ਝਬਾਲ (ਲਾਲੂਘੁੰਮਣ, ਬਖਤਾਵਰ, ਭਾਟੀਆ,ਨਰਿੰਦਰ) - ਪੁਲਸ ਐਨਕਾਂਊਟਰ 'ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਦੇ ਸਾਥੀ ਗੁਰਪ੍ਰੀਤ ਸਿੰਘ ਕੌੜਾ ਨੂੰ ਪਨਾਹ ਦੇਣ ਅਤੇ ਆਰਥਿਕ ਸਹਾਇਤਾ ਦੇਣ ਦੇ ਮਾਮਲੇ 'ਚ ਨੌਜਵਾਨ ਅੰਮ੍ਰਿਤਪਾਲ ਸਿੰਘ ਬਾਠ ਅਤੇ ਉਸਦੇ ਸਾਥੀ ਲਵਪ੍ਰੀਤ ਸਿੰਘ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਮਾਣਯੋਗ ਏ. ਸੀ. ਜੇ. ਐੱਮ. ਸ੍ਰੀ ਰਾਣਾ ਕੰਵਲਦੀਪ ਕੌਰ ਦੀ ਅਦਾਲਤ ਵੱਲੋਂ ਐੱਡਵੋਕੇਟ ਜੇ. ਐੱਸ. ਢਿੱਲੋਂ ਦੀਆਂ ਦਲੀਲਾਂ ਤਹਿਤ ਇਹ ਫੈਸਲਾ ਲਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਬਾਠ ਦੇ ਪਿਤਾ ਸਤਨਾਮ ਸਿੰਘ ਨੂੰ ਅਸਲਾ ਐਕਟ ਦੇ ਦਰਜ ਕੇਸ ਚੋਂ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਜ਼ੇਲ ਚੋਂ ਰਿਹਾਅ ਹੋ ਕੇ ਆਏ ਅੰਮ੍ਰਿਤਪਾਲ ਸਿੰਘ ਬਾਠ ਨੇ ਸ਼ਨਿੱਚਰਵਾਰ ਨੂੰ ਪੱਤਰਕਾਰ ਸੰਮੇਲਣ ਦੌਰਾਨ ਅਹਿਮ ਖੁਲਾਸੇ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਦੋਸ਼ ਲਾਏ ਹਨ। ਉਸ ਨੇ ਕਿਹਾ ਕਿ ਸਰਕਾਰ ਨੌਜਵਾਨਾਂ 'ਤੇ ਨਾਜਾਇਜ਼ ਝੂਠੇ ਕੇਸ ਕਰਕੇ ਉਨ੍ਹਾਂ ਨੂੰ ਗੈਂਗਸਟਰ ਬਨ੍ਹਣ ਦੇ ਰਾਹ ਪਾ ਰਹੀ ਹੈ। ਉਸ ਨੇ ਥਾਣਾ ਝਬਾਲ ਦੀ ਪੁਲਸ ਵੱਲੋਂ ਉਸ 'ਤੇ ਦਰਜ ਕੀਤੇ ਕੇਸ ਨੂੰ ਝੂਠਾ 'ਤੇ ਬੇਬੁਨਿਆਦ ਦੱਸਦਿਆਂ ਅਦਾਲਤ ਕੋਲੋਂ ਦਿਵਾਏ ਇੰਨਸਾਫ ਲਈ ਐੱਡਵੋਕੇਟ ਜੇ. ਐੱਸ. ਢਿੱਲੋਂ ਦਾ ਧੰਨਵਾਦ ਕੀਤਾ। ਸਰਪੰਚ ਵਰਿਆਮ ਸਿੰਘ, ਗੁਰਮੇਜ ਸਿੰਘ ਮਾਨਕਪੁਰਾ, ਗੁਰਪਾਲ ਸਿੰਘ ਮੀਆਂਪੁਰ, ਰਛਪਾਲ ਸਿੰਘ ਮੀਆਂਪੁਰ, ਸੁਰਜੀਤ ਸਿੰਘ ਚੀਮਾ, ਸ਼ਮਸ਼ੇਰ ਸਿੰਘ, ਅਜਮੇਰ ਸਿੰਘ ਮਾਨਪੁਰਾ, ਰਾਜਬੀਰ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਦੀ ਹਾਜ਼ਰੀ 'ਚ ਬਾਠ ਨੇ ਦੱਸਿਆ ਕਿ ਥਾਣਾ ਝਬਾਲ ਦੀ ਪੁਲਸ ਵੱਲੋਂ ਕਥਿਤ ਸਿਆਸੀ ਸ਼ੈਅ 'ਤੇ ਬੀਤੀ 28 ਜਨਵਰੀ ਨੂੰ ਉਸ ਸਮੇਤ ਉਸਦੇ ਪਿਤਾ ਸਤਨਾਮ ਸਿੰਘ ਅਤੇ ਭੈਣ ਰਾਜਬੀਰ ਕੌਰ ਨੂੰ ਅੱਧੀ ਰਾਤ ਘਰੋਂ ਚੁੱਕ ਕੇ ਥਾਣੇ 'ਚ ਬੰਦ ਕਰ ਦਿੱਤਾ ਗਿਆ। ਦੇਰ ਸ਼ਾਮ ਭਾਂਵੇ ਉਸਦੇ ਪਿਤਾ 'ਤੇ ਭੈਣ ਨੂੰ ਪੁਲਸ ਨੇ ਛੱਡ ਦਿੱਤਾ ਪਰ ਉਸ ਅਤੇ ਉਸਦੇ ਰਿਸ਼ਤੇਦਾਰ ਲਵਪ੍ਰੀਤ ਸਿੰਘ ਲਵ ਉਪਰ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਆਰਥਿਕ ਸਹਾਇਤਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਪਰ ਮਾਣਯੋਗ ਅਦਾਲਤ ਨੇ 9 ਫਰਵਰੀ ਤੱਕ ਨਿਆਂਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਸੀ। ਉਸ ਨੇ ਦੱਸਿਆ ਕਿ ਉਸਦੇ ਪਿਤਾ ਸਤਨਾਮ ਸਿੰਘ ਵਿਰੋਧ ਵੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਨਾਜਾਇਜ਼ ਅਸਲੇ ਦਾ ਝੂਠਾ ਕੇਸ ਦਰਜ ਕੀਤਾ ਸੀ। ਬਾਠ ਨੇ ਦੱਸਿਆ ਕਿ ਉਹ ਵਿੱਕੀ ਗਾਂਊਡਰ ਨੂੰ ਜਾਣਦਾ ਤੱਕ ਨਹੀਂ ਪਰ ਕੁਝ ਸਿਆਸੀ ਬੰਦਿਆਂ ਦੇ ਇਸ਼ਾਰੇ 'ਤੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ।

ਬਾਠ ਮਾਮਲੇ 'ਚ ਸਰਕਾਰ 'ਤੇ ਪੁਲਸ ਤੋਂ ਮੰਗਿਆ ਹੈ ਅਦਾਲਤ ਨੇ ਜੁਆਬ : ਐੱਡਵੋਕੇਟ ਢਿੱਲੋਂ
ਫੌਜਦਾਰੀ ਮਾਮਲਿਆਂ ਦੇ ਪ੍ਰਸਿੱਧ ਵਕੀਲ ਅਤੇ ਅੰਮ੍ਰਿਤਪਾਲ ਸਿੰਘ ਬਾਠ ਦਾ ਕੇਸ ਲੜ ਰਹੇ ਐੱਡਵੋਕੇਟ ਜੇ. ਐੱਸ. ਢਿੱਲੋਂ ਨੇ ਦੱਸਿਆ ਕਿ ਜਿਨ੍ਹਾਂ ਧਾਰਾਵਾਂ ਤਹਿਤ ਬਾਠ 'ਤੇ ਥਾਣਾ ਝਬਾਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ, ਉਸ 'ਤੇ ਮਾਣਯੋਗ ਏ. ਸੀ. ਜੇ. ਐੱਮ. ਸ੍ਰੀ ਰਾਣਾ ਕੰਵਲਦੀਪ ਕੌਰ ਨੇ ਸਵਾਲ ਖੜ੍ਹੇ ਕੀਤੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਸ ਤੋਂ ਜੁਆਬ ਤਲਬੀ ਕਰਦਿਆਂ ਝਾੜ ਵੀ ਪਾਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਅੰਮ੍ਰਿਤਪਾਲ ਸਿੰਘ ਬਾਠ ਦਾ ਪੂਰੇ ਪੰਜਾਬ 'ਚ ਇਹ ਪਹਿਲਾ ਕੇਸ ਹੋਵੇਗਾ, ਜਿਸ 'ਚ ਜਿਥੇ ਮਾਣਯੋਗ ਅਦਾਲਤ ਵੱਲੋਂ ਅਜਿਹੇ ਦਰਜ ਕੇਸ ਦੇ ਕਥਿਤ ਦੋਸ਼ੀਆਂ ਦਾ ਪੁਲਸ ਨੂੰ ਰਿਮਾਂਡ ਦੇਣ ਤੋਂ ਮਨ੍ਹਾਂ ਕੀਤਾ ਗਿਆ ਹੋਵੇ, ਉਥੇ ਹੀ 5 ਦਿਨਾਂ ਬਾਅਦ ਕਥਿਤ ਮੁਜ਼ਰਮਾਂ ਨੂੰ ਅੰਤਰਿਮ ਰਾਹਤ ਦਿੰਦਿਆਂ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹੋਣ। ਐੱਡਵੋਕੇਟ ਢਿੱਲੋਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਬਾਠ ਦੇ ਪਿਤਾ ਸਤਨਾਮ ਸਿੰਘ ਨੂੰ ਨਜਾਇਜ਼ ਅਸਲਾ ਐੱਕਟ ਦੇ ਕੇਸ ਚੋਂ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ।
ਪ੍ਰਦੂਸ਼ਣ ਬਾਰੇ ਕੇਂਦਰ ਸਰਕਾਰ ਦੀ ਸਬਸਿਡੀ ਯੋਜਨਾ ਅਫਸਰਸ਼ਾਹੀ ਦਾ ਸ਼ਿਕਾਰ ਨਾ ਹੋ ਜਾਵੇ?
NEXT STORY