ਸ੍ਰੀ ਮੁਕਤਸਰ ਸਾਹਿਬ (ਪਵਨ) - ਸ਼ਹਿਰ ਅੰਦਰ ਦਿਨ-ਬ-ਦਿਨ ਵਧ ਰਹੀਆਂ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਜਿਥੇ ਸ਼ਹਿਰ ਨਿਵਾਸੀ ਆਪਣੇ-ਆਪ ਨੂੰ ਅਸੁੱਰਖਿਅਤ ਮਹਿਸੂਸ ਕਰ ਰਹੇ ਹਨ। ਉਥੇ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਬੇਖੌਫ ਹੋ ਕੇ ਆਪਣੇ ਕੰਮ ਨੂੰ ਅੰਜ਼ਾਮ ਦਿੰਦੇ ਹਨ। ਤਾਜ਼ਾ ਮਿਸਾਲ ਸਥਾਨਕ ਅੰਬੇਡਕਰ ਨਗਰ ’ਚ ਚਿੱਟੇ ਦਿਨ ਵਾਪਰੀ ਇਕ ਚੋਰੀ ਦੀ ਘਟਨਾ ਤੋਂ ਮਿਲਦੀ ਹੈ। ਇਥੇ ਚੋਰਾਂ ਨੇ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਇਕ 32 ਬੋਰ ਰਿਵਾਲਵਰ, 14-15 ਰੌਂਦ, ਲਗਭਗ 23 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 1 ਲੱਖ ਰੁਪਏ ’ਤੇ ਹੱਥ ਸਾਫ਼ ਕੀਤਾ। ਜਾਣਕਾਰੀ ਦਿੰਦਿਆਂ ਮਕਾਨ ਮਾਲਕ ਸ਼ਮਿੰਦਰ ਸਿੰਘ ਬੱਤਰਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਇਕ ਭੋਗ ਸਮਾਗਮ ਲਈ ਕਰੀਬ ਸਵਾ 12 ਵਜੇ ਘਰ ਤੋਂ ਇਕ ਪੈਲੇਸ ਵਿਚ ਗਏ ਸਨ। ਜਦ ਉਹ ਕਰੀਬ 2. 20 ਮਿੰਟ ’ਤੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉਡ ਗਏ, ਕਿਉਂਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ।

ਉਨ੍ਹਾਂ ਦੱਸਿਆ ਕਿ ਚੋਰਾਂ ਨੇ ਕਰੀਬ ਦੋ ਘੰਟਿਆਂ ’ਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਜਦ ਉਨ੍ਹਾਂ ਆਪਣੇ ਸਾਮਾਨ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਪਰੋਕਤ ਦੱਸਿਆ ਸਾਮਾਨ ਗਾਇਬ ਸੀ। ਐੱਲ. ਆਈ. ਸੀ. ਤੋਂ ਹਾਊਸ ਲੋਨ ਲਿਆ ਹੋਇਆ ਸੀ, ਜਿਸ ਦੀਆਂ ਕਿਸ਼ਤਾਂ ਬਕਾਇਆ ਸਨ। ਇਹ ਪੈਸੇ ਕਿਸ਼ਤਾਂ ਭਰਨ ਲਈ ਹੀ ਘਰ ’ਚ ਰੱਖੇ ਹੋਏ ਸਨ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ’ਤੇ ਦਿੱਤੀ। ਡੀ.ਐੱਸ.ਪੀ. ਤਲਵਿੰਦਰ ਸਿੰਘ ਅਤੇ ਥਾਣਾ ਸਦਰ ਮੁਖੀ ਮਲਕੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਡੀ. ਐੱਸ. ਪੀ. ਤਲਵਿੰਦਰ ਸਿੰਘ ਨੇ ਕਿਹਾ ਕਿ ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਟਕਸਾਲੀਆਂ ਦੇ ਗੜ੍ਹ 'ਚ ਅੱਜ ਗਰਜਣਗੇ 'ਅਕਾਲੀ'
NEXT STORY