ਚੰਡੀਗੜ੍ਹ/ਮੋਹਾਲੀ,(ਭੁੱਲਰ/ਨਿਆਮੀਆਂ): ਪੰਜਾਬ ਦੇ ਖੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਵਲੋਂ ਇਕ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਪੰਜਾਬ ਵਿਚ ਦੁੱਧ ਦੀ ਫੈਟ ਤੋਂ ਬਿਨਾਂ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਬਣਾਏ ਘਿਓ ਤੇ ਨਾਲ ਹੀ ਵਨਸਪਤੀ, ਜਿਸ ਵਿਚ ਘਿਓ ਜਾਂ ਹੋਰ ਪਦਾਰਥਾਂ ਦੀ ਮਿਲਾਵਟ ਹੋਵੇ, ਦੇ ਉਤਪਾਦਨ, ਵਿਕਰੀ ਤੇ ਵੰਡ 'ਤੇ ਰੋਕ ਲਾਈ ਜਾਵੇਗੀ।
ਖੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ 2011 (ਵਿਕਰੀ 'ਤੇ ਪਾਬੰਦੀ ਤੇ ਰੋਕ) ਦੇ ਨਿਯਮ 2.1.1 (3) ਅਤੇ 2.1.1 (6) ਮੁਤਾਬਕ ਅਜਿਹੇ ਪਦਾਰਥਾਂ ਦੀ ਵਿਕਰੀ ਲਈ ਮਨਾਹੀ ਕਰਨ ਦੀ ਤਜਵੀਜ਼ ਕੀਤੀ ਗਈ ਹੈ। ਪੰਜਾਬ 'ਚ ਵੱਖ-ਵੱਖ ਬ੍ਰਾਂਡਾਂ ਦੇ ਨਾਂ ਨਾਲ ਘਿਓ, ਦੁੱਧ ਦੀ ਫੈਟ ਅਤੇ ਵਨਸਪਤੀ/ਹਾਈਡਰੋਜਿਨੇਟਿਡ ਵਨਸਪਤੀ ਤੇਲ ਵਿਚ ਹੋਰ ਪਦਾਰਥ ਮਿਲਾ ਕੇ ਨਕਲੀ ਖੁਰਾਕ ਪਦਾਰਥ ਵੇਚੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਲਈ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਧਾਰਾ 30 (2) (ਏ) ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ, ਘਿਓ, ਦੁੱਧ ਦੀ ਫੈਟ ਅਤੇ ਵਨਸਪਤੀ/ਹਾਈਡਰੋਜਿਨੇਟਿਡ ਵਨਸਪਤੀ ਤੇਲ ਵਿਚ ਹੋਰ ਪਦਾਰਥ ਮਿਲਾਉਣ 'ਤੇ ਪੰਜਾਬ ਵਿਚ ਉਤਪਾਦਨ/ਵਿਕਰੀ/ਵੰਡ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਤਜਵੀਜ਼ ਹੈ ਤੇ ਇਸ ਵਿਚ ਕਿਸੇ ਵੀ ਹੋਰ ਪਦਾਰਥ ਨੂੰ ਮਿਲਾਉਣਾ ਨਿਯਮ 2.1.1 ਦੇ ਵਿਰੁੱਧ ਹੈ। ਇਸ ਸਬੰਧੀ ਮਨਾਹੀ ਦੇ ਨਿਰਦੇਸ਼ਾਂ ਨੂੰ ਪਾਸ ਕਰਨ ਤੋਂ ਪਹਿਲਾਂ, ਆਮ ਲੋਕਾਂ ਅਤੇ ਇਸ ਤਰ੍ਹਾਂ ਦੇ ਉਤਪਾਦਨ/ਵਿਕਰੀ/ਵੰਡ ਕਰਨ ਵਾਲੇ ਸਬੰਧਤ ਵਿਅਕਤੀਆਂ ਨੂੰ 15 ਦਿਨਾਂ ਦੀ ਮਿਆਦ ਦੇ ਅੰਦਰ ਉਕਤ ਪ੍ਰਸਤਾਵ 'ਤੇ ਇਤਰਾਜ਼ ਦਰਜ ਕਰਵਾਉਣ ਲਈ ਨੋਟਿਸ ਦਿੱਤਾ ਗਿਆ ਹੈ। ਸੂਬੇ ਦੇ ਸਾਰੇ ਫੂਡ ਸੇਫਟੀ ਅਧਿਕਾਰੀਆਂ ਨੂੰ ਫੂਡ ਬਿਜ਼ਨੈੱਸ ਆਪਰੇਟਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦਿੱਲੀ ਗੁਰਦੁਆਰਾ ਕਮੇਟੀ ਵਲੋਂ ‘ਸਿੱਖ ਕਲਟ’ ਦੇ ਅਧਿਐਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
NEXT STORY