ਬਨੂੜ (ਗੁਰਪਾਲ) - ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਰਾਜਗੜ੍ਹ ਨੇੜੇ ਲੰਘਦੇ ਘੱਗਰ ਦਰਿਆ ਦੇ ਕਿਨਾਰੇ ਪਿਛਲੇ ਕਈ ਸਾਲਾਂ ਤੋਂ ਮਾਈਨਿੰਗ ਮਾਫੀਆ ਲਈ ਸੋਨੇ ਦੀ ਖਾਨ ਬਣੇ ਹੋਏ ਹਨ। ਇਸ ਖੇਤਰ ਵਿਚ ਮਾਈਨਿੰਗ ਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਮੇਂ-ਸਮੇਂ ਦੀਆਂ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਦਰਿਆ ਦੇ ਆਲੇ-ਦੁਆਲੇ ਦਰਜਨਾਂ ਏਕੜ ਜ਼ਮੀਨ ਵਿਚ 15 ਤੋਂ 20 ਫੁੱਟ ਡੂੰਘਾਈ ਤੱਕ ਨਾਜਾਇਜ਼ ਮਾਈਨਿੰਗ ਹੋਈ ਹੈ। ਇਸ ਕਾਰਨ ਦੋਵੇਂ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਹੈ।
ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜੱਦੀ ਜ਼ਿਲੇ ਪਟਿਆਲਾ ਅਧੀਨ ਆਉਂਦੇ ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਰਾਜਗੜ੍ਹ ਵਿਖੇ ਦੌਰਾ ਕਰਨ ਮਗਰੋਂ ਇਕੱਤਰ ਹੋਈ ਜਾਣਕਾਰੀ ਅਨੁਸਾਰ ਇਸ ਖੇਤਰ ਵਿਚ ਮਿੱਟੀ ਅਤੇ ਰੇਤੇ ਦੀ ਕੋਈ ਵੀ ਖੱਡ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਨਹੀਂ ਹੈ। ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਇਥੇ ਜ਼ਿਆਦਾਤਰ ਨਾਜਾਇਜ਼ ਮਾਈਨਿੰਗ ਟਰੈਕਟਰ-ਟਰਾਲੀਆਂ ਰਾਹੀਂ ਹੁੰਦੀ ਸੀ। ਸਰਕਾਰ ਬਦਲਣ ਕਾਰਨ ਟਰੈਕਟਰਾਂ ਦੀ ਥਾਂ ਟਿੱਪਰਾਂ ਨੇ ਲੈ ਲਈ। ਅਕਾਲੀ-ਭਾਜਪਾ ਸਰਕਾਰ ਵੇਲੇ ਟਰੈਕਟਰ-ਟਰਾਲੀ ਤੋਂ, ਹੁਣ ਟਿੱਪਰਾਂ ਤੋਂ ਗੁੰਡਾ-ਪਰਚੀ ਰਾਹੀਂ ਮਹੀਨਾ ਵਸੂਲੀ ਹੁੰਦੀ ਹੈ। ਜਾਣਕਾਰੀ ਅਨੁਸਾਰ ਪਹਿਲਾਂ 200 ਰੁਪਏ ਤੇ ਹੁਣ ਟਿੱਪਰਾਂ ਤੋਂ 400 ਤੋਂ 500 ਰੁਪਏ ਪ੍ਰਤੀ ਚੱਕਰ ਪਰਚੀ ਵਸੂਲੀ ਜਾ ਰਹੀ ਹੈ। ਬੀਤੇ ਐਤਵਾਰ ਤੋਂ ਸਬੰਧਤ ਖੇਤਰ ਦੇ ਮਾਈਨਿੰਗ ਵਿਭਾਗ ਦੇ ਜੀ. ਐੱਮ. ਟਹਿਲ ਸਿੰਘ ਸੇਖੋਂ 'ਤੇ ਮਾਈਨਿੰਗ ਮਾਫੀਆ ਵੱਲੋਂ ਕੀਤੇ ਗਏ ਹਮਲੇ ਮਗਰੋਂ ਇਸ ਖੇਤਰ ਵਿਚ ਚੁੱਪ ਪਸਰੀ ਹੋਈ ਹੈ। ਇਸ ਖੇਤਰ ਵਿਚ ਦਰਜਨਾਂ ਏਕੜ ਜ਼ਮੀਨ ਦਰਿਆ ਦੇ ਕਿਨਾਰਿਆਂ ਤੋਂ 15 ਤੋਂ 20 ਫੁੱਟ ਤੱਕ ਪੁੱਟੀ ਗਈ ਪੋਕਲੇਨ ਤੇ ਜੇ. ਸੀ. ਬੀ. ਮਸ਼ੀਨਾਂ ਸਾਰੀ ਹਾਲਤ ਆਪੇ ਹੀ ਬਿਆਨ ਕਰ ਰਹੀਆਂ ਹਨ। ਜੀ. ਐੱਮ. ਨਾਲ ਵਾਪਰੇ ਗੋਲੀਕਾਂਡ ਉਪਰੰਤ ਬੰਦ ਹੋਈ ਮਾਈਨਿੰਗ ਕਾਰਨ ਪਿੰਡ ਰਾਜਗੜ੍ਹ ਅਤੇ ਇਸ ਦੇ ਨੇੜੇ ਸਥਿਤ ਪੈਟਰੋਲ ਪੰਪ 'ਤੇ ਟਿੱਪਰ ਤੇ ਜੇ. ਸੀ. ਬੀ. ਮਸ਼ੀਨਾਂ ਬੰਦ ਖੜ੍ਹੀਆਂ ਹਨ। ਮਾਈਨਿੰਗ ਮਾਫੀਆ ਵਿਚ ਸ਼ਾਮਲ ਲੋਕ ਆਪਣੇ ਆਕਾਵਾਂ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ। ਇਲਾਕੇ ਦੇ ਲੋਕ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ। ਪੱਤਰਕਾਰਾਂ ਦੀ ਟੀਮ ਨੂੰ ਇਕ ਵਿਅਕਤੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਘਨੌਰ ਦੇ ਕਾਂਗਰਸੀ ਵਿਧਾਇਕ ਦੇ ਭਰਾ ਵੀ ਸਬੰਧਤ ਕਾਰੋਬਾਰੀਆਂ ਦੀ ਮਦਦ ਕਰਨ ਦੀ ਗੱਲ ਕਹਿ ਰਹੇ ਸਨ।
ਮੇਰਾ ਤੇ ਮੇਰੇ ਪਰਿਵਾਰ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ : ਵਿਧਾਇਕ- ਪਿੰਡ ਰਾਜਗੜ੍ਹ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਬਾਰੇ ਜਦੋਂ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤੇ ਉਸ ਦੇ ਪਰਿਵਾਰ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਰਾਜਗੜ੍ਹ 'ਚ ਹੋਈ ਸਾਰੀ ਮਾਈਨਿੰਗ ਗੈਰ-ਕਾਨੂੰਨੀ : ਜੀ. ਐੱਮ. ਮਾਈਨਿੰਗ : ਪਿੰਡ ਰਾਜਗੜ੍ਹ ਵਿਚ ਘੱਗਰ ਦਰਿਆ ਦੇ ਕਿਨਾਰਿਆਂ ਤੋਂ ਹੋਈ ਨਾਜਾਇਜ਼ ਮਾਈਨਿੰਗ ਬਾਰੇ ਜਦੋਂ ਮਾਈਨਿੰਗ ਵਿਭਾਗ ਦੇ ਪਟਿਆਲਾ ਸਥਿਤ ਜਨਰਲ ਮੈਨੇਜਰ ਟਹਿਲ ਸਿੰਘ ਸੇਖੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਥੇ ਕੋਈ ਵੀ ਮਨਜ਼ੂਰਸ਼ੁਦਾ ਖੱਡ ਨਹੀਂ ਹੈ। ਇਸ ਕਾਰਨ ਇਸ ਖੇਤਰ ਵਿਚ ਹੋਈ ਸਾਰੀ ਮਾਈਨਿੰਗ ਗੈਰ-ਕਾਨੂੰਨੀ ਹੈ।
ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਬਿਨਾਂ ਮਿਲੇ ਚਲੀ ਗਈ ਸਿੱਖਿਆ ਮੰਤਰੀ
NEXT STORY