ਜਲੰਧਰ (ਪੁਨੀਤ)—ਮਹਿਲਾ ਦਿਵਸ ਮਨਾਉਂਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਦੇਸ਼ ਭਗਤ ਯਾਦਗਾਰ ਹਾਲ ਵਿਚ ਔਰਤਾਂ ਦੇ ਹਿੱਤਾਂ ਦੀ ਰੱਖਿਆ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ ਗਿਆ। ਇਸ ਕਨਵੈਨਸ਼ਨ ਵਿਚ ਜਬਰ-ਜ਼ਨਾਹ ਕੇਸ ਦੇ ਮੁਲਜ਼ਮ ਬਿਸ਼ਪ ਫਰੈਂਕੋ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਰੱਖੀ ਗਈ ਅਤੇ ਔਰਤਾਂ ਨੂੰ ਹਰ ਖੇਤਰ ਵਿਚ ਮਰਦਾਂ ਵਾਂਗ ਦਰਜਾ ਦੇਣਾ ਸਮੇਂ ਦੀ ਲੋੜ ਦੱਸਿਆ ਗਿਆ।
ਇਸ ਮੌਕੇ ਡਾ. ਰਘਬੀਰ ਕੌਰ, ਸੁਨੀਤਾ ਫਿਲੌਰੀ, ਜਸਬੀਰ ਕੌਰ ਤਰਨਤਾਰਨ ਦੀ ਅਗਵਾਈ ਵਿਚ ਭਾਰਤੀ ਸਮਾਜ ਵਿਚ ਔਰਤਾਂ ਨਾਲ ਹੋ ਰਹੇ ਗਲਤ ਵਤੀਰੇ ਤੇ ਬੇਇਨਸਾਫੀ ਦੇ ਵਿਰੋਧ ਤੋਂ ਇਲਾਵਾ ਔਰਤਾਂ 'ਤੇ ਵਧ ਰਹੇ ਜ਼ੁਲਮਾਂ ਖਿਲਾਫ ਜ਼ੋਰਦਾਰ ਸੰਘਰਸ਼ ਦੀ ਆਵਾਜ਼ ਬੁਲੰਦ ਕੀਤੀ ਗਈ। ਦੇਸ਼ ਭਗਤ ਯਾਦਗਾਰ ਹਾਲ ਵਿਚ ਹਾਜ਼ਰ ਇਕੱਠ ਨੂੰ ਸਭਾ ਦੀ ਆਰ. ਐੱਮ. ਪੀ. ਆਈ. ਦੇ ਜਨਰਲ ਸੈਕਰੇਟਰੀ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਕਾਮਰੇਡ ਹਰਕੰਵਲ ਸਿੰਘ ਨੇ ਵੀ ਸੰਬੋਧਨ ਕੀਤਾ। ਕੇਰਲਾ ਵਿਚ ਈਸਾਈ ਨੰਨ ਦੇ ਆਤਮ ਸਨਮਾਨ ਦੀ ਰੱਖਿਆ ਲਈ ਸੰਘਰਸ਼ ਕਰ ਰਹੀ ਜਥੇਬੰਦੀ, ਐੱਸ. ਓ. ਐੱਸ. ਐਕਸ਼ਨ ਕਾਊਂਸਲ ਤੋਂ ਪ੍ਰੋ. ਕੁਸੁਮ ਜੋਸਫ, ਐਡਵੋਕੋਟ ਅਨਿਲਾ ਜਾਰਜ ਅਤੇ ਲੈਲਾ ਰਸੀਦ ਨੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਜਬਰ-ਜ਼ਨਾਹ ਕੇਸ ਦੇ ਮੁਲਜ਼ਮ ਬਿਸ਼ਪ ਫਰੈਂਕੋ ਮੁਲੱਕਲ ਦੇ ਖਿਲਾਫ ਗਵਾਹੀ ਦੇਣ ਵਾਲੀ ਨੰਨ ਨੂੰ ਡਰਾਉਣ-ਧਮਕਾਉਣ ਅਤੇ ਆਪਣੇ ਸੰਗੀਨ ਜੁਰਮ ਨਾਲ ਸਬੰਧਤ ਸਬੂਤਾਂ ਨੂੰ ਖੁਰਦ-ਬੁਰਦ ਕਰਨ ਲਈ ਚੁੱਕੇ ਕਦਮਾਂ ਨੂੰ ਵਿਸਥਾਰ ਨਾਲ ਬੇਪਰਦ ਕੀਤਾ। ਇਸ ਦੌਰਾਨ ਇਕ ਮਤਾ ਵੀ ਪਾਸ ਕੀਤਾ ਗਿਆ ਤੇ ਮੰਗ ਰੱਖੀ ਗਈ ਕਿ ਬਿਸ਼ਪ ਦੀ ਜ਼ਮਾਨਤ ਰੱਦ ਕਰ ਕੇ ਤੁਰੰਤ ਸਖਤ ਸਜ਼ਾ ਦਿੱਤੀ ਜਾਵੇ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਦੇਸ਼ ਵਿਚ ਔਰਤਾਂ ਨਾਲ ਲੰਮੇ ਸਮੇਂ ਤੋਂ ਹੋ ਰਹੀ ਬੇਇਨਸਾਫੀ ਖਿਲਾਫ ਸਾਰੇ ਸੰਗਠਨਾਂ ਨੂੰ ਇਕਮੁੱਠ ਹੋ ਕੇ ਸੰਘਰਸ਼ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਔਰਤਾਂ 'ਤੇ ਜ਼ੁਲਮਾਂ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਲਈ ਹਰ ਖੇਤਰ ਵਿਚ ਮਰਦਾਂ ਦੇ ਬਰਾਬਰ ਅਧਿਕਾਰਾਂ ਅਤੇ ਉਨ੍ਹਾਂ ਦੇ ਮਾਣ-ਸਨਮਾਨ ਦੀ ਰੱਖਿਆ ਦੀ ਪੂਰੀ ਗਾਰੰਟੀ ਦਿੱਤੀ ਜਾਵੇ। ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸੈਕਰੇਟਰੀ ਨੀਲਮ ਘੁੰਮਣ ਨੇ ਇਕੱਠ ਨੂੰ ਸੰਬੋਧਨ ਕੀਤਾ।
ਕਨਵੈਨਸ਼ਨ ਦੇ ਅੰਤ ਵਿਚ ਵਿਸ਼ਾਲ ਇਕੱਠ ਨੇ ਦੇਸ਼ ਭਗਤ ਯਾਦਗਾਰ ਹਾਲ ਤੋਂ ਕੰਪਨੀ ਬਾਗ ਚੌਕ, ਸ਼ਾਸਤਰੀ ਮਾਰਕੀਟ ਚੌਕ ਤੋਂ ਹੁੰਦੇ ਹੋਏ ਬੀ. ਐੱਮ. ਸੀ. ਚੌਕ ਤਕ ਪੈਦਲ ਰੈਲੀ ਕੱਢ ਕੇ ਪ੍ਰਦਰਸ਼ਨ ਵੀ ਕੀਤਾ।
ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਨ ਲਈ ਦੁਬਈ ਗਏ ਨੌਜਵਾਨ ਦੀ ਪਰਤੀ ਲਾਸ਼
NEXT STORY