ਅੰਮ੍ਰਿਤਸਰ, (ਨੀਰਜ)- ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੀ ਵਿਕਰੀ 'ਤੇ ਐੱਨ. ਓ. ਸੀ. ਲਾਉਣਾ ਲਾਜ਼ਮੀ ਕਰਨ ਦੇ ਹੁਕਮ ਤੋਂ ਬਾਅਦ ਜਿਥੇ ਤਹਿਸੀਲਾਂ ਅਤੇ ਸਬ-ਤਹਿਸੀਲਾਂ 'ਚ ਵੀਰਾਨਗੀ ਛਾਈ ਸਾਫ਼ ਨਜ਼ਰ ਆ ਰਹੀ ਹੈ, ਉਥੇ ਹੀ ਅੰਮ੍ਰਿਤਸਰ ਜ਼ਿਲੇ ਦੇ 400 ਤੋਂ ਵੱਧ ਵਸੀਕਾ ਨਵੀਸਾਂ, ਅਸ਼ਟਾਮ ਫਰੋਸ਼ਾਂ ਤੇ ਤਹਿਸੀਲਾਂ ਵਿਚ ਕੰਮ ਕਰਨ ਵਾਲੇ ਹੋਰ ਕਾਰੋਬਾਰੀਆਂ ਦੀ ਰੋਜ਼ੀ-ਰੋਟੀ 'ਤੇ ਸੰਕਟ ਦੇ ਬਾਦਲ ਛਾ ਗਏ ਹਨ। ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਖਿਲਾਫ ਅੱਜ ਵਸੀਕਾ ਨਵੀਸ ਯੂਨੀਅਨ ਵੱਲੋਂ ਤਹਿਸੀਲ ਅੰਮ੍ਰਿਤਸਰ ਵਿਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਜਾਣਕਾਰੀ ਅਨੁਸਾਰ ਜ਼ਿਲਾ ਪ੍ਰਧਾਨ ਵਸੀਕਾ ਨਵੀਸ ਯੂਨੀਅਨ ਨਰੇਸ਼ ਸ਼ਰਮਾ ਤੇ ਹੋਰ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸਰਕਾਰ ਨੂੰ ਜੰਮ ਕੇ ਕੋਸਿਆ ਅਤੇ ਸੋਮਵਾਰ ਤੋਂ ਅਣਮਿੱਥੀ ਹੜਤਾਲ ਦਾ ਵੀ ਐਲਾਨ ਕਰ ਦਿੱਤਾ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੰਜਾਬ ਸਰਕਾਰ ਐੱਨ. ਓ. ਸੀ. ਦੇ ਮਾਮਲੇ ਵਿਚ ਆਪਣੀ ਨੀਤੀ ਸਪੱਸ਼ਟ ਨਹੀਂ ਕਰਦੀ ਤੇ ਅੰਮ੍ਰਿਤਸਰ ਜ਼ਿਲੇ ਦੀਆਂ ਗੈਰ-ਕਾਨੂੰਨੀ ਅਤੇ ਨਿਯਮਕ ਕਾਲੋਨੀਆਂ ਦੀ ਲਿਸਟ ਜਾਰੀ ਨਹੀਂ ਕਰਦੀ ਹੈ ਤਦ ਤੱਕ ਉਹ ਕਿਸੇ ਵੀ ਪ੍ਰਕਾਰ ਦੀ ਰਜਿਸਟਰੀ ਨਹੀਂ ਕਰਨਗੇ। ਯੂਨੀਅਨ ਨੇਤਾਵਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕੋਲ ਹੁਣ ਤੱਕ ਗੈਰ-ਕਾਨੂੰਨੀ ਅਤੇ ਨਿਯਮਕ ਕਾਲੋਨੀਆਂ ਦੀ ਲਿਸਟ ਹੀ ਨਹੀਂ ਹੈ, ਜਦੋਂ ਕਿ ਪ੍ਰਸ਼ਾਸਨ ਕੋਲ ਅਜਿਹੀ ਲਿਸਟ ਹੋਣਾ ਲਾਜ਼ਮੀ ਹੈ।
ਸਰਕਾਰ ਵੱਲੋਂ ਐੱਨ. ਓ. ਸੀ. ਦੇ ਸਬੰਧ 'ਚ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਹ ਸਪੱਸ਼ਟ ਨਹੀਂ ਹੈ, ਇਹ ਨਹੀਂ ਦੱਸਿਆ ਜਾ ਰਿਹਾ ਕਿ 1995 ਤੋਂ ਪਹਿਲਾਂ ਦੀਆਂ ਕਾਲੋਨੀਆਂ ਨਾਲ ਐੱਨ. ਓ. ਸੀ. ਲਾਈ ਜਾਣੀ ਹੈ ਜਾਂ ਨਹੀਂ। ਨਗਰ ਨਿਗਮ ਵੱਲੋਂ ਪਹਿਲਾਂ ਜਾਰੀ ਕੀਤੀ ਜਾ ਚੁੱਕੀ ਐੱਨ. ਓ. ਸੀ. ਸਮਰੱਥ ਹੈ ਜਾਂ ਨਹੀਂ, ਇਸ ਤੋਂ ਇਲਾਵਾ ਜਿਨ੍ਹਾਂ ਕਾਲੋਨੀਆਂ ਵਿਚ ਇਸ ਸਮੇਂ ਨਿਗਮ ਵੱਲੋਂ ਸੀਵਰੇਜ, ਪਾਣੀ ਤੇ ਬਿਜਲੀ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਉਹ ਗੈਰ-ਕਾਨੂੰਨੀ ਕਾਲੋਨੀਆਂ ਦੇ ਦਾਇਰੇ ਵਿਚ ਆਉਂਦੀ ਹੈ ਜਾਂ ਨਹੀਂ?
ਸਰਕਾਰ ਤੋਂ ਜ਼ਮੀਨਾਂ ਦੇ ਲੈਣ-ਦੇਣ ਵਿਚ ਐੱਨ. ਓ. ਸੀ. ਲਾਗੂ ਕਰਨ ਤੋਂ ਬਾਅਦ ਜ਼ਿਲੇ ਵਿਚ ਇਕ ਹਜ਼ਾਰ ਤੋਂ ਵੱਧ ਰਜਿਸਟਰੀਆਂ ਫਸ ਗਈਆਂ ਹਨ। ਇਹ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਐੱਨ. ਓ. ਸੀ. ਨਹੀਂ ਹੈ ਅਤੇ ਇਨ੍ਹਾਂ ਨੂੰ ਨਵੀਂ ਐੱਨ. ਓ. ਸੀ. ਵੀ ਨਹੀਂ ਮਿਲ ਰਹੀ। ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਸਖ਼ਤ ਹੁਕਮ ਹਨ ਕਿ ਉਹ ਐੱਨ. ਓ. ਸੀ. ਤੋਂ ਬਿਨਾਂ ਰਜਿਸਟਰੀ ਨਾ ਕਰਨ ਤੇ ਉਹ ਇਸ ਆਦੇਸ਼ ਦਾ ਪਾਲਣ ਵੀ ਕਰ ਰਹੇ ਹਨ।
ਅਧਿਕਾਰੀਆਂ ਨੂੰ ਵੀ ਐੱਨ. ਓ. ਸੀ. ਦੇ ਨੋਟੀਫਿਕੇਸ਼ਨ ਦੀ ਸਪੱਸ਼ਟ ਜਾਣਕਾਰੀ ਨਹੀਂ ਹੈ ਅਤੇ ਉਹ ਵੀ ਡਰ ਵਿਚ ਕੰਮ ਕਰ ਰਹੇ ਹਨ ਕਿ ਕਿਤੇ ਉਨ੍ਹਾਂ ਕੋਲ ਕੋਈ ਗਲਤੀ ਨਾ ਹੋ ਜਾਵੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਵੀ ਆਦੇਸ਼ ਦਿੱਤੇ ਗਏ ਹਨ ਉਹ ਉਨ੍ਹਾਂ ਦਾ ਪਾਲਣ ਕਰ ਰਹੇ ਹਨ।
ਯਾਰਨ ਬ੍ਰੋਕਰ ਦੀ ਪਤਨੀ ਨੂੰ ਬੇਹੋਸ਼ ਕਰ ਕੇ ਲੈ ਉੱਡੇ 15 ਤੋਲੇ ਸੋਨਾ ਤੇ ਕੈਸ਼
NEXT STORY