ਮੋਗਾ (ਰਾਕੇਸ਼)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸ਼ਿੰਦਰ ਸਿੰਘ, ਸੂਬਾ ਖਜ਼ਾਨਚੀ ਗੁਰਦੀਪ ਸਿੰਘ ਵੈਰੋਕੇ ਦੀ ਪ੍ਰਧਾਨਗੀ ਹੇਠ ਨੱਥੂਵਾਲਾ ਗਰਬੀ ਵਿਖੇ ਹੋਈ, ਜਿਸ ’ਚ ਸੂਬਾ ਆਗੂ ਦਰਸ਼ਨ ਪਾਲ ਪਟਿਆਲਾ ਅਤੇ ਅਵਤਾਰ ਮਹਿਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਕਿਸਾਨੀ ਮਸਲਿਆਂ ’ਤੇ ਵਿਚਾਰ-ਚਰਚਾ ਕਰਨ ਦੇ ਨਾਲ ਜ਼ਿਲਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ’ਚ ਸੁਰਜੀਤ ਸਿੰਘ ਕੋਟਲਾ ਨੂੰ ਕਨਵੀਨਰ ਅਤੇ ਕਰਮਜੀਤ ਸਿੰਘ ਸਮਾਲਸਰ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਨ੍ਹਾਂ ਤੋਂ ਇਲਾਵਾ ਸੁਰਜੀਤ ਸਿੰਘ ਹਰੀਏਵਾਲਾ, ਸੁਰਜੀਤ ਸਿੰਘ ਕਾਲੇਕੇ, ਚਮਕੌਰ ਸਿੰਘ ਵੈਰੋਕੇ, ਜੰਗ ਸਿੰਘ, ਭਜਨ ਸਿੰਘ, ਇਕਬਾਲ ਸਿੰਘ ਅਤੇ ਨਿਰਮਲ ਸਿੰਘ ਨੂੰ ਵੀ ਜ਼ਿਲਾ ਕਮੇਟੀ ਮੈਂਬਰ ਚੁਣਿਆ ਗਿਆ। ਡਾਕਟਰ ਦਰਸ਼ਨ ਪਾਲ ਨੇ ਦੱਸਿਆ ਕਿ ਪੰਜਾਬ ਦੀ ਕਿਸਾਨੀ ਡੂੰਘੇ ਸੰਕਟ ’ਚ ਘਿਰ ਚੁੱਕੀ ਹੈ। ਇਕ ਪਾਸੇ ਜਿਥੇ ਪੰਜਾਬ ਦੀ ਸਰਕਾਰ ਕਿਸਾਨਾਂ ਨਾਲ ਕੀਤੇ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰ ਚੁੱਕੀ ਹੈ, ਉਥੇ ਹੀ ਦੂਜੇ ਪਾਸੇ ਬੈਂਕਾਂ ਵੱਲੋਂ ਕਰਜ਼ੇ ਲੈਣ ਸਮੇਂ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਲੈ ਕੇ ਦਸਤਖਤ ਕੀਤੇ ਹੋਏ ਚੈੱਕਾਂ ਨੂੰ ਅਦਾਲਤ ’ਚ ਲਾ ਕੇ ਕਿਸਾਨਾਂ ਨੂੰ ਕੇਸਾਂ ’ਚ ਫਸਾਇਆ ਜਾ ਰਿਹਾ ਹੈ। ਸੂਬਾ ਤੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਗਏ ਕਰਜ਼ਾ ਮੁਆਫੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਵਾਅਦੇ ਨੂੰ ਯਾਦ ਕਰਵਾਉਣ ਅਤੇ ਕਿਸਾਨੀ ਦੀ ਦੂਜੀਆਂ ਸਮੱਸਿਆਵਾਂ ਜਿਵੇਂ ਪਰਾਲੀ ਦੀ ਸਮੱਸਿਆ, ਝੋਨੇ ਦੀ ਬੀਜਾਈ, ਬੇਸਹਾਰਾ ਪਸ਼ੂਆਂ ਆਦਿ ਦੇ ਮਸਲਿਆਂ ਸਬੰਧੀ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 25 ਮਾਰਚ ਨੂੰ ਪਟਿਆਲਾ ਵਿਖੇ ਮੋਰਚਾ ਲਾਇਆ ਜਾ ਰਿਹਾ ਹੈ, ਜਿਸ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਡੀ ਗਿਣਤੀ ’ਚ ਸ਼ਮੂਲੀਅਤ ਕਰੇਗੀ।
ਈਸ਼ਰ ਸਿੰਘ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ
NEXT STORY