ਅੰਮ੍ਰਿਤਸਰ, (ਦਲਜੀਤ ਸ਼ਰਮਾ)- ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ. ਸੀ. ਐੱਮ. ਐੱਸ.) ਦੀ ਅੰਮ੍ਰਿਤਸਰ ਇਕਾਈ ਨੇ ਸਰਕਾਰ ਦੇ ਉਸ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ, ਜਿਸ ਵਿਚ ਡਾਕਟਰਾਂ ਨੂੰ ਦਿੱਤੇ ਜਾਣ ਵਾਲੇ ਨਾਨ ਪ੍ਰੈਕਟਿਸ ਅਲਾਊਂਸ (ਐੱਨ. ਪੀ. ਏ.) ਨੂੰ ਬੰਦ ਕੀਤੇ ਜਾਣ ਸਬੰਧੀ ਗੱਲ ਕੀਤੀ ਗਈ ਹੈ। ਸਿਵਲ ਸਰਜਨ ਦਫ਼ਤਰ 'ਚ ਹੋਈ ਇਕ ਬੈਠਕ ਦੌਰਾਨ ਪੀ. ਸੀ. ਐੱਮ. ਐੱਸ. ਦੇ ਜ਼ਿਲਾ ਪ੍ਰਧਾਨ ਡਾ. ਮਦਨ ਮੋਹਨ ਨੇ ਕਿਹਾ ਕਿ ਐੱਨ. ਪੀ. ਏ. ਡਾਕਟਰਾਂ ਨੂੰ ਮਿਲਣ ਵਾਲੀ ਤਨਖਾਹ ਦਾ ਹਿੱਸਾ ਹੈ, ਉਹ ਕੋਈ ਵੱਖ ਨਹੀਂ ਹੈ।
ਉਨ੍ਹਾਂ ਕਿਹਾ ਕਿ ਡਾਕਟਰ ਮਰੀਜ਼ਾਂ ਨੂੰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ, ਜਦੋਂ ਕਿ ਦੂਜੀ ਕਿਸੇ ਨੌਕਰੀ ਵਿਚ ਇਸ ਤਰ੍ਹਾਂ ਦੀ ਸਰਵਿਸ ਨਹੀਂ ਦਿੱਤੀ ਜਾਂਦੀ। ਕਈ ਗੰਭੀਰ ਬੀਮਾਰੀਆਂ ਦਾ ਇਲਾਜ ਕਰਦੇ ਸਮੇਂ ਡਾਕਟਰ ਨੂੰ ਵੀ ਬੀਮਾਰੀਆਂ ਨੂੰ ਹੋਣ ਦਾ ਡਰ ਰਹਿੰਦਾ ਹੈ ਪਰ ਸਰਕਾਰਾਂ ਹਰ ਵਾਰ ਡਾਕਟਰਾਂ ਦੀ ਐੱਨ. ਪੀ. ਏ. ਨੂੰ ਲੈ ਕੇ ਉਨ੍ਹਾਂ ਖਿਲਾਫ ਨੀਤੀਆਂ ਬਣਾਉਣ ਵਿਚ ਲੱਗੀਆਂ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਵਾਰ-ਵਾਰ ਸਿਹਤ ਵਿਭਾਗ ਵੱਲੋਂ ਸਪੈਸ਼ਿਲਸਟ ਦੀਆਂ ਨੌਕਰੀਆਂ ਦੇ ਇਸ਼ਤਿਹਾਰ ਦਿੱਤੇ ਜਾਣ ਦੇ ਬਾਵਜੂਦ ਕੋਈ ਵੀ ਸਪੈਸ਼ਿਲਸਟ ਡਾਕਟਰ ਸਰਕਾਰੀ ਨੌਕਰੀ ਕਰਨ ਨੂੰ ਤਿਆਰ ਨਹੀਂ ਹੈ, ਜਦੋਂ ਕਿ ਨਿੱਜੀ ਸੈਕਟਰ ਵਿਚ ਇਹ ਡਾਕਟਰ ਕੰਮ ਕਰਨਾ ਪਸੰਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪਹਿਲਾਂ ਹੀ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਹੈ, ਜੇਕਰ ਐੱਨ. ਪੀ. ਏ. ਬੰਦ ਕੀਤੇ ਜਾਣ ਅਤੇ ਡਾਕਟਰਾਂ ਦੇ ਵਿਰੋਧ ਵਿਚ ਇਸ ਤਰ੍ਹਾਂ ਦੇ ਫੈਸਲੇ ਲਏ ਗਏ ਤਾਂ ਡਾਕਟਰ ਜੋ ਪਹਿਲਾਂ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਦਾ ਮਿਆਰ ਵੀ ਡਿੱਗੇਗਾ, ਜਿਸ ਨਾਲ ਉਹ ਸਖਤ ਕਦਮ ਚੁੱਕਣ ਨੂੰ ਮਜਬੂਰ ਹੋ ਜਾਣਗੇ। ਸਰਕਾਰ ਦੱਸੇ ਕਿ ਜਦੋਂ ਕਿਤੇ ਕੁਦਰਤੀ ਤ੍ਰਾਸਦੀ ਵਾਪਰਦੀ ਹੈ ਤਾਂ ਅਜਿਹੇ ਮੌਕੇ 'ਤੇ ਸਭ ਤੋਂ ਪਹਿਲਾਂ ਡਾਕਟਰਾਂ ਦੀਆਂ ਟੀਮਾਂ ਬਣਾ ਕੇ ਭੇਜੀਆਂ ਜਾਂਦੀਆਂ ਹਨ ਜਾਂ ਕਿਤੇ ਮਹਾਮਾਰੀ ਫੈਲਦੀ ਹੈ ਤਾਂ ਮਰੀਜ਼ਾਂ ਦਾ ਇਲਾਜ ਵੀ ਡਾਕਟਰ ਹੀ ਕਰਦੇ ਹਨ। ਇਸ ਤਰ੍ਹਾਂ ਡਾਕਟਰਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਨੂੰ ਡਿਮੋਰੇਲਾਈਜ਼ ਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਡਾਕਟਰਾਂ ਨੂੰ ਮਿਲਣ ਵਾਲਾ ਐੱਨ. ਪੀ. ਏ. ਬੰਦ ਕੀਤਾ ਗਿਆ ਤਾਂ ਪ੍ਰਦੇਸ਼ ਵਿਚ ਡਾਕਟਰ ਸੜਕਾਂ 'ਤੇ ਉਤਰ ਆਉਣਗੇ।
ਇਸ ਮੌਕੇ ਡਾ. ਸੁਨੀਲ ਭਾਰਦਵਾਜ, ਡਾ. ਸਤਨਾਮ ਸਿੰਘ, ਡਾ. ਭਾਰਤੀ ਧਵਨ, ਡਾ. ਮਨੋਰੰਜਨ ਕਾਲੀਆ, ਡਾ. ਰਾਮ ਸਿੰਘ ਆਦਿ ਮੌਜੂਦ ਸਨ।
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY