ਜਲੰਧਰ- ਪੰਜਾਬ ਸਰਕਾਰ ਵੱਲੋਂ ਆਮ ਆਦਮੀ ਮੁਹੱਲਾ ਕਲੀਨਿਕਾਂ ਦੀ ਸਥਾਪਨਾ ਇਕ ਵੱਡੀ ਪਹਿਲਕਦਮੀ ਹੈ। ਮੁਹੱਲਾ ਕਲੀਨਿਕਾਂ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਇਲਾਕੇ 'ਚ ਹੀ ਬੁਨਿਆਦੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ, ਜਿਸ ਨਾਲ ਵੱਡੇ ਹਸਪਤਾਲਾਂ ਦੀ ਭੀੜ ਨੂੰ ਘਟਾਇਆ ਜਾ ਸਕੇ। ਇਨ੍ਹਾਂ ਕਲੀਨਿਕਾਂ 'ਚ ਮੁਫ਼ਤ ਇਲਾਜ, ਟੈਸਟ ਅਤੇ ਦਵਾਈਆਂ ਦੀ ਸਹੂਲਤ ਪ੍ਰਦਾਨ ਕਰਵਾਈ ਜਾ ਰਹੀ ਹੈ। ਕਲੀਨਿਕਾਂ ਵਿੱਚ ਤਜਰਬਾਕਾਰ ਡਾਕਟਰਾਂ, ਨਰਸਾਂ ਅਤੇ ਸਟਾਫ਼ ਦੀ ਟੀਮ ਹੁੰਦੀ ਹੈ ਜੋ ਹਰ ਕਿਸਮ ਦੇ ਰੋਗਾਂ ਦੀ ਪਛਾਣ ਅਤੇ ਇਲਾਜ 'ਚ ਮਦਦ ਕਰਦੀ ਹੈ। ਲੋਕ ਬਿਨਾਂ ਕਿਸੇ ਵੱਡੇ ਖਰਚੇ ਤੋਂ ਆਪਣਾ ਇਲਾਜ ਕਰਵਾ ਸਕਦੇ ਹਨ, ਜਿਸ ਨਾਲ ਖਾਸ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਫਾਇਦਾ ਹੋ ਰਿਹਾ ਹੈ। ਇਹ ਕਲੀਨਿਕ ਸੂਬੇ ਦੇ ਕਈ ਹਿੱਸਿਆਂ 'ਚ ਖੋਲ੍ਹੇ ਗਏ ਹਨ ਅਤੇ ਪੰਜਾਬ ਸਰਕਾਰ ਦੀ ਯੋਜਨਾ ਹੈ ਕਿ ਅਗਲੇ ਕੁਝ ਸਾਲਾਂ 'ਚ ਹਰ ਸ਼ਹਿਰ ਅਤੇ ਪਿੰਡ 'ਚ ਇਸ ਤਰ੍ਹਾਂ ਦੇ ਕਈ ਹੋਰ ਮੁਹੱਲਾ ਕਲੀਨਿਕ ਸਥਾਪਤ ਕੀਤੇ ਜਾਣ।
ਇਸ ਦੌਰਾਨ ਇਕ ਆਮ ਆਦਮੀ ਮੁਹੱਲਾ ਕਲੀਨਿਕ ਦੀ ਡਾ. ਸ਼ਿਨਮ ਸੂਦ (ਮਾਲੋਵਾਲ) ਦਾ ਕਹਿਣਾ ਹੈ ਕਿ ਸਾਡੇ ਕਲੀਨਿਕ 'ਚ 4 ਪੋਸਟਾਂ ਹਨ ਜਿਸ 'ਚ ਸਭ ਤੋਂ ਪਹਿਲੀ ਪੋਸਟ ਡਾਕਟਰ, ਫਾਰਮਾਸੀਸਟ, ਕਲੀਨਿਕ ਅਸੀਸਟੈਂਟ ਅਤੇ ਦਰਜਾ ਚਾਰ ਮੁਲਾਜ਼ਮਾਂ ਦੀ ਹੈ। ਉਨ੍ਹਾਂ ਕਿਹਾ ਜਿਹੜੇ ਮੁਹੱਲਾ ਕਲੀਨਿਕ ਪਿੰਡਾਂ 'ਚ ਖੁਲ੍ਹੇ ਹਨ ਇਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ। ਇੱਥੇ ਮਰੀਜ਼ਾ ਨੂੰ ਸਾਰੀਆਂ ਮੈਡੀਕਲ ਸਹੂਲਤਾਵਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਇਸ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਇਸ ਉਪਰਾਲੇ ਨਾਲ ਇਕ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦਿੱਤੇ ਅਤੇ ਲੋਕਾਂ ਦੀ ਭਲਾਈ ਲਈ ਮੈਡੀਕਲ ਸਿਹਤ ਸਹੂਲਤਾਵਾਂ ਵੀ ਦਿੱਤੀਆਂ ਹਨ।
ਇਸੇ ਤਰ੍ਹਾਂ ਮੁਹੱਲਾ ਕਲੀਨਿਕ 'ਚ ਆਈ ਇਕ ਮਹਿਲਾ ਰਮਨਦੀਪ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਖੋਲ ਕੇ ਸਾਡੇ ਲੋਕਾਂ ਦਾ ਬਹੁਤ ਫਾਇਦਾ ਕੀਤਾ ਹੈ। ਉਨ੍ਹਾਂ ਕਿਹਾ ਪਹਿਲਾਂ ਸਾਨੂੰ ਦਵਾਈ ਲੈਣ ਲਈ ਸ਼ਹਿਰ ਜਾਣਾ ਪੈਂਦਾ ਸੀ, ਜਿਸ ਨਾਲ ਕਿਸੇ ਬਜ਼ੁਰਗ ਨੂੰ ਜਾਣ 'ਚ ਦਿੱਕਤ ਆਉਂਦੀ ਪਰ ਹੁਣ ਪਿੰਡ 'ਚ ਹੀ ਮੁਹੱਲਾ ਕਲੀਨਿਕ ਖੁੱਲ੍ਹ ਜਾਣ ਕਾਰਨ ਇੱਥੇ ਹੀ ਦਵਾਈ ਲੈ ਸਕਦੇ ਹਾਂ।
ਇਸ ਦੌਰਾਨ ਇਕ ਬਜ਼ੁਰਗ ਮਹਿਲਾ ਹਰਬੰਸ ਕੌਰ ਨੇ ਕਿਹਾ ਕਿ ਪਹਿਲਾਂ ਪਿੰਡ ਤੋਂ ਬਾਹਰ ਸ਼ਹਿਰ ਜਾਣ 'ਚ ਇਕੱਲੇ ਬੰਦੇ ਨੂੰ ਮੁਸ਼ਕਿਲਾਂ ਆਉਂਦੀਆਂ ਸਨ ਪਰ ਹੁਣ ਇੱਥੇ ਹੀ ਦਵਾਈ ਅਤੇ ਟੈਸਟ ਆਸਾਨੀ ਨਾਲ ਹੋ ਜਾਂਦੇ ਹਨ। ਇਸ ਲਈ ਅਸੀਂ ਸਭ ਪੰਜਾਬ ਸਰਕਾਰ ਦੇ ਧੰਨਵਾਦ ਕਰਦੇ ਹਾਂ।
ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹੈ ਪੰਜਾਬ ਸਰਕਾਰ ਦਾ ਸਕੂਲ ਆਫ ਐਮੀਨੈਂਸ
NEXT STORY