ਰੂਪਨਗਰ, (ਕੈਲਾਸ਼)- ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਚੁੱਕੇ ਮਾਨਸਿਕ ਰੋਗੀ ਨੇ ਅੱਜ ਫਿਰ ਫੂਲ ਚੱਕਰ ਬਾਜ਼ਾਰ ਅਤੇ ਮੇਨ ਬਾਜ਼ਾਰ ਦੀਆਂ ਦੁਕਾਨਾਂ 'ਤੇ ਭੰਨ-ਤੋੜ ਅਤੇ ਹੁੜਦੰਗ ਮਚਾ ਕੇ ਦਹਿਸ਼ਤ ਪੈਦਾ ਕਰ ਦਿੱਤੀ।
ਜਾਣਕਾਰੀ ਅਨੁਸਾਰ ਇਕ ਨੌਜਵਾਨ, ਜਿਸ ਨੂੰ ਮਾਨਸਿਕ ਤੌਰ 'ਤੇ ਬੀਮਾਰ ਦੱਸਿਆ ਜਾ ਰਿਹਾ ਹੈ, ਪਹਿਲਾਂ ਵੀ ਸ਼ਹਿਰ 'ਚ ਭਾਰੀ ਪ੍ਰੇਸ਼ਾਨੀ ਪੈਦਾ ਕਰ ਚੁੱਕਾ ਹੈ, ਜਿਸ ਨੂੰ ਲੈ ਕੇ ਭੜਕੇ ਦੁਕਾਨਦਾਰਾਂ ਨੇ ਉਸ ਨੂੰ 16 ਜਨਵਰੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਪੁਲਸ ਨੂੰ ਉਸ ਦੇ ਮਾਪਿਆਂ ਵੱਲੋਂ ਉਸ ਦਾ ਇਲਾਜ ਕਰਵਾਉਣ ਦਾ ਭਰੋਸਾ ਦੇਣ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਪਰ ਇਸ ਦੇ ਨਾਲ ਹਦਾਇਤ ਵੀ ਦਿੱਤੀ ਸੀ ਕਿ ਮਾਨਸਿਕ ਰੋਗੀ ਦਾ ਜਦੋਂ ਤੱਕ ਇਲਾਜ ਸ਼ੁਰੂ ਨਹੀਂ ਹੋ ਜਾਂਦਾ, ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ। ਜਦੋਂਕਿ ਅਗਲੇ ਦਿਨ ਉਕਤ ਨੌਜਵਾਨ ਨੂੰ ਦੁਬਾਰਾ ਬਾਜ਼ਾਰ 'ਚ ਘੁੰਮਦੇ ਦੇਖਿਆ ਗਿਆ, ਜਿਸ ਕਾਰਨ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ।
ਦੁਕਾਨਦਾਰ ਅਤੇ ਸਮਾਜ ਸੇਵੀ ਗੁਰਵਿੰਦਰ ਸਿੰਘ ਜੱਗੀ ਅਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਦੁਬਾਰਾ ਤੀਸਰੀ ਵਾਰ ਉਕਤ ਮਾਨਸਿਕ ਰੋਗੀ ਨੇ ਫੂਲ ਚੱਕਰ ਬਾਜ਼ਾਰ 'ਚ ਸਥਿਤ ਇਕ ਦਵਾਈ ਦੀ ਦੁਕਾਨ 'ਤੇ ਜਿਸ ਦੀ ਪ੍ਰਬੰਧਕ ਇਕ ਮਹਿਲਾ ਹੈ, ਨੂੰ ਅੱਗ ਲਾਉਣ ਦੀ ਧਮਕੀ ਦੇ ਦਿੱਤੀ ਅਤੇ ਉਸ ਨਾਲ ਕਥਿਤ ਭੱਦਾ ਵਿਵਹਾਰ ਕੀਤਾ। ਇਸ ਤੋਂ ਇਲਾਵਾ ਸੰਦੀਪ ਰੈਡੀਮੇਡ ਦੀ ਦੁਕਾਨ 'ਤੇ ਉਕਤ ਮਾਨਸਿਕ ਰੋਗੀ ਨੇ ਹੁੜਦੰਗ ਮਚਾਇਆ। ਜਦੋਂਕਿ ਨਿਊ ਸ਼ਾਂਤੀ ਦੀ ਹੱਟੀ ਤੋਂ ਉਸ ਨੇ ਬੈਗ ਚੁੱਕ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੁਕਾਨਦਾਰਾਂ ਨੇ ਉਕਤ ਨੌਜਵਾਨ ਨੂੰ ਪਹਿਲਾਂ ਕਾਬੂ ਕੀਤਾ ਅਤੇ ਉਸ ਦੇ ਬਾਅਦ ਪੁਲਸ ਹਵਾਲੇ ਕਰ ਦਿੱਤਾ।
ਕੀ ਕਹਿਣੈ ਥਾਣਾ ਮੁਖੀ ਦਾ
ਇਸ ਸਬੰਧੀ ਥਾਣਾ ਮੁਖੀ ਮਹੇਸ਼ ਸੈਣੀ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਪੁਲਸ ਨੇ ਆਪਣੀ ਹਿਰਾਸਤ 'ਚ ਲੈ ਲਿਆ ਹੈ ਅਤੇ ਉਕਤ ਮਾਮਲੇ ਨੂੰ ਐੱਸ.ਡੀ.ਐੱਮ. ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤਾਂ ਕਿ ਸਬੰਧਤ ਨੌਜਵਾਨ ਦੇ ਬਾਰੇ ਸਥਾਈ ਹੱਲ ਹੋ ਸਕੇ।
ਨਾਜਾਇਜ਼ ਮਾਈਨਿੰਗ ਕਰਦੀ ਜੇ. ਸੀ. ਬੀ. ਜ਼ਬਤ
NEXT STORY