ਲੁਧਿਆਣਾ(ਹਿਤੇਸ਼)- ਅਕਾਲੀ-ਭਾਜਪਾ ਨੇ ਪੰਜਾਬ ਦੇ ਬਾਕੀ ਸ਼ਹਿਰਾਂ ਦੀਆਂ ਹਾਲ ਹੀ 'ਚ ਹੋਈਆਂ ਨਗਰ ਨਿਗਮ ਚੋਣਾਂ ਚਾਹੇ ਮਿਲ ਕੇ ਲੜੀਆਂ ਹਨ ਪਰ ਲੁਧਿਆਣਾ ਨਗਰ ਨਿਗਮ ਦੀ ਚੋਣ 'ਚ ਇਹ ਗਠਜੋੜ ਟੁੱਟ ਸਕਦਾ ਹੈ, ਜਿਸ ਦੇ ਸੰਕੇਤ ਭਾਜਪਾ ਵੱਲੋਂ ਸਾਰੀਆਂ 95 ਸੀਟਾਂ ਲਈ ਦਾਅਵੇਦਾਰਾਂ ਤੋਂ ਅਰਜ਼ੀਆਂ ਮੰਗਣ ਤੋਂ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਅਕਾਲੀ-ਭਾਜਪਾ ਦੇ ਸਥਾਨਕ ਅਤੇ ਸਟੇਟ ਪੱਧਰ ਦੇ ਸੀਨੀਅਰ ਆਗੂ ਕਈ ਵਾਰ ਆਪਸ 'ਚ ਮੀਟਿੰਗ ਕਰ ਕੇ ਇਹ ਰਣਨੀਤੀ ਬਣਾ ਚੁੱਕੇ ਹਨ ਕਿ ਨਗਰ ਨਿਗਮ ਚੋਣ ਵਿਚ ਕਾਂਗਰਸ ਦੇ ਨਾਲ ਮੁਕਾਬਲਾ ਕਿਵੇਂ ਕੀਤਾ ਜਾਵੇ। ਇਸ ਨੂੰ ਲੈ ਕੇ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਪਾਰਟੀਆਂ 'ਚ ਇਸ ਮੁੱਦੇ 'ਤੇ ਸਹਿਮਤੀ ਬਣ ਗਈ ਹੈ ਕਿ ਅੱਧੀਆਂ-ਅੱਧੀਆਂ ਸੀਟਾਂ ਦੀ ਵੰਡ ਦੇ ਫਾਰਮੂਲੇ 'ਤੇ ਚੋਣ ਲੜੀ ਜਾਵੇਗੀ, ਜਿਸ 'ਚ ਪਹਿਲਾਂ ਵਾਰਡਬੰਦੀ ਦਾ ਅਸਰ ਘੱਟ ਕਰਨ ਲਈ ਮਜ਼ਬੂਤ ਚਿਹਰਿਆਂ ਦੀ ਭਾਲ ਕੀਤੀ ਜਾਵੇਗੀ, ਜੋ ਕਾਂਗਰਸ ਦੇ ਦਿੱਗਜਾਂ ਨੂੰ ਟੱਕਰ ਦੇਣ ਦੀ ਸਥਿਤੀ ਵਿਚ ਹੋਣ ਅਤੇ ਲੋੜ ਪੈਣ 'ਤੇ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਸੀਟਾਂ ਨੂੰ ਆਪਸ ਵਿਚ ਬਦਲਿਆ ਵੀ ਜਾ ਸਕਦਾ ਹੈ। ਇਸ ਸਬੰਧੀ ਦੋਵੇਂ ਹੀ ਪਾਰਟੀਆਂ ਦੇ ਆਗੂ ਮੀਡੀਆ ਵਿਚ ਅਤੇ ਸਟੇਜ 'ਤੇ ਵੀ ਦਾਅਵੇ ਕਰ ਰਹੇ ਹਨ ਪਰ ਬੀਤੇ ਦਿਨੀਂ ਸੰਗਠਨ ਮੰਤਰੀ ਵੱਲੋਂ ਕੀਤੀ ਗਈ ਜ਼ਿਲੇ ਦੇ ਸਾਰੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ 'ਚ ਸਾਰਾ ਨਜ਼ਾਰਾ ਹੀ ਬਦਲਿਆ ਹੋਇਆ ਨਜ਼ਰ ਆਇਆ। ਜਿੱਥੇ ਮੁੱਦਾ ਉੱਠਿਆ ਕਿ ਪੰਜਾਬ 'ਚ ਹਾਲ ਹੀ ਵਿਚ ਜਿੰਨੀਆਂ ਥਾਵਾਂ 'ਤੇ ਵੀ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਹਨ, ਉਸ ਦੌਰਾਨ ਭਾਜਪਾ ਦੀ ਹਾਲਤ ਅਕਾਲੀ ਦਲ ਤੋਂ ਬਿਹਤਰ ਰਹੀ ਹੈ, ਜਿਸ ਦੇ ਮੱਦੇਨਜ਼ਰ ਸਾਰੇ 95 ਵਾਰਡਾਂ ਦੀਆਂ ਟਿਕਟਾਂ ਲਈ ਅਰਜ਼ੀਆਂ ਮੰਗਣ ਦਾ ਫੈਸਲਾ ਕੀਤਾ ਗਿਆ, ਜਿਸ ਨੂੰ ਭਾਜਪਾ ਦੇ ਇਕੱਲੇ ਚੋਣ ਲੜਨ ਦੀ ਤਿਆਰੀ ਵਜੋਂ ਦੇਖਣਾ ਇਸ ਲਈ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਸਾਰੇ ਦਾਅਵੇਦਾਰਾਂ ਤੋਂ ਬੂਥ ਵਾਈਜ਼ 120 ਵਿਅਕਤੀਆਂ ਦੀ ਆਧਾਰ ਕਾਰਡ ਅਤੇ ਫੋਨ ਨੰਬਰ ਦੇ ਨਾਲ ਲਿਸਟ ਦੇਣ ਲਈ ਕਿਹਾ ਗਿਆ ਹੈ, ਜਿਸ ਦੀ ਸਮੀਖਿਆ ਕਰ ਕੇ ਰਿਪੋਰਟ ਤਿਆਰ ਕਰਨ ਲਈ ਵਿਧਾਨ ਸਭਾ ਏਰੀਆ ਵਾਈਜ਼ ਟੀਮਾਂ ਵੀ ਬਣਾ ਦਿੱਤੀਆਂ ਗਈਆਂ ਹਨ।
ਵਰਕਰ ਲੰਬੇ ਸਮੇਂ ਤੋਂ ਕਰ ਰਹੇ ਹਨ ਇਕੱਲੇ ਚੋਣ ਲੜਨ ਦੀ ਮੰਗ
ਇਹ ਕੋਈ ਪਹਿਲਾਂ ਮੌਕਾ ਨਹੀਂ ਹੈ, ਜਦੋਂ ਭਾਜਪਾ ਦੇ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨ ਦੇ ਸੰਕੇਤ ਮਿਲੇ ਹੋਣ। ਇਸ ਤੋਂ ਪਹਿਲਾਂ ਸਰਕਾਰ 'ਚ ਰਹਿੰਦੇ ਸਮੇਂ ਦੋਵਾਂ ਪਾਰਟੀਆਂ ਦੇ ਰਿਸ਼ਤਿਆਂ ਦੀ ਖਟਾਸ ਕਿਸ ਤੋਂ ਲੁਕੀ ਨਹੀਂ ਸੀ, ਜਿਸ ਕਾਰਨ ਆਮ ਕਰ ਕੇ ਕੁਝ ਮੁੱਦਿਆਂ ਨੂੰ ਲੈ ਕੇ ਸਹਿਮਤੀ ਨਾ ਬਣਨ ਕਾਰਨ ਗਠਜੋੜ ਟੁੱਟਣ ਕੰਢੇ ਪੁੱਜ ਜਾਂਦਾ ਸੀ, ਜਿਸ ਕੇਸ ਵਿਚ ਹਰ ਵਾਰ ਭਾਜਪਾ ਅਗਵਾਈ ਨੂੰ ਦਖਲ ਦੇਣਾ ਪਿਆ। ਹੁਣ ਸਰਕਾਰ ਤੋਂ ਬਾਹਰ ਹੋਣ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਅਕਾਲੀ ਦਲ ਖਿਲਾਫ ਜ਼ਹਿਰ ਉਗਲਿਆ ਜਾ ਰਿਹਾ ਹੈ। ਇਸ ਤਹਿਤ ਭਾਜਪਾ ਵਰਕਰਾਂ ਨੇ ਹਾਈਕਮਾਨ ਨੂੰ ਸਾਫ ਕਹਿ ਦਿੱਤਾ ਹੈ ਕਿ ਨਗਰ ਨਿਗਮ ਚੋਣਾਂ ਨੂੰ ਲੋਕ ਸਭਾ ਚੋਣਾਂ ਦਾ ਸੈਮੀ-ਫਾਈਨਲ ਮੰਨ ਕੇ ਚੱਲਣਾ ਚਾਹੀਦਾ ਹੈ ਅਤੇ ਜੇਕਰ ਪੰਜਾਬ 'ਚ ਭਗਵਾ ਲਹਿਰਾਉਣਾ ਹੈ ਤਾਂ ਅਕਾਲੀ ਦਲ ਤੋਂ ਵੱਖ ਹੋ ਕੇ ਚੱਲਣਾ ਪਵੇਗਾ।
ਤਾਜ਼ਾ ਘਟਨਾਵਾਂ ਨਾਲ ਵਧੀ ਕੁੜੱਤਣ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦਾ ਠੀਕਰਾ ਭਾਜਪਾ ਵੱਲੋਂ ਇਹ ਕਹਿ ਕੇ ਅਕਾਲੀ ਦਲ ਦੇ ਸਿਰ ਭੰਨਿਆ ਜਾ ਰਿਹਾ ਹੈ ਕਿ ਉਸ ਦੇ ਪ੍ਰਤੀ ਜਨਤਾ ਦੀ ਨਾਰਾਜ਼ਗੀ ਭਾਰੀ ਪੈ ਗਈ ਹੈ, ਜਿਸ ਦੇ ਬਾਵਜੂਦ ਦੋਵੇਂ ਪਾਰਟੀਆਂ ਦੀ ਹਾਈਕਮਾਨ ਨੇ ਇਕੱਠੇ ਰਹਿਣ ਦਾ ਰਾਗ ਅਲਾਪਦੇ ਹੋਏ ਪਹਿਲਾਂ ਤੋਂ ਸਰਗਰਮੀ ਵਧਾਉਣ ਦਾ ਦਾਅਵਾ ਕੀਤਾ ਸੀ ਪਰ ਹਾਲ ਹੀ 'ਚ ਦੋ ਘਟਨਾਵਾਂ ਤੋਂ ਬਾਅਦ ਗਠਜੋੜ ਵਿਚ ਕੁੜੱਤਣ ਵਧ ਗਈ ਹੈ, ਜਿਸ 'ਚ ਪਹਿਲਾਂ ਅਕਾਲੀ ਦਲ ਦੇ ਰਾਜ ਸਭਾ ਐੱਮ. ਪੀ. ਨਰੇਸ਼ ਗੁਜਰਾਲ ਨੇ ਮੋਦੀ ਸਰਕਾਰ ਦੀ ਵਰਕਿੰਗ 'ਤੇ ਸਵਾਲ ਕੀਤੇ ਤਾਂ ਭਾਜਪਾ ਨੇ ਜਵਾਬੀ ਹਮਲਾ ਕੀਤਾ। ਫਿਰ ਗੁਜਰਾਤ ਅਤੇ ਹਿਮਾਚਲ ਦੇ ਸੀ. ਐੱਮ. ਦੇ ਸਹੁੰ ਚੁੱਕ ਸਮਾਗਮ ਵਿਚ ਨਾ ਬੁਲਾਏ ਜਾਣ ਨੂੰ ਲੈ ਕੇ ਅਕਾਲੀ ਦਲ ਨੇ ਖੁੱਲ੍ਹੇਆਮ ਭਾਜਪਾ 'ਤੇ ਨਾਰਾਜ਼ਗੀ ਪ੍ਰਗਟ ਕੀਤੀ।
ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵੱਲੋਂ ਬ੍ਰਿਜ ਕੋਰਸ ਦੇ ਬਾਈਕਾਟ ਦਾ ਐਲਾਨ
NEXT STORY