ਫਾਜ਼ਿਲਕਾ (ਕੇ. ਸਿੰਘ) : ਫਾਜ਼ਿਲਕਾ ਦੇ ਇਕ ਪਿੰਡ ’ਚ ਇਕ 17 ਸਾਲਾ ਨਾਬਾਲਗ ਕੁੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁੱਝ ਨੌਜਵਾਨਾਂ ’ਤੇ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਕੇ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ। ਪੀੜਤ ਕੁੜੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਹੋਰ ਵੀ ਕਈ ਦੋਸ਼ ਲਾਏ ਹਨ। ਸਿਵਲ ਹਸਪਤਾਲ ਫਾਜ਼ਿਲਕਾ ’ਚ ਜ਼ੇਰੇ ਇਲਾਜ ਪੀੜਤ ਕੁੜੀ ਨੇ ਦੱਸਿਆ ਕਿ ਉਸ ਦਾ ਪਿਤਾ ਉਨ੍ਹਾਂ ਦੇ ਘਰ ਤੋਂ ਦੂਰ ਰਾਜਸਥਾਨ ’ਚ ਮਜ਼ਦੂਰੀ ਦਾ ਕੰਮ ਕਰਦਾ ਹੈ। ਇਸ ਕਾਰਨ ਉਹ ਘਰ ’ਚ ਇਕੱਲੀ ਰਹਿੰਦੀ ਹੈ। ਉਹ ਆਪਣੇ ਪਿੰਡ ਦੇ ਸਕੂਲ ’ਚ ਪੜ੍ਹਦੀ ਹੈ।
ਕੁੱਝ ਸਮਾਂ ਪਹਿਲਾਂ ਉਸ ਦੇ ਪਿੰਡ ਦਾ ਇਕ ਨੌਜਵਾਨ ਅਤੇ ਉਸ ਦੇ ਕੁੱਝ ਦੋਸਤ ਸਕੂਲ ਜਾਂਦੇ ਸਮੇਂ ਅਕਸਰ ਉਸ ਨਾਲ ਛੇੜਛਾੜ ਕਰਦੇ ਸਨ। ਬੀਤੀ ਸ਼ਾਮ ਉਸ ਨੂੰ ਘਰ ’ਚ ਇਕੱਲੀ ਦੇਖ ਕੇ ਉਹ ਮੁੰਡਾ ਅਤੇ ਉਸ ਦੇ ਨਾਲ ਕੁੱਝ ਨੌਜਵਾਨ ਉਸ ਦੇ ਘਰ ’ਚ ਦਾਖ਼ਲ ਹੋ ਗਏ। ਉਸ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਦੋਂ ਉਸ ਦੇ ਚਾਚਾ ਅਤੇ ਚਾਚੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਉਕਤ ਨੌਜਵਾਨਾਂ ਤੋਂ ਛੁਡਵਾਇਆ। ਪੀੜਤ ਕੁੜੀ ਨੇ ਦੱਸਿਆ ਕਿ ਇਸ ਦੌਰਾਨ ਉਹ ਬੇਹੋਸ਼ ਹੋ ਗਈ ਸੀ ਅਤੇ ਬੇਹੋਸ਼ੀ ਦੀ ਹਾਲਤ ’ਚ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੀੜਤ ਕੁੜੀ ਦੇ ਪਿਤਾ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਧੀ ਨੇ ਉਸ ਨੂੰ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨਾਂ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੋਂ ਬਾਅਦ ਉਹ ਰਾਜਸਥਾਨ ਤੋਂ ਵਾਪਸ ਆ ਕੇ ਹਸਪਤਾਲ ਪਹੁੰਚਿਆ। ਪੀੜਤ ਕੁੜੀ ਅਤੇ ਉਸਦੇ ਪਿਤਾ ਨੇ ਪੁਲਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਸੂਚਨਾ ਮਿਲਣ ਤੋਂ ਬਾਅਦ ਸਬੰਧਿਤ ਪੁਲਸ ਅਧਿਕਾਰੀ ਸਿਵਲ ਹਸਪਤਾਲ ਫਾਜ਼ਿਲਕਾ ਪੁੱਜੇ। ਜਿੱਥੇ ਪੀੜਤ ਕੁੜੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਿਸਤੌਲ, 2 ਜ਼ਿੰਦਾ ਰੌਂਦ ਤੇ ਵਰਨਾ ਕਾਰ ਸਮੇਤ 2 ਕਾਬੂ
NEXT STORY