ਬਠਿੰਡਾ(ਬਲਵਿੰਦਰ)-ਪਹਿਲਾਂ ਹੀ ਵਿਵਾਦਾਂ 'ਚ ਚੱਲ ਰਹੀ ਪਰਲਜ਼ ਕਾਲੋਨੀ ਬਠਿੰਡਾ 'ਚ ਬੀਤੀ ਰਾਤ ਇਕ ਨੌਜਵਾਨ ਦਾ ਕਥਿਤ ਤੌਰ 'ਤੇ ਕਤਲ ਹੋ ਗਿਆ, ਜਿਸ ਦੀ ਲਾਸ਼ ਕਿੱਕਰ 'ਤੇ ਟੰਗ ਦਿੱਤੀ ਗਈ। ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਪਰ ਪੁਲਸ ਕੋਲ ਅਜੇ ਤੱਕ ਕੋਈ ਸੁਰਾਗ ਨਹੀਂ ਹੈ।
ਕੀ ਹੈ ਮਾਮਲਾ
12-13 ਏਕੜ ਜ਼ਮੀਨ ਦਾ ਮਾਲਕ ਸਤਿੰਦਰਪਾਲ ਸਿੰਘ (21) ਪੁੱਤਰ ਰੇਸ਼ਮ ਸਿੰਘ ਪਿੰਡ ਭੋਖੜਾ ਦੇ ਰੱਜੇ-ਪੁੱਜੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਨੇ +2 ਪਾਸ ਕਰ ਕੇ ਡਿਪਲੋਮਾ ਵੀ ਕਰ ਲਿਆ ਸੀ। ਇਹ ਪਰਿਵਾਰ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਤੋਂ ਮੁਕਤ ਸੀ। ਬੀਤੇ ਕੱਲ ਸਵੇਰੇ 10 ਵਜੇ ਉਹ ਘਰੋਂ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਆਪਣੇ ਖੇਤਾਂ 'ਚ ਗਿਆ ਸੀ, ਜੋ ਕਿ ਪਰਲਜ਼ ਕਾਲੋਨੀ ਦੇ ਨਾਲ ਹੀ ਪੈਂਦੇ ਹਨ। ਕਰੀਬ 10.30 ਵਜੇ ਉਸ ਦੀ ਆਪਣੇ ਪਿਤਾ ਨਾਲ ਵੀ ਗੱਲ ਹੋਈ ਸੀ ਪਰ ਉਹ ਦੁਪਹਿਰ ਤੱਕ ਵੀ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਉਸ ਨੂੰ ਫੋਨ ਕੀਤਾ ਪਰ ਸੰਪਰਕ ਨਹੀਂ ਹੋ ਸਕਿਆ। ਕਈ ਵਾਰ ਫੋਨ ਕਰਨ ਤੋਂ ਬਾਅਦ ਵੀ ਸੰਪਰਕ ਨਾ ਹੋਇਆ ਤਾਂ ਰੇਸ਼ਮ ਸਿੰਘ ਉਸ ਨੂੰ ਦੇਖਣ ਲਈ ਖੇਤ ਪਹੁੰਚਿਆ, ਜਿਥੇ ਉਸ ਦੇ ਬੂਟ-ਜੁਰਾਬਾਂ, ਦਾਤੀ ਆਦਿ ਪਏ ਸਨ, ਜਦਕਿ ਥੋੜ੍ਹਾ ਜਿਹਾ ਚਾਰਾ ਵੀ ਵੱਢਿਆ ਪਿਆ ਸੀ ਪਰ ਸਤਿੰਦਰਪਾਲ ਸਿੰਘ ਉਥੇ ਨਹੀਂ ਸੀ। ਉਨ੍ਹਾਂ ਆਸ-ਪਾਸ ਭਾਲ ਕੀਤੀ ਪਰ ਉਹ ਕਿਧਰੇ ਵੀ ਨਹੀਂ ਮਿਲਿਆ। ਦੇਰ ਸ਼ਾਮ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਬਠਿੰਡਾ ਨੂੰ ਸੂਚਨਾ ਮਿਲੀ ਕਿ ਉਜਾੜ ਪਈ ਪਰਲਜ਼ ਕਾਲੋਨੀ ਵਿਚ ਕਿੱਕਰ ਨਾਲ ਲਟਕ ਰਹੀ ਇਕ ਲਾਸ਼ ਦੇਖੀ ਗਈ ਹੈ, ਜੋ ਕਿ ਇਕ ਨੌਜਵਾਨ ਲੜਕੇ ਦੀ ਹੈ। ਸਹਾਰਾ ਵਰਕਰ ਤੁਰੰਤ ਮੌਕੇ 'ਤੇ ਪਹੁੰਚੇ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਇਹ ਸਤਿੰਦਰਪਾਲ ਸਿੰਘ ਦੀ ਹੀ ਲਾਸ਼ ਹੈ, ਜੋ ਸਵੇਰ ਤੋਂ ਹੀ ਗਾਇਬ ਸੀ। ਪੀੜਤ ਪਰਿਵਾਰ ਅਤੇ ਥਾਣਾ ਨੇਹੀਆਂਵਾਲਾ ਪੁਲਸ ਵੀ ਮੌਕੇ 'ਤੇ ਪਹੁੰਚ ਗਈ, ਜਿਸ ਦੀ ਨਿਗਰਾਨੀ 'ਚ ਸਹਾਰਾ ਵਰਕਰਾਂ ਨੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਸਥਿਤੀ ਦਾ ਜਾਇਜ਼ਾ ਲੈਣ 'ਤੇ ਇੰਝ ਜਾਪਦਾ ਹੈ ਕਿ ਉਕਤ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।
ਕੀ ਕਹਿਣਾ ਹੈ ਪਿਤਾ ਦਾ
ਮ੍ਰਿਤਕ ਦੇ ਪਿਤਾ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਫਿਰ ਵੀ ਸ਼ੱਕ ਹੈ ਕਿ ਸਤਿੰਦਰਪਾਲ ਸਿੰਘ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਕਿੱਕਰ 'ਤੇ ਲਟਕਾ ਦਿੱਤਾ ਗਿਆ ਤਾਂ ਕਿ ਖੁਦਕੁਸ਼ੀ ਦਾ ਮਾਮਲਾ ਬਣਾਇਆ ਜਾ ਸਕੇ। ਅਜਿਹਾ ਸ਼ੱਕ ਇਸ ਲਈ ਜ਼ਾਹਰ ਕੀਤਾ ਗਿਆ ਹੈ ਕਿ ਸਤਿੰਦਰਪਾਲ ਸਿੰਘ ਪੜ੍ਹਿਆ-ਲਿਖਿਆ ਤੇ ਅਗਾਂਹ-ਵਧੂ ਸੋਚ ਵਾਲਾ ਸੀ। ਉਸ ਦੇ ਪਰਿਵਾਰ ਸਿਰ ਕੋਈ ਕਰਜ਼ਾ ਵੀ ਨਹੀਂ ਹੈ। ਉਸ ਦੇ ਖੁਦਕੁਸ਼ੀ ਕਰਨ ਦਾ ਇਕ ਵੀ ਕਾਰਨ ਸਾਹਮਣੇ ਨਹੀਂ ਆ ਰਿਹਾ।
ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ : ਥਾਣਾ ਮੁਖੀ
ਥਾਣਾ ਨੇਹੀਆਂਵਾਲਾ ਦੇ ਮੁਖੀ ਅੰਗਰੇਜ਼ ਸਿੰਘ ਤੇ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਰੇਸ਼ਮ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਤਿੰਦਰਪਾਲ ਸਿੰਘ ਦਾ ਕਤਲ ਹੋਇਆ ਹੈ। ਇਸ ਲਈ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 302 ਤਹਿਤ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਡੂੰਘਾਈ ਨਾਲ ਆਰੰਭ ਦਿੱਤੀ ਹੈ।
ਜਗ ਬਾਣੀ ਨੇ ਪਹਿਲਾਂਹੀ ਕੀਤਾ ਸੀ ਚੌਕਸ
ਕਰੀਬ ਡੇਢ ਮਹੀਨਾ ਪਹਿਲਾਂ ਜਗ ਬਾਣੀ ਨੇ ਇਕ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਵਿਵਾਦਾਂ ਵਿਚ ਚੱਲ ਰਹੀ ਪਰਲਜ਼ ਕਾਲੋਨੀ ਬੁਰੀ ਤਰ੍ਹਾਂ ਉਜੜੀ ਪਈ ਹੈ, ਜਿਥੇ ਅਕਸਰ ਚੋਰ ਕਿਸਮ ਦੇ ਲੋਕ ਘੁੰਮਦੇ ਰਹਿੰਦੇ ਹਨ, ਜੋ ਇਸ ਦੇ ਕਲੱਬ 'ਚੋਂ ਬਹੁਤ ਸਾਰਾ ਕੀਮਤੀ ਸਾਮਾਨ ਚੋਰੀ ਵੀ ਕਰ ਚੁੱਕੇ ਹਨ। ਕੁਲ ਮਿਲਾ ਕੇ ਇਹ ਚੋਰ-ਲੁਟੇਰਿਆਂ ਦੀ ਛੁਪਣਗਾਹ ਵੀ ਬਣ ਚੁੱਕੀ ਹੈ। ਇਸ ਲਈ ਜ਼ਰੂਰਤ ਹੈ ਕਿ ਪੁਲਸ ਇਥੋਂ ਦੀ ਨਿਗਰਾਨੀ ਵੱਲ ਧਿਆਨ ਦੇਵੇ ਕਿਉਂਕਿ ਇਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜੇਕਰ ਕਾਲੋਨੀ 'ਤੇ ਨਿਗਰਾਨੀ ਹੁੰਦੀ ਤਾਂ ਸ਼ਾਇਦ ਉਕਤ ਘਟਨਾ ਨਾ ਵਾਪਰਦੀ।
ਕੈਪਟਨ ਨਹੀਂ ਸਗੋਂ 25 ਸਾਲ ਰਾਜ ਕਰਾਂਗੇ ਕਹਿਣਾ ਵਾਲਾ ਸੁਖਬੀਰ ਹੰਕਾਰੀ
NEXT STORY