲਈ ਇਹ ਸਭ ਕੀਤਾ। ਪ੍ਰਧਾਨ ਮੰਤਰੀ ਦੀ ਸਕਿਓਰਿਟੀ ਤੇ ਗੱਡੀਆਂ ਤੇ ਪਾਰਟੀ ਦੇ ਵਰਕਰਾਂ ਦੀਆਂ ਗੱਡੀਆਂ ਨੂੰ ਰੋਕਿਆ , ਜਿਸ ਨੂੰ ਇਹ ਕੋਤਾਹੀ ਕਹਿ ਰਹੇ ਹਨ, ਮੈਂ ਉਸ ਨੂੰ ਸਾਜ਼ਿਸ਼ ਕਹਿੰਦੀ ਹਾਂ।
ਕਾਂਗਰਸ ਕਹਿੰਦੀ ਹੈ ਕਿ ਪੰਜਾਬ ’ਚ ਨਸ਼ੇ ਨੂੰ ਉਤਸ਼ਾਹ ਦੇਣ ਲਈ ਭਾਜਪਾ ਅਤੇ ਅਕਾਲੀ ਦਲ ਗਠਜੋੜ ਜ਼ਿੰਮੇਵਾਰ ਹੈ। ਉਹ ਬਿਕਰਮ ਮਜੀਠੀਆ ਦਾ ਨਾਂ ਲੈਂਦੀ ਰਹਿੰਦੀ ਹੈ। ਤੁਸੀਂ ਕੀ ਕਹੋਗੇ?
ਅਸੀਂ ਲੋਕ ਡਰੱਗਸ ਦੇ ਖ਼ਿਲਾਫ਼ ਹਾਂ। ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਚੱਲ ਰਿਹਾ ਹੈ। ਮਾਮਲਾ ਪੈਂਡਿੰਗ ਵੀ ਹੈ। ਕਾਂਗਰਸ ਨੇ ਕੀ ਕੰਮ ਕੀਤਾ ਉਹ ਦੱਸ ਦਿਓ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਜੋ ਕੋਤਾਹੀ ਹੋਈ ਹੈ ਕੀ ਇਸ ’ਚ ਡਰੱਗ ਮਾਫ਼ੀਆ ਦਾ ਕੋਈ ਰੋਲ ਨਹੀਂ ਹੈ? ਚੰਨੀ ਜੀ ਦਾ ਖੇਦ ਪ੍ਰਗਟ ਕਰਨਾ ਕਾਫ਼ੀ ਨਹੀਂ ਹੈ, ਜਿਨ੍ਹਾਂ ਤਾਕਤਾਂ ਦੇ ਕਹਿਣ ’ਤੇ ਇਹ ਕੰਮ ਹੋਣ ਦਿੱਤਾ ਗਿਆ, ਉਸ ਦੀ ਜਵਾਬਦੇਹੀ ਤਾਂ ਹੋਣੀ ਚਾਹੀਦੀ ਹੈ। ਹੁਣ ਤੁਸੀ ਦੁੱਖ ਪ੍ਰਗਟ ਕਰ ਰਹੇ ਹੋ, ਜਦ ਸੁਪਰੀਮ ਕੋਰਟ ਦੀ ਜੱਜ ਮਾਮਲੇ ਦੀ ਜਾਂਚ ਕਰਨ ’ਚ ਲੱਗੀ ਹੈ।
ਭਾਜਪਾ ਲਈ ਸੀਟਾਂ ਦੀ ਕਿੰਨੀ ਉਮੀਦ ਹੈ?
ਸਰਕਾਰ ਭਾਜਪਾ ਦੀ ਬਣ ਰਹੀ ਹੈ। ਅਸੀਂ ਤੁਹਾਨੂੰ ਡੇਟਾ ਵੀ ਦੇ ਦੇਵਾਂਗੇ, ਜੋ ਅਲਾਇੰਸ ਹੈ, ਉਸ ’ਚ ਸਾਡਾ ਨੰਬਰ ਜੋ ਵੀ ਤੈਅ ਹੁੰਦਾ ਹੈ, ਅਸੀਂ ਤੁਹਾਨੂੰ ਠੀਕ ਨੰਬਰ ਵੀ ਦੱਸ ਦੇਵਾਂਗੇ। ਲੁਕ ਕੇ ਕੋਈ ਕੰਮ ਨਹੀਂ ਕੀਤਾ ਜਾਵੇਗਾ।
ਵਿਰੋਧੀ ਧਿਰ ਦੇ ਵੱਡੇ ਚਿਹਰੇ ਭਾਜਪਾ ਲਈ ਕਿੰਨੀ ਵੱਡੀ ਚੁਣੌਤੀ ਹਨ?
ਸਾਡੇ ਕੋਲ ਸਭ ਤੋਂ ਵੱਡਾ ਚਿਹਰਾ ਹੈ ਨਰਿੰਦਰ ਮੋਦੀ। ਉਨ੍ਹਾਂ ਤੋਂ ਵੱਡਾ ਕੋਈ ਚਿਹਰਾ ਨਹੀਂ ਹੈ। ਅਸੀਂ ਕੰਮ ਕਰ ਕੇ ਦਿੱਤੇ ਹਨ। ਹਰਿਆਣਾ ਤੇ ਪੰਜਾਬ ’ਚ ਜਿੰਨੇ ਕੰਮ ਹੋਏ ਹਨ, ਉਹ ਕੇਂਦਰ ਸਰਕਾਰ ਨੇ ਕੀਤੇ ਹਨ। ਪੰਜਾਬ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਸਮਾਰਟ ਸਿਟੀ ਲਈ ਜਲੰਧਰ, ਲੁਧਿਆਣਾ ਦਾ ਪੈਸਾ ਅਰਬਨ ਮਨਿਸਟਰੀ ਨੇ ਭੇਜਿਆ ਹੈ। ਸੜਕਾਂ ਬਣਾਉਣ ਦਾ ਕੰਮ ਸੇਮੀ ਗਵਰਨਮੈਂਟ ਨੇ ਕੀਤਾ ਹੈ। ਆਵਾਸ ਯੋਜਨਾ ਤਹਿਤ 22 ਹਜ਼ਾਰ ਤੋਂ ਜ਼ਿਆਦਾ ਘਰ ਬਣਾਏ ਗਏ। ਯੂ. ਪੀ. ’ਚ 22 ਲੱਖ ਬਣਾਏ ਗਏ ਪਰ ਇੱਥੇ ਇੰਪਲੀਮੇਂਟੇਸ਼ਨ ’ਚ ਗੜਬੜੀ ਸੀ, ਜੇਕਰ ਉਹ ਠੀਕ ਹੁੰਦੀ ਤਾਂ ਪੂਰੇ ਪੰਜਾਬ ’ਚ ਜਿੰਨੇ ਲੋਕਾਂ ਨੂੰ ਲੋੜ ਸੀ, ਉਨ੍ਹਾਂ ਦੇ ਘਰ ਬਣ ਜਾਂਦੇ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਕੌਂਸਲਰ ਦੀ ਕਾਰ ਹੇਠਾਂ ਆ ਕੇ 2 ਨੌਜਵਾਨਾਂ ਦੀ ਮੌਤ, ਦੇਖੋ ਭਿਆਨਕ ਮੰਜ਼ਰ ਦੀਆਂ ਤਸਵੀਰਾਂ
ਨਸ਼ੇ ਦੇ ਮੁੱਦੇ ’ਤੇ ਵੱਡੇ ਦੋਸ਼ ਤੁਹਾਡੀ ਪੁਰਾਣੀ ਸਰਕਾਰ, ਜੋ ਗਠਜੋੜ ’ਚ ਸੀ, ਉਦੋਂ ਵੀ ਲੱਗਦੇ ਸਨ। ਇਸ ਮੁੱਦੇ ’ਤੇ ਗਾਰੰਟੀਆਂ ਵੀ ਆ ਰਹੀਆਂ ਹਨ, ਦੂਜੇ ਪਾਸੇ ਤੋਂ ਕੀ ਲੱਗਦਾ ਹੈ ਕਿ ਇਹ ਮੁੱਦਾ ਕਦ ਸੁਲਝੇਗਾ?
ਅਸੀਂ ਸਮੱਸਿਆ ਸੁਲਝਾਉਣ ਵਾਲੇ ਲੋਕ ਹਾਂ। ਬੀ. ਐੱਸ. ਐੱਫ. ਦਾ ਏਰੀਆ ਵਧਾਉਣ ਦਾ ਜੋ ਕੰਮ ਕੀਤਾ ਗਿਆ ਹੈ, ਉਸ ਦੀ ਇਹੀ ਵਜ੍ਹਾ ਹੈ। ਸਰਕਾਰ ਆਏ, ਨਾ ਆਏ। ਅਸੀਂ ਬੀ. ਐੱਸ. ਐੱਫ. ਦੀ ਡਿਊਟੀ ਇਸ ਕਾਰਨ ਹੀ ਲਾਈ ਹੈ, ਕਿਉਂਕਿ ਇੱਥੇ ਪ੍ਰਸ਼ਾਸਨ ਦੀ ਮਿਲੀ-ਭੁਗਤ ਸਾਫ਼ ਦਿਸਦੀ ਹੈ। ਲੋਕ ਸਾਲਿਊਸ਼ਨ ਦੀ ਗਾਰੰਟੀ ਦੇ ਰਹੇ ਹਨ, ਅਸੀਂ ਕਰ ਕੇ ਵਿਖਾ ਰਹੇ ਹਾਂ। ਸਾਡੀ ਸਰਕਾਰ ਨਸ਼ੇ ਦੇ 100 ਫ਼ੀਸਦੀ ਖ਼ਿਲਾਫ਼ ਹੈ। ਡਰੱਗ ਦੀ ਸਮੱਗਲਿੰਗ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਖ਼ਰਾਬ ਕਰਦੀ ਹੈ। ਹੁਣ ਜੋ ਚੰਡੀਗੜ੍ਹ ਪੁਲਸ ਦੀ ਭਰਤੀ ਹੋਈ, ਉਸ ਦਾ ਰਿਜ਼ਲਟ ਅੱਖਾਂ ਖੋਲ੍ਹਣ ਵਾਲਾ ਹੈ। ਇਸ ਭਰਤੀ ’ਚ 80 ਤੋਂ 90 ਫ਼ੀਸਦੀ ਹਰਿਆਣਾ ਦੇ ਲੋਕ ਭਰਤੀ ਹੋਏ ਹਨ। ਸਿਰਫ 10 ਜਾਂ 20 ਫ਼ੀਸਦੀ ਪੰਜਾਬੀ ਇਸ ’ਚ ਸਿਲੈਕਟ ਹੋਏ ਹਨ। ਪੰਜਾਬੀ ਫਿਜ਼ੀਕਲ ’ਚ ਫੇਲ੍ਹ ਹੋਏ ਹਨ, ਜਿੱਥੇ ਅਸੀਂ ਸਭ ਤੋਂ ਅੱਗੇ ਹੋ ਕੇ ਪੁਲਸ ਤੇ ਆਰਮੀ ’ਚ ਜਾਂਦੇ ਸਾਂ। ਅਸੀ ਉਲੰਪਿਕ ਵਿਨਰਸ ਸਾਂ। ਸਾਡੇ ਮਿਲਖਾ ਸਿੰਘ ਵਰਗੇ ਖਿਡਾਰੀ ਸਨ। ਹੁਣ ਸਾਡੀ ਨਸਲ ਖ਼ਰਾਬ ਹੋ ਰਹੀ ਹੈ। ਉਸ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਹ ਗੱਲ ਮੈਨੂੰ ਇਕ ਮਾਂ ਤੇ ਇਕ ਪੰਜਾਬ ਦੇ ਨੌਜਵਾਨ ਨੇ ਕਹੀ। ਇਸ ’ਤੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਅਸੀਂ ਪਿੱਛੇ ਜਾ ਰਹੇ ਹਾਂ। ਕੋਈ ਤਾਂ ਕਾਰਨ ਹੋਵੇਗਾ ਨਾ। ਐਡਮਿਨੀਸਟ੍ਰੇਸ਼ਨ ਤੇ ਗੁੱਡ ਗਵਰਨੈਂਸ ਫੇਲੀਅਰ ਤਾਂ ਹੋਣੀ ਹੈ ਨਾ। ਮੇਰੀ ਨਜ਼ਰ ’ਚ 2 ਮੁੱਦੇ ਹਨ। ਪਹਿਲਾ ਮੁੱਦਾ ਹੈ ਕਿ ਇਹ ਬਾਰਡਰ ਸਟੇਟ ਹੈ। ਬਾਰਡਰ ਸਟੇਟ ਦੀ ਆਊਟਲੁੱਕ ਤੇ ਉੱਥੇ ਦੇ ਲੋਕਾਂ ਦੀ ਆਊਟਲੁੱਕ ’ਚ ਵੀ ਫਰਕ ਹੋਣਾ ਚਾਹੀਦੈ। ਸੇਫਟੀ, ਸਕਿਓਰਿਟੀ ਤੇ ਨੈਸ਼ਨਲ ਸਕਿਓਰਿਟੀ ਪਹਿਲਾ ਮੁੱਦਾ ਹੈ। ਦੂਜਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ ਡਰੱਗਸ ਦਾ। ਡਰੱਗ ਮਨੀ ਪਾਲੀਟਿਕਸ ਤੋਂ ਲੈ ਕੇ ਇੰਡਸਟਰੀ ਤੇ ਸਾਡੀ ਅਗਲੀ ਨਸਲ ਨੂੰ ਖ਼ਰਾਬ ਕਰ ਰਹੀ ਹੈ। ਉਸ ਨੂੰ ਸੁਧਾਰਨ ਦਾ ਕੰਮ ਵੀ ਸੈਂਟਰਲ ਗਵਰਨਮੈਂਟ ’ਚ ਬੈਠੀਆਂ ਤਾਕਤਾਂ ਕਰ ਸਕਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰੰਧਾਵਾ ਦਾ 'ਆਪ' 'ਤੇ ਸ਼ਬਦੀ ਹਮਲਾ, ਕਿਹਾ-ਕੇਜਰੀਵਾਲ ਚੋਣਾਂ ਉਪਰੰਤ ਪੰਜਾਬ ’ਚ ਦੋਬਾਰਾ ਨਜ਼ਰ ਨਹੀਂ ਆਉਣਗੇ
NEXT STORY