ਮੋਗਾ (ਚਟਾਨੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦੀ ਅੱਜ ਸ਼ੁਰੂ ਹੋਈ ਪ੍ਰੀਖਿਆ ਦੌਰਾਨ ਤਹਿਸੀਲ ਬਾਘਾਪੁਰਾਣਾ ਦੇ ਕੁੱਲ 14 ਕੇਂਦਰਾਂ ’ਚ 2666 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਥੇ ਸਥਾਨਕ ਕਸਬੇ ਦੇ ਤਿੰਨ ਸਕੂਲਾਂ ’ਚ ਬਣੇ ਕੁੱਲ ਕੰਟਰੋਲਰਾਂ ਪ੍ਰਿੰਸੀਪਲ ਜਗਰੂਪ ਸਿੰਘ, ਪ੍ਰਿੰਸੀਪਲ ਗੁਰਦੇਵ ਸਿੰਘ ਅਤੇ ਲੈਕਚਰਾਰ ਬਲਜਿੰਦਰ ਸਿੰਘ ਹੁਰਾਂ ਨੇ ਦੱਸਿਆ ਕਿ ਵਿਭਾਗ ਦੇ ਨਕਲ ਰਹਿਤ ਪ੍ਰੀਖਿਆ ਕਰਵਾਉਣ ਦੇ ਹੁਕਮਾਂ ਤਹਿਤ ਪਾਰਦਰਸ਼ੀ ਢੰਗ ਨਾਲ ਪਹਿਲੇ ਦਿਨ ਦੀ ਪ੍ਰੀਖਿਆ ਮੁਕੰਮਲ ਕਰਵਾਈ ਗਈ। ਪੰਜਾਬ ਕੋ-ਐਜੂਕੇਸ਼ਨ ਸਕੂੁਲ ’ਚ 288, ਸਰਕਾਰੀ ਸਕੂਲ ਲਡ਼ਕੇ ’ਚ 427, ਸਰਕਾਰੀ ਸਕੂਲ ਲਡ਼ਕੀਆਂ ਦੇ ਕੇਂਦਰ ਨੰਬਰ ਇਕ ’ਚ 438 ਜਦਕਿ ਕੇਂਦਰ ਨੰਬਰ ਦੋ ’ਚ 127 ਪ੍ਰੀਖਿਆਰਥੀ (ਓਪਨ ਸਕੂਲ) ਬੈਠੇ। ਇਸ ਤੋਂ ਇਲਾਵਾ ਤਹਿਸੀਲ ਬਾਘਾਪੁਰਾਣਾ ਦੇ ਸਰਕਾਰੀ ਸਕੂਲ ਸੁਖਾਨੰਦ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਸਕੂਲ ਸੁਖਾਨੰਦ, ਸੇਖਾ ਕਲਾਂ, ਘੋਲੀਆਂ ਕਲਾਂ, ਨੱਥੂਵਾਲਾ, ਭਲੂਰ, ਮਹਿਤਾਬਗਡ਼੍ਹ ਅਤੇ ਚੰਦਨਵਾਂ ਦੇ ਸਕੂਲਾਂ ’ਚ ਬਣਾਏ ਕੇਂਦਰਾਂ ’ਚ ਅੱਜ ਪਹਿਲੇ ਦਿਨ ਦੀ ਪ੍ਰੀਖਿਆ ਸਖਤ ਨਿਗਰਾਨੀ ਹੇਠ ਲਈ ਗਈ। ਨਕਲ ਦੇ ਰੁਝਾਨ ਨੂੰ ਰੋਕਣ ਲਈ ਵੱਖ-ਵੱਖ ਸਕੂਲਾਂ ਦੇ ਪ੍ਰੀਖਿਆਰਥੀਆਂ ਨੂੰ ਇਕ ਦੂਜੇ ਸਕੂਲ ’ਚ ਪ੍ਰੀਖਿਆ ਵਾਸਤੇ ਬਿਠਾਇਆ ਗਿਆ ਤਾਂ ਜੋ ਸਬੰਧਤ ਸਕੂਲ ਦਾ ਸਟਾਫ ਆਪਣੇ ਹੀ ਸਕੂਲ ਦੇ ਬੱਚਿਆਂ ਲਈ ਨਰਮ ਰਵੱਈਆਂ ਅਖਤਿਆਰ ਕਰ ਕੇ ਪਿਛਲੇ ਦਰਵਾਜਿਓਂ ਮੱਦਦ ਨਾ ਕਰ ਸਕੇ। ਡੀ. ਈ. ਓ. ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਬੋਰਡ ਦੀਆਂ ਕਲਾਸਾਂ ਦੀ ਪ੍ਰੀਖਿਆ ਦੌਰਾਨ ਉਹ ਕਿਸੇ ਵੀ ਕੇਂਦਰ ’ਚ ਚਿਡ਼ੀ ਤੱਕ ਨਹੀਂ ਫਟਕਣ ਦੇਣਗੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਦੇ ਕੇਂਦਰ ਕੰਟਰੋਲ ਪ੍ਰਿੰਸੀਪਲ ਜਗਰੂਪ ਸਿੰਘ ਪੰਜਾਬ ਕੋ-ਐਜੂਕੇਸ਼ਨ ਸਕੂਲ ਦੇ ਕੇਂਦਰ ਕੰਟਰੋਲਰ ਪ੍ਰਿੰ. ਗੁਰਦੇਵ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਲਡ਼ਕੀਆਂ ਦੇ ਕੇਂਦਰ ਕੰਟਰੋਲਰ ਲੈਕਚਰਾਰ ਬਲਜਿੰਦਰ ਸਿੰਘ ਹੁਰਾਂ ਨੇ ਦੱਸਿਆ ਕਿ ਪ੍ਰੀਖਿਆ ਦੇ ਪਹਿਲੇ ਦਿਨ ਅਜਿਹਾ ਕੁੱਝ ਵੀ ਸਾਹਮਣੇ ਨਹੀਂ ਆਇਆ ਜੋ ਪ੍ਰੀਖਿਆ ਅਮਲ ’ਚ ਵਿਘਨ ਪਾਉਣ ਵਾਲਾ ਹੋਵੇ। ਸ਼ਾਂਤਮਈ ਢੰਗ ਨਾਲ ਪ੍ਰੀਖਿਆ ਅਮਲ ਨੇਪਰੇ ਚਡ਼ਿਆ ਅਤੇ ਮਾਪਿਆਂ ਵਲੋਂ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਲਈ ਕੋਈ ਸਿਫਾਰਿਸ਼ ਜਾਂ ਦਬਾਅ ਨਹੀਂ ਬਣਾਇਆ।
ਨੀਲਮ ਰਾਣੀ ਗਰਗ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
NEXT STORY