ਮਾਨਸਾ (ਜੱਸਲ)-ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਵਿਰੋਧ 'ਚ ਅੱਜ ਜ਼ਿਲੇ ਦੀਆਂ ਵੱਖ-ਵੱਖ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰ ਕੇ ਫਿਰਕੂ ਫਾਸੀਵਾਦੀ ਤਾਕਤਾਂ ਦਾ ਪੁਤਲਾ ਸਾੜਿਆ ਗਿਆ। ਇਸ ਦੌਰਾਨ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਤਹਿਸੀਲਦਾਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਹੁਣ ਤੱਕ ਹੋਏ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦੇ ਕਤਲਾਂ ਦੀ ਜਾਂਚ ਲਈ ਬਣਾਈਆਂ ਵਿਸ਼ੇਸ਼ ਟੀਮਾਂ ਫੇਲ ਸਾਬਤ ਹੋਈਆਂ ਹਨ। ਇਸ ਲਈ ਇਨ੍ਹਾਂ ਕਤਲਾਂ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਇਹ ਵੀ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਕਤਲਾਂ ਪਿੱਛੇ ਵਾਰ-ਵਾਰ ਸਨਾਤਨ ਸੰਸਥਾਵਾਂ ਦਾ ਨਾਮ ਆਉਣ ਕਾਰਨ ਇਨ੍ਹਾਂ ਸੰਸਥਾਵਾਂ 'ਤੇ ਪਾਬੰਦੀ ਲਗਾਈ ਜਾਵੇ।
ਇਸ ਵਿਰੋਧ ਪ੍ਰਦਰਸ਼ਨ ਦੌਰਾਨ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਫਿਰਕੂ ਫਾਸੀਵਾਦੀ ਦੀ ਹਾਰ ਅਟੱਲ ਹੈ ਪਰ ਇਸ ਦਾ ਮੁਕਾਬਲਾ ਵਿਗਿਆਨਕ ਵਿਚਾਰਧਾਰਾ ਨਾਲ ਲੈਸ ਹੋ ਕੇ ਸਮੂਹ ਇਨਸਾਫ ਪਸੰਦ ਅਤੇ ਜਮਹੂਰੀ ਲੋਕਾਂ ਦੀ ਏਕਤਾ ਨਾਲ ਹੀ ਹੋ ਸਕਦਾ ਹੈ। ਜੁਟਾਨ ਪੰਜਾਬ ਵੱਲੋਂ ਰਾਜਵਿੰਦਰ ਮੀਰ ਅਤੇ ਕੁਲਵਿੰਦਰ ਬੱਛੋਆਣਾ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਕਤਲਾਂ ਰਾਹੀਂ ਵਿਚਾਰ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਵਿਰੋਧ ਪ੍ਰਦਰਸ਼ਨ ਨੂੰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸਿਕੰਦਰ ਘਰਾਂਗਣਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਅਮੋਲਕ ਡੇਲੂਆਣਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾ. ਸਤਪਾਲ ਰਿਸ਼ੀ, ਡਾ. ਹਰਚੰਦ ਸਿੰਘ ਮੱਤੀ, ਬਜ਼ੁਰਗ ਸਾਹਿਤਕਾਰ ਜਸਵੀਰ ਢੰਡ, ਨੌਜਵਾਨ ਐਕਟੀਵਿਸਟ ਗੁਰਦੀਪ ਝੁਨੀਰ, ਦਰਸ਼ਨ ਜੋਗਾ, ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਜ਼ਿਲਾ ਸਕੱਤਰ ਕਾ. ਗੁਰਜੰਟ ਸਿੰਘ ਮਾਨਸਾ, ਅਮਰੀਕ ਸਿੰਘ ਸਮਾਓ, ਆਇਸਾ ਦੇ ਆਗੂ ਪ੍ਰਦੀਪ ਗੁਰੂ, ਇਨਕਲਾਬੀ ਨੌਜਵਾਨ ਸਭਾ ਬਿੰਦਰ ਔਲਖ, ਏਕਟੂ ਦੇ ਜਰਨੈਲ ਮਾਨਸਾ, ਪੰਜਾਬ ਕਿਸਾਨ ਯੂਨੀਅਨ ਦੇ ਸੁਰਜੀਤ ਹੈਪੀ, ਜੀਵਨ ਬੱਪੀਆਣਾ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਮਾਨ ਸ਼ਾਮਿਲ ਸਨ।
ਮੀਡੀਆ ਕਰਮਚਾਰੀਆਂ ਨੇ ਕੀਤਾ ਰੋਸ ਮਾਰਚ
ਕਰਨਾਟਕ ਦੇ ਬੈਂਗਲੁਰੂ ਤੋਂ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਜ਼ਿਲਾ ਮੀਡੀਆ ਕਲੱਬ ਵੱਲੋਂ ਜਗਦੀਸ਼ ਬਾਂਸਲ ਦੀ ਅਗਵਾਈ ਹੇਠ ਪੱਤਰਕਾਰਾਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ 'ਚ ਮੀਡੀਆ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਕਲੱਬਾਂ, ਸਮਾਜਿਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਇਹ ਰੋਸ ਮਾਰਚ ਮਾਨਸਾ ਦੇ ਠੀਕਰੀਵਾਲਾ ਚੌਕ ਤੋਂ ਸ਼ੁਰੂ ਹੋ ਕੇ ਡੀ. ਸੀ. ਦਫਤਰ ਅੱਗੇ ਪਹੁੰਚਣ ਉਪਰੰਤ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕਰ ਕੇ ਪੱਤਰਕਾਰ ਗੌਰੀ ਲੰਕੇਸ਼ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਗਈ। ਮੀਡੀਆ ਕਲੱਬ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਇਕ ਮੰਗ ਪੱਤਰ ਡੀ. ਸੀ. ਮਾਨਸਾ ਧਰਮਪਾਲ ਗੁਪਤਾ ਨੂੰ ਸੌਂਪਿਆ ਗਿਆ।
ਅਕੈਡਮੀ ਸੰਚਾਲਕਾਂ 'ਤੇ ਰੋਲ ਨੰਬਰ ਨਾ ਦੇਣ ਦਾ ਦੋਸ਼
NEXT STORY