ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ 'ਚ ਹੰਗਾਮੇ ਦੇ ਆਸਾਰ
ਬਠਿੰਡਾ(ਵਰਮਾ)-ਨਗਰ ਨਿਗਮ ਬਠਿੰਡਾ ਦੀ ਅਹਿਮ ਮੀਟਿੰਗ ਅੱਜ ਲਗਭਗ ਸ਼ਾਮ 3 ਵਜੇ ਹੋਣ ਦੀ ਸੰਭਾਵਨਾ ਹੈ ਤੇ ਮੀਟਿੰਗ ਵਿਚ ਹੰਗਾਮੇ ਦੇ ਪੂਰੇ ਆਸਾਰ ਨਜ਼ਰ ਆ ਰਹੇ ਹਨ ਕਿਉਂਕਿ 3.25 ਕਰੋੜ ਰੁਪਏ ਦੇ ਕੁਲ ਏਜੰਡਿਆਂ 'ਚ ਵਿਕਾਸ ਦਾ ਕੋਈ ਏਜੰਡਾ ਸ਼ਾਮਲ ਨਹੀਂ ਕੀਤਾ ਗਿਆ। ਇਹ ਗੱਲ ਵਿਰੋਧੀ ਪੱਖ ਦੇ ਕੌਂਸਲਰਾਂ ਨੂੰ ਪਸੰਦ ਨਹੀਂ ਆਈ, ਜਿਸ ਲਈ ਉਨ੍ਹਾਂ ਨੇ ਕਮਰ ਕੱਸ ਲਈ ਹੈ ਤੇ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ। ਨਗਰ ਨਿਗਮ ਵੱਲੋਂ ਬਣਾਈ ਗਈ ਏਜੰਡਿਆਂ ਦੀ ਸੂਚੀ ਅਨੁਸਾਰ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਲਈ ਠੇਕੇ 'ਤੇ ਰੱਖੇ ਗਏ ਸਫਾਈ ਸੇਵਕਾਂ ਨੂੰ 6 ਮਹੀਨੇ ਹੋਰ ਵਧਾਉਣ ਤੇ 43.65 ਲੱਖ ਮਨਜੂਰੀ ਦਾ ਏਜੰਡਾ ਰੱਖਿਆ ਗਿਆ ਹੈ। 12 ਤੇ 14 ਮਾਰਚ ਨੂੰ ਹੋਈ ਹਾਊਸ ਦੀ ਮੀਟਿੰਗ 'ਚ ਸਪਲੀਮੈਂਟਰੀ ਏਜੰਡੇ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਕੌਂਸਲਰਾਂ ਨੇ ਕਿਹਾ ਸੀ ਕਿ ਜਦੋਂ ਨਿਗਮ ਕੋਲ ਸ਼ਹਿਰ ਦੇ ਹੋਰ ਵਿਕਾਸ ਕੰਮਾਂ ਲਈ ਪੈਸੇ ਨਹੀਂ ਹਨ, ਤਾਂ ਪ੍ਰਾਈਵੇਟ ਬਿਲਡਰ ਵੱਲੋਂ ਬਣਾਈਆਂ ਗਈਆਂ ਕਾਲੋਨੀਆਂ ਨੂੰ ਡਿਵੈੱਲਪ ਕਰਨ ਲਈ ਇਕ ਕਰੋੜ ਰੁਪਏ ਖਰਚ ਕਰਨ ਦੀ ਇੰਨੀ ਜਲਦਬਾਜ਼ੀ ਕਿਉਂ ਕੀਤੀ ਜਾ ਰਹੀ ਹੈ। ਆਮ ਤੌਰ 'ਤੇ ਜਦੋਂ ਵੀਂ ਹਾਊਸ ਵੱਲੋਂ ਕੋਈ ਵੀ ਏਜੰਡਾ ਪੈਂਡਿੰਗ ਰੱਖਿਆ ਜਾਂਦਾ ਹੈ, ਤਾਂ ਉਸ ਨੂੰ ਘੱਟ ਤੋਂ ਘੱਟ 6 ਮਹੀਨੇ ਬਾਅਦ ਦੁਬਾਰਾ ਹਾਊਸ 'ਚ ਰੱਖਿਆ ਜਾ ਸਕਦਾ ਹੈ। ਪਰ ਸਬ ਕਮੇਟੀ ਬਣਾਏ ਬਿਨ੍ਹਾਂ ਹੀ 30 ਦਿਨਾਂ ਦੇ ਅੰਦਰ 20 ਅਪ੍ਰੈਲ ਨੂੰ ਹੋਣ ਵਾਲੀ ਹਾਊਸ ਦੀ ਮੀਟਿੰਗ 'ਚ ਦੁਬਾਰਾ ਇਸ ਏਜੰਡੇ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਹੰਗਾਮੇ ਦੇ ਆਸਾਰ ਵੀ ਵੱਧ ਗਏ ਹਨ।
ਨਿੱਜੀ ਕਾਲੋਨੀ ਦੇ ਵਿਕਾਸ 'ਤੇ ਨਿਗਮ ਦੀ ਨਜ਼ਰ
ਪਰ ਦੂਜੇ ਪਾਸੇ ਇਕ ਪ੍ਰਾਈਵੇਟ ਬਿਲਡਰ ਵੱਲੋਂ ਬਣਾਈ ਗਈ ਕਾਲੋਨੀ ਵਿਚ ਸੜਕ ਬਣਾਉਣ ਅਤੇ ਸਟਰੀਟ ਲਾਈਟ ਲਾਉਣ ਲਈ ਕਰੀਬ 85 ਲੱਖ ਰੁਪਏ ਖਰਚ ਕਰਨ ਦੀ ਮਨਜ਼ੂਰੀ ਲੈਣ ਲਈ ਦੂਜੀ ਵਾਰ ਇਸ ਏਜੰਡੇ ਰੱਖਿਆ ਜਾ ਰਿਹਾ ਹੈ। ਵਾਰਡ ਨੰਬਰ 42 ਦੇ ਕੌਂਸਲਰ ਪ੍ਰਦੀਪ ਗੋਲਾ ਤੇ ਵਾਰਡ ਨੰਬਰ 45 ਦੇ ਕਾਂਗਰਸ ਕੌਂਸਲਰ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਨਿਗਮ ਨੂੰ ਪਹਿਲ ਦੇ ਆਧਾਰ 'ਤੇ ਸ਼ਹਿਰ ਦਾ ਵਿਕਾਸ ਕਰਨਾ ਚਾਹੀਦਾ, ਪਰ ਇਥੇ ਉਲਟ ਹੋ ਰਿਹਾ ਹੈ। ਜਦਕਿ ਸ਼ਹਿਰ ਦੇ ਕਈ ਅਜਿਹੇ ਰਿਹਾਇਸ਼ੀ ਇਲਾਕੇ ਤੇ ਕਾਲੋਨੀਆਂ ਹਨ, ਜਿਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮਤੇ ਦਾ ਪੂਰੀ ਤਰ੍ਹਾਂ ਵਿਰੋਧ ਕਰਨਗੇ।
ਮਈ ਤੋਂ ਨਿਗਮ ਖੁਦ ਚੁੱਕੇਗੀ ਘਰਾਂ 'ਚੋਂ ਕੂੜਾ
1 ਮਈ ਤੋਂ ਨਗਰ ਨਿਗਮ ਬਠਿੰਡਾ ਸ਼ਹਿਰ ਦੇ 52 ਹਜ਼ਾਰ ਘਰਾਂ ਤੇ 15 ਹਜ਼ਾਰ ਕਾਮਰਸ਼ੀਅਲ ਸਥਾਨਾਂ ਤੋਂ ਖੁਦ ਕੂੜਾ ਚੁੱਕੇਗੀ, ਜਿਸ ਲਈ 350 ਤੋਂ ਜ਼ਿਆਦਾ ਕਰਮਚਾਰੀ ਰੱਖੇ ਜਾਣਗੇ ਜਦਕਿ ਇਸ ਤੋਂ ਪਹਿਲਾਂ ਪ੍ਰਾਈਵੇਟ ਕੰਪਨੀ ਜੇ. ਆਈ. ਟੀ. ਐੱਫ. ਨੂੰ ਇਹ ਕੰਮ ਸੌਂਪਿਆ ਗਿਆ ਸੀ। 40 ਸੈਕੰਡਰੀ ਪੁਆਇੰਟਾਂ ਨਾਲ 110 ਟਨ ਕਚਰੇ ਨੂੰ ਚੁੱਕ ਕੇ ਮਾਨਸਾ ਰੋਡ ਸਥਿਤ ਸਾਲਿਡ ਵੇਸਟ ਪਲਾਂਟ ਤੱਕ ਪਹੁੰਚਾਉਣ ਲਈ 55 ਨਵੇਂ ਕਰਮਚਾਰੀਆਂ ਨੂੰ ਆਉੂਟਸੋਰਸ ਰਾਹੀਂ ਭਰਤੀ ਕਰਨ ਤੇ 4 ਵੱਡੇ ਕੰਪੈਕਟਰ ਲੈਣ ਦੀ ਯੋਜਨਾ ਹੈ। ਹਰ ਮਹੀਨੇ ਕੂੜਾ ਚੁੱਕਣ 'ਤੇ ਨਿਗਮ ਨੂੰ 10 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਬੀਤੀ 12 ਅਪ੍ਰੈਲ ਨੂੰ ਹੋਈ ਐੱਸ. ਐਂਡ. ਸੀ. ਸੀ. ਮੈਂਬਰਾਂ ਦੀ ਮੀਟਿੰਗ ਵਿਚ ਇਸ ਮਤੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਦਕਿ ਇਹ ਮਾਮਲਾ ਨਿਗਮ ਲਈ ਸਭ ਤੋਂ ਗੰਭੀਰ ਮਾਮਲਾ ਹੈ। ਇਸ ਮੀਟਿੰਗ ਵਿਚ ਸੈਕੰਡਰੀ ਪੁਆਇੰਟਾਂ 'ਤੇ ਰੱਖੇ ਜਾਣ ਵਾਲੇ 55 ਕਰਮਚਾਰੀਆਂ ਦੀ ਮਨਜ਼ੂਰੀ ਲਈ 27.30 ਲੱਖ ਰੁਪਏ ਦਾ ਏਜੰਡਾ ਰੱਖਿਆ ਗਿਆ ਹੈ।
ਮੀਟਿੰਗ 'ਚ ਪਾਸ ਹੋਣ ਵਾਲੇ ਹੋਰ ਏਜੰਡੇ
* ਸ਼ਹਿਰ 'ਚ ਫੌਗਿੰਗ ਕਰਨ ਲਈ ਸਾਲ 2018-19 ਲਈ 20.62 ਲੱਖ ਰੁਪਏ ਦੀ ਲਾਗਤ ਨਾਲ 250 ਲੀਟਰ ਦਵਾਈ ਦੇ 30 ਡਰੰਮ ਖਰੀਦਣ ਦਾ ਮਤਾ।
* ਕੁੱਤਿਆਂ ਦੀ ਨਸਬੰਦੀ ਕਰਨ ਵਾਲੀ ਅਲੀਗੜ੍ਹ ਦੀ ਤ੍ਰਿਪਤੀ ਫਾਊਂਡੇਸ਼ਨ ਕੰਪਨੀ ਵੱਲੋਂ 684 ਕੁੱਤਿਆਂ ਦੀ ਨਸਬੰਦੀ ਦੀ ਪੇਮੈਂਟ ਰੋਕਣ ਦਾ ਮਤਾ।
* ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਨੰਬਰ 3 ਦੀ ਭਾਗੂ ਰੋਡ ਦੇ ਵਾਟਰ ਵਰਕਸ ਦੇ ਸਾਲ 2017-18 ਦੇ ਸਾਲਾਨਾ ਦੇਖ ਰੇਖ ਤੇ ਖਰਚ ਹੋਣ ਵਾਲੇ 1.35 ਕਰੋੜ ਰੁਪਏ ਦੀ ਅਦਾਇਗੀ ਕਰਨ ਸਬੰਧੀ।
* ਹਾਜ਼ੀਰਤਨ ਗੇਟ ਕੋਲ ਪਾਣੀ ਦੀ ਟੈਂਕੀ ਬਣਾਉਣ ਲਈ ਵਣ ਵਿਭਾਗ ਤੋਂ ਜ਼ਮੀਨ ਲੈਣ ਦੇ ਬਦਲੇ 'ਚ 6.89 ਲੱਖ ਰੁਪਏ ਦੀ ਅਦਾਇਗੀ ਕਰਨ ਸਬੰਧੀ।
* ਜੋਗਾ ਨੰਦ ਰੋਡ ਨੂੰ ਚੌੜਾ ਕਰਨ ਲਈ ਵਣ ਵਿਭਾਗ ਦੀ ਲਈ ਗਈ ਜ਼ਮੀਨ ਦੀ 4.32 ਲੱਖ ਰੁਪਏ ਦੀ ਅਦਾਇਗੀ ਕਰਨ ਬਾਰੇ।
* ਸ਼ਹਿਰ ਦੀਆਂ ਵੱਖ-ਵੱਖ ਪ੍ਰਮੁਖ ਸੜਕਾਂ ਦੀ ਸਾਫ-ਸਫਾਈ ਲਈ ਰੱਖੇ ਗਏ 45 ਸਫਾਈ ਸੇਵਕਾਂ ਦੀ 6 ਮਹੀਨਿਆਂ ਲਈ ਐਕਸਟੈਂਸ਼ਨ ਵਧਾਉਣ 'ਤੇ 26.15 ਲੱਖ ਖਰਚ ਦੀ ਮਨਜ਼ੂਰੀ।
* ਸ਼ਹਿਰ ਦੇ ਵੱਖ-ਵੱਖ ਅੰਡਰ ਬ੍ਰਿਜ ਤੇ ਓਵਰ ਬ੍ਰਿਜ ਦੀ ਸਫਾਈ ਕਰਨ ਲਈ ਰੱਖੇ ਗਏ 30 ਸਫਾਈ ਸੇਵਕਾਂ ਦੀ 6 ਮਹੀਨੇ ਲਈ ਐਕਸਟੈਂਸ਼ਨ ਵਧਾਉਣ 'ਤੇ 17.50 ਲੱਖ ਦੀ ਖਰਚ ਦੀ ਮਨਜ਼ੂਰੀ।
* ਕੈਂਟਰ 'ਤੇ 8 ਹਜ਼ਾਰ ਲੀਟਰ ਦੀ ਕਪੈਸਟੀ ਵਾਲੇ ਡਰੰਮ ਫਿਟ ਕਰਵਾਉਣ 'ਤੇ 2.50 ਲੱਖ ਰੁਪਏ ਖਰਚ ਦੀ ਮਨਜ਼ੂਰੀ ਸਬੰਧੀ।
* ਡੇਰਾ ਰੂਮੀ ਵਾਲੇ ਭੁੱਚੋ ਕਲਾਂ ਵਿਚ 250 ਹੋਰ ਨਵੇਂ ਪਸ਼ੂ ਛੱਡ ਕੇ 18 ਰੁਪਏ ਪ੍ਰਤੀ ਦਿਨ ਇਕ ਪਸ਼ੂ ਦੀ ਡਾਈਟ ਮਨੀ ਦੇ ਹਿਸਾਬ ਨਾਲ ਆਉਣ ਵਾਲੇ ਖਰਚ ਦੀ ਮਨਜ਼ੂਰੀ ਸਬੰਧੀ।
ਕਠੂਆ 'ਚ ਬੱਚੀ ਨਾਲ ਜਬਰ-ਜ਼ਨਾਹ ਦੇ ਵਿਰੋਧ 'ਚ ਰੋਸ ਮਾਰਚ
NEXT STORY